ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/193

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਗਾ, ਕਹੀ ਲਿਆ ਫੇਰ ਕਿੱਥੇ ਐ?

ਇਹ ਬਣੀ ਨਾ ਗੱਲ। ਕਹਿ ਕੇ ਭਾਗੂ ਨੇ ਪੁੱਛਿਆ, ਕੈਲਾ ਨਹੀਂ ਮੁੜਿਆ ਹਾਲੇ? ਕਹਿੰਦਾ ਸੀ, ਘਰੇ ਜਾ ਆਵਾਂ ਮਾੜਾ ਜ੍ਹਾ।

ਉਹ ਦਾ ਮੁੜਨ ਐਸਾ-ਵੈਸਾ ਈ ਐ। ਚੰਦੋ ਕਹਿ ਕੇ ਹਟੀ ਹੀ ਸੀ ਕਿ ਕੈਲਾ ਆ ਗਿਆ। ਆਉਣ ਸਾਰ ਲੱਗਿਆ, ਇੱਟਾਂ ਤਾਂ ਤਾਈ ਸੱਚ ਚਾਚੀ, ਔਹ ਜਿਹੜੀਆਂ ਖੂੰਜੇ ਪਈਆਂ ਨੇ, ਨਵੀਆਂ, ਉਹ ਲਾਈਏ ਹੁਣ?

ਹੋਰ ਹੁਣ-ਹਜ਼ਾਰ ਇੱਟ ਇਹ ਸੂਬੇਦਾਰ ਨੇ ਏਸ ਕੰਧ ਵਾਸਤੇ ਈ ਲੈ ਕੇ ਰੱਖੀ ਸੀ। ਚੰਦੋ ਨੇ ਕਿਹਾ।

ਚੰਗਾ ਚਾਚੀ, ਤੂੰ ਕਾਰੀਗਰ ਵਾਸਤੇ ਚਾਹ ਬਣਾ ਤਿੱਖੀ ਜ੍ਹੀ ਮੈਂ ਤੇ ਚਰਨ ਨੀਂਹ ਹੁਣ ਪੁੱਟ ਦਿਨੇ ਆਂ-ਮਿੰਟਾਂ ਦੇ ਸ੍ਹਾਬ। ਕੈਲੇ ਨੇ ਆਖਿਆ। ਦੂਜੀ ਸਬ੍ਹਾਤ ਵਿੱਚੋਂ ਉਹ ਸੱਬਲ ਲੈਣ ਚਲਿਆ ਗਿਆ। ਆਉਂਦਾ ਹੋਇਆ ਕਹੀ ਵੀ ਚੁੱਕ ਲਿਆਇਆ।

ਚੰਦੋਂ ਚਾਹ ਬਣਾਉਣ ਲਈ ਵੱਡੇ ਡੱਬਕੂ ਵਿੱਚ ਪਾਣੀ ਦੇ ਗਲਾਸ ਪਾਉਣ ਲੱਗੀ। ਤੇਸੀ ਵਿੱਚੋਂ ਚੰਡ ਕੱਢ ਕੇ ਭਾਗੂ ਉਸ ਨੂੰ ਤਿੱਖਾ ਕਰਨ ਲੱਗਿਆ। ਸੱਬਲ ਨਾਲ ਕੈਲਾ ਨੀਂਹ ਵਿੱਚੋਂ ਇੱਟਾਂ ਉਖਾੜ-ਉਖਾੜ ਬਾਹਰ ਕੱਢਣ ਲੱਗਿਆ। ਚਰਨ ਕਹੀ ਨਾਲ ਮਿੱਟੀ ਕੱਢ ਰਿਹਾ ਸੀ। ਚਾਹ ਪੀ ਕੇ ਉਹ ਛੁੱਟੀ ਨਾਲ ਕੰਮ ਕਰਨ ਲੱਗੇ। ਸਾਹਲ, ਲੈਵਲ, ਸੂਤ ਤੇ ਗਜ਼ ਲੈਣ ਭਾਗੂ ਆਪਣਾ ਘਰ ਨੂੰ ਚਲਿਆ ਗਿਆ। ਭਾਗੂ ਥੋੜ੍ਹਾ ਜਿਹਾ ਚਿਰ ਲਾ ਕੇ ਆਇਆ। ਉਹ ਦੇ ਆਉਂਦੇ ਨੂੰ ਨੀਂਹ ਤਿਆਰ ਸੀ। ਕੈਲਾ ਗਾਰੇ ਵਾਸਤੇ ਵਿਹੜੇ ਵਿੱਚ ਟੋਆ ਪੁੱਟ ਰਿਹਾ ਸੀ। ਚਰਨ ਪੰਪ ਤੋਂ ਪਾਣੀ ਦੀ ਬਾਲਟੀ ਭਰ ਰਿਹਾ ਸੀ।

ਰੋਟੀ ਵੇਲੇ ਤੀਕ ਉਹ ਲੱਕ ਜਿੱਡੀ ਕੰਧ ਖਿੱਚ ਲਿਆਏ।

ਆਥਣ ਡੂੰਘੀ ਹੁੰਦੀ ਜਾ ਰਹੀ ਸੀ, ਜਦੋਂ ਉਨ੍ਹਾਂ ਨੇ ਕੰਮ ਮੁਕਾਹਿਆ। ਖੜ੍ਹੇ ਆਦਮੀ ਦੇ ਖੜ੍ਹੇ ਹੱਥ ਤੋਂ ਉੱਚੀ ਕੰਧ ਹੋ ਗਈ ਸੀ।

ਭਾਗੂ ਰੋਟੀ ਲੈ ਕੇ ਗਿਆ ਤਾਂ ਚੰਦੋ ਸਬ੍ਹਾਤ ਵਿੱਚ ਜਾ ਕੇ ਕਣਕ ਦੀ ਬੋਰੀ ਵਿੱਚੋਂ ਬੋਤਲ ਕੱਢ ਲਿਆਈ। ਪੀੜ੍ਹੀ 'ਤੇ ਬੈਠੇ ਚਰਨ ਦੇ ਗੋਡੇ ਕੋਲ ਬੋਤਲ ਉਸ ਨੇ ਹੌਲੀ ਦੇ ਕੇ ਧਰ ਦਿੱਤੀ। ਕਹਿਣ ਲੱਗੀ, ਅੱਜ ਤਾਂ ਬਹੁਤ ਕੰਮ ਕੀਤਾ ਤੁਸੀਂ, ਚਰਨ ਥੱਕ 'ਗੇ ਹੋਵੋਗੇ। ਚਰਨ ਕੈਲੇ ਵੱਲ ਝਾਕ ਕੇ ਹੱਸਿਆ। ਕਹਿਣ ਲੱਗਿਆ, ਲਿਆ ਓਏ ਬਾਟੀ।

ਦਰਵਾਜ਼ੇ ਵਿੱਚ ਬੈਠ ਕੇ ਉਹ ਪੀਣ ਲੱਗ ਪਏ। ਚਰਨ ਪੀੜ੍ਹੀ 'ਤੇ ਬੈਠਾ ਸੀ ਤੇ ਕੈਲਾ ਇੱਟ ਉੱਤੇ। ਦੋ-ਦੋ ਪੈੱਗ ਪੀ ਕੇ ਉਹ ਕਾਹਲੀ-ਕਾਹਲੀ ਗੱਲਾਂ ਕਰਨ ਲੱਗੇ। ਤੀਜਾ ਪੈੱਗ ਕੱਚ ਦੇ ਗਲਾਸ ਵਿੱਚ ਚਰਨ ਨੇ ਆਪ ਨੂੰ ਪਾਇਆ ਤੇ ਕੈਲੇ ਉਸ ਦੇ ਹੱਥੋਂ ਗਲਾਸ ਫੜ ਲਿਆ।

ਉਏ ਇਹ ਕੀ ਕਰਦੈਂ, ਚਮਿਆਰਾ? ਚਰਨ ਨੇ ਕਿਹਾ।

ਤੈਨੂੰ ਕੀ ਪਤੈ, ਉਰੇ ਕਰ। ਗਲਾਸ ਲੈ ਕੇ ਕੈਲਾ ਰਸੋਈ ਵਿੱਚ ਗਿਆ ਤੇ ਚੁੱਲ੍ਹੇ ਕੋਲ ਬੈਠੀ ਚੰਦੋ ਨੂੰ ਨਾਂਹ-ਨਾਹ ਕਰਦੀ ਨੂੰ ਵੀ ਪਿਆ ਆਇਆ।

ਓਏ, ਏਧਰ ਕੀਹਨੂੰ ਦੇ ਆਇਐਂ? ਚਰਨ ਨੇ ਪੁੱਛਿਆ।

ਤੈਨੂੰ ਨੀ ਪਤਾ, ਸੂਬੇਦਾਰਨੀ ਤਾਂ ਪੂਰੀ ਪਿਆਕ ਐ। ਕੈਲੇ ਨੇ ਦੱਸਿਆ।

ਚਰਨ ਸੋਚੀਂ ਪੈ ਗਿਆ। ਤੀਵੀਂ ਸ਼ਰਾਬ ਪੀਂਦੀ ਉਸ ਨੇ ਕਦੇ ਦੇਖੀ ਨਹੀਂ ਸੀ।

ਮੀਂਹ ਵਾਲੀ ਰਾਤ

193