ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/195

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

11

ਚਰਨ ਦਾ ਮਾਸੜ ਗੰਡਾ ਸਿੰਘ ਇੱਕ ਆਮ ਜਿਹਾ ਜਿਮੀਂਦਾਰ ਸੀ। ਉਸ ਕੋਲ ਪੰਜ ਕਿੱਲੇ ਜ਼ਮੀਨ ਸੀ। ਪਹਿਲਾਂ-ਪਹਿਲਾਂ ਉਹ ਆਪ ਹੀ ਵਾਹੀ ਕਰਿਆ ਕਰਦਾ ਸੀ। ਪੰਜ-ਸੱਤ ਕਿੱਲੇ ਹੋਰ ਉਹ ਹਿੱਸੇ ਠੇਕੇ 'ਤੇ ਲੈ ਲੈਂਦਾ। ਉਸ ਦੀ ਘਰਵਾਲੀ ਦੇ ਜਵਾਕ ਹੁੰਦਾ ਸੀ ਤੇ ਓਸੇ ਵੇਲੇ ਮਰ ਜਾਂਦਾ ਸੀ। ਤਿੰਨ ਜਾਪੇ ਐਵੇਂ ਹੀ ਗਏ ਸਨ। ਚੌਥੇ ਜਾਪੇ ਵੇਲੇ ਤਾਂ ਜਵਾਕ ਪੇਟ ਅੰਦਰ ਹੀ ਮਰ ਗਿਆ ਸੀ।

ਹਸਪਤਾਲ ਜਾ ਕੇ ਉਹ ਆਪ ਵੀ ਅਖ਼ੀਰ ਨੂੰ ਮਰ ਗਈ ਸੀ। ਗੰਡਾ ਸਿੰਘ ਦੀ ਉਮਰ ਉਸ ਵੇਲੇ ਪੈਂਤੀ-ਛੱਤੀ ਸਾਲ ਦੀ ਸੀ। ਦੂਜੇ ਵਿਆਹ ਵਾਲੀ ਵਹੁਟੀ ਦੀ ਉਮਰ ਮਸ੍ਹਾਂ ਚੌਦਾਂ-ਪੰਦਰਾਂ ਸਾਲ ਸੀ, ਉਸ ਨੂੰ ਸ਼ੁਰੂ-ਸ਼ੁਰੂ ਵਿੱਚ ਹੀ ਕੋਈ ਐਸੀ ਕਸਰ ਬੈਠੀ ਕਿ ਔਲਾਦ ਨਹੀਂ ਸੀ ਹੋਈ। ਗੰਡਾ ਸਿੰਘ ਬੇਉਮੈਦਾ ਹੋ ਗਿਆ ਸੀ। ਉਸ ਨੇ ਵਾਹੀ ਛੱਡ ਦਿੱਤੀ ਸੀ। ਆਪਣੀ ਪੰਜ ਕਿੱਲੇ ਜ਼ਮੀਨ ਨੂੰ ਹੁਣ ਉਹ ਹਿੱਸੇ 'ਤੇ ਦੇ ਛੱਡਦਾ। ਦਿਨ ਕਟੀ ਕਰਦਾ ਰਹਿੰਦਾ। ਦਿਨੋ-ਦਿਨ ਉਹ ਕਮਜ਼ੋਰ ਹੁੰਦਾ ਗਿਆ।ਦਿਨੋ-ਦਿਨ ਉਸ ਦੀ ਦੇਹ ਹਾਰਨ ਲੱਗੀ। ਸੱਠ ਕੁ ਸਾਲ ਦਾ ਜਦ ਉਹ ਹੋਇਆ, ਉਸ ਦੇ ਹੱਥ-ਪੈਰ ਸੁੱਜਣ ਲੱਗੇ। ਜਦ ਉਹ ਮਰਿਆ, ਚਰਨ ਦੀ ਮਾਸੀ ਚਾਲ੍ਹੀਆਂ ਤੋਂ ਥੱਲੇ ਸੀ। ਅਜੇ ਤਾਂ ਉਸ ਦੀ ਸਾਰੀ ਉਮਰ ਪਈ ਸੀ। ਡਲੀ ਵਰਗਾ ਉਹ ਦਾ ਸਰੀਰ ਸੀ। ਗੰਡਾ ਸਿੰਘ ਮਰਿਆ ਤਾਂ ਉਸ ਨੂੰ ਝੋਰਾ ਲਾ ਗਿਆ। ਉਹ ਦਾ ਇੱਕੋ-ਇੱਕ ਸਹਾਰਾ ਪੰਜ-ਸੱਤ ਸਾਲ ਤਾਂ ਉਸ ਨੇ ਇਕੱਲੀ ਨੇ ਕੱਟੇ ਤੇ ਫਿਰ ਉਹ ਆਪਣੀ ਸਭ ਤੋਂ ਛੋਟੀ ਭੈਣ ਕੋਲੋਂ ਚਰਨ ਨੂੰ ਮੰਗ ਲਿਆਈ। ਮਾਸੀ-ਭਾਣਜੇ ਦਾ ਜੀਅ ਪਰਚਿਆ ਰਹਿੰਦਾ। ਇੱਕ ਮੱਝ ਉਹ ਹਮੇਸ਼ਾ ਰੱਖਦੇ। ਆਪਣੀ ਜ਼ਮੀਨ ਵਿੱਚ ਵਿੱਘਾ ਦੋ ਵਿੱਘੇ ਹਰਾ ਬਿਜਵਾ ਲੈਂਦੇ ਬਾਕੀ ਦੀ ਸਾਰੀ ਜ਼ਮੀਨ ਹਿੱਸੇ 'ਤੇ ਦੇ ਕੇ ਰੱਖਦੇ। ਉਨ੍ਹਾਂ ਦੇ ਗੁਜ਼ਾਰੇ ਜੋਗੇ ਦਾਣੇ ਮੁੱਕਣੇ ਨਹੀਂ ਸਨ। ਮਾਸੀ ਨੂੰ ਮਹਿਸੂਸ ਹੋਣ ਲੱਗਿਆ, ਜਿਵੇਂ ਚਰਨ ਉਸ ਦਾ ਆਪਣਾ ਪੁੱਤਰ ਹੀ ਹੋਵੇ।

ਉਹ ਸਾਰਾ ਦਿਨ ਵਿਹਲਾ ਰਹਿੰਦਾ ਸੀ। ਕੰਮ ਕੋਈ ਨਹੀਂ ਸੀ। ਕੀ ਕਰਦਾ? ਇੱਕੋ ਕੰਮ ਸੀ ਬੱਸ। ਮੱਝ ਵਾਸਤੇ ਪੱਠੇ ਲੈ ਆਉਣੇ ਤੇ ਮਸ਼ੀਨ ਤੇ ਕੁਤਰ ਕੇ ਖੁਰਲੀ ਵਿੱਚ ਪਾ ਦੇਣੇ। ਬਾਕੀ ਦਾ ਸਾਰਾ ਕੰਮ ਮਾਸੀ ਕਰਦੀ।

ਚਰਨ ਦੀ ਵੀਹ-ਬਾਈ ਉਮਰ ਹੋ ਚੱਲੀ ਸੀ। ਸਾਕ ਉਸ ਨੂੰ ਅਜੇ ਕੋਈ ਨਹੀਂ ਸੀ ਹੋਇਆ। ਮਾਸੀ ਨੇ ਆਪਣੇ ਪੰਜ ਕਿੱਲੇ ਜ਼ਮੀਨ ਅਜੇ ਉਸ ਦੇ ਨਾਉਂ ਲਵਾਈ ਨਹੀਂ ਸੀ। ਉਸ ਦੇ ਪਿਓ ਕੋਲ ਭੋਰਾ ਵੀ ਜ਼ਮੀਨ ਨਹੀਂ ਸੀ। ਉਸ ਦਾ ਪਿਓ ਤਾਂ ਸੜਕ 'ਤੇ ਮੇਟ ਲੱਗਿਆ ਹੋਇਆ ਸੀ। ਚਰਨ ਦਾ ਇੱਕ ਭਰਾ ਤੇ ਤਿੰਨ ਭੈਣਾਂ ਸਨ। ਭਰਾ ਸਭ ਤੋਂ ਵੱਡਾ ਸੀ। ਵਿਆਹ ਕਰਵਾ ਕੇ ਪਿਓ ਨਾਲੋਂ ਅੱਡ ਹੋ ਗਿਆ ਸੀ। ਸ਼ਹਿਰ ਵਿੱਚ ਕਿਸੇ ਸਰਕਾਰ ਦੇ ਮੁਰਗੀ ਫਾਰਮ ਦਾ ਇੰਚਾਰਜ ਸੀ। ਤਿੰਨਾਂ ਭੈਣਾਂ ਵਿੱਚੋਂ ਇੱਕ ਵੀ ਨਹੀਂ ਸੀ ਵਿਆਹੀ ਹੋਈ। ਚਰਨ ਦੇ ਪਿਓ ਦਾ ਆਪਣਾ ਗੁਜ਼ਾਰਾ ਮਸ੍ਹਾਂ ਹੋ ਰਿਹਾ ਸੀ। ਵੱਡਾ ਮੁੰਡਾ ਪਤਾ ਨਹੀਂ ਕਿਵੇਂ ਵਿਆਹਿਆ ਗਿਆ ਸੀ। ਚਰਨ ਨੂੰ ਡੋਲਾ ਕਿੱਥੋਂ?

ਉਸ ਦਾ ਪਿਓ ਬਹੁਤ ਜ਼ੋਰ ਲਾਉਂਦਾ ਕਿ ਉਹ ਆਪਣੇ ਘਰ ਆ ਜਾਵੇ। ਕਿਸੇ ਕੰਮ ਵਿੱਚ ਪਵੇ। ਉਸ ਦਾ ਸਹਾਈ ਬਣੇ। ਉਠ ਦਾ ਬੁੱਲ੍ਹ ਡਿੱਗਣ ਵਾਂਗ ਮਾਸੀ ਦਾ ਕੀ ਭੇਤ? ਕੀ ਪਤਾ ਹੈ, ਨਾ ਹੀ ਲਵਾਵੇ ਜ਼ਮੀਨ ਉਸ ਦੇ ਨਾਉਂ?

ਮੀਂਹ ਵਾਲੀ ਰਾਤ
195