ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/206

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੁੱਤਾ ਨਾਗ

ਮੁਕਲਾਵੇ ਆਈ ਜੀਤੋ ਨੂੰ ਮਸ੍ਹਾਂ ਵੀਹ ਦਿਨ ਹੋਏ ਸਨ।

'ਬੇਬੇ ਨੂੰ ਜਾਦ ਕਰਕੇ ਮੇਰੇ ਤਾਂ ਹੌਲ਼ ਜਾ ਪੈ ਜਾਂਦੈ। ਚੱਲ ਮੈਨੂੰ ਛੱਡ ਆ। ਫੇਰ ਆਜੂੰਗੀ, ਦਸ ਦਿਨ ਲਾ ਕੇ। ਜੀਤੋ ਨੇ ਇੱਕ ਦਿਨ ਮੁਕੰਦੇ ਨੂੰ ਕਿਹਾ।

ਸੁਹਣੀ ਉਹ ਬੜੀ ਸੀ। ਮੁਕੰਦੇ ਨੂੰ ਜਿਵੇਂ ਕੋਈ ਅਲੋਕਾਰ ਚੀਜ਼ ਮਿਲ ਗਈ। ਉਹ ਬੇਅੰਤ ਪਿਆਰ ਕਰਦਾ ਉਸ ਨੂੰ, ਪਰ ਜੀਤੋ ਸੰਵਾਰ ਕੇ ਕਦੇ ਮੂੰਹੋਂ ਨਹੀਂ ਫੁੱਟੀ। ਚਿੱਤ ਅਦਰੋਂ ਜੀਤੋ ਦਾ ਸ਼ਾਇਦ ਉਦਾਸ ਸੀ। ਮੁਕੰਦਾ ਉਸ ਨੂੰ ਰੱਜ ਕੇ ਮੋਹ ਦਿੰਦਾ, ਪਰ ਉਹ ਹਾਂ ਹੂੰ ਤੋਂ ਵੱਧ ਕੁਝ ਨਾ ਕਹਿੰਦੀ। ਮੁਕੰਦੇ ਦੀ ਸਮਝ ਤੋਂ ਸਾਰੀ ਗੱਲ ਬਾਹਰ ਸੀ। ਹਰ ਗੱਲ ਵਿੱਚ ਮੁਕੰਦਾ ਉਸ ਦੀ ਮਰਜ਼ੀ ਵਿੱਚ ਖੁਸ਼ ਰਹਿੰਦਾ। ਅੱਜ ਜੀਤੋ ਨੇ ਪੇਕੀਂ ਜਾਣ ਲਈ ਕਿਹਾ ਤਾਂ ਇਹ ਪਹਿਲਾ ਮੌਕਾ ਸੀ ਵੀਹ ਦਿਨਾਂ ਵਿੱਚ ਜਦ ਉਹ ਖੁੱਲ੍ਹ ਕੇ ਬੋਲੀ ਸੀ। ਮੁਕੰਦਾ ਖ਼ੁਸ਼ ਸੀ ਕਿ ਉਹ ਕੁਝ ਉਭਾਸਰੀ ਤਾਂ ਹੈ।

ਜੀਤੋ ਨੂੰ ਪੇਕੀ ਛੱਡਣ ਆਏ ਨੂੰ ਉਸ ਰਾਤ ਉਸ ਦੇ ਸਹੁਰਿਆਂ ਨੇ ਉੱਥੇ ਹੀ ਰੱਖ ਲਿਆ।

ਅੱਸੂ-ਕੱਤੇ ਦੀ ਰੁੱਤ ਸੀ। ਮੁਕੰਦਾ ਸੌਣ ਵੇਲੇ ਟੱਬਰ ਤੋਂ ਅੱਡ ਹੀ ਦੂਰ ਸਾਰੇ ਪੈ ਗਿਆ।

ਅੱਧੀ ਰਾਤ ਨੂੰ ਜੀਤੋ ਨੂੰ ਮਹਿਸੂਸ ਹੋਇਆ ਜਿਵੇਂ ਮੁਕੰਦਾ ਘੂਕ ਸੁੱਤਾ ਪਿਆ ਹੈ। ਉਹ ਚੁੱਪ ਕਰਕੇ ਉੱਠੀ। ਮੁਕੰਦੇ ਦੀ ਹਿੱਕ 'ਤੇ ਹੱਥ ਧਰ ਕੇ ਦੇਖਿਆ। ਉਹ ਹਿੱਲਿਆ ਨਾ। ਜੀਤੋ ਨੂੰ ਯਕੀਨ ਹੋ ਗਿਆ, ਪਰ ਸੀ ਮੁਕੰਦਾ ਜਾਗੋਮੀਟੀ।

ਜੀਤੋ ਨੇ ਪੋਲੇ-ਪੋਲੇ ਪੈਰੀਂ ਵਿਹੜਾ ਟੱਪਿਆ ਤੇ ਦਰਵਾਜ਼ੇ ਦਾ ਕੁੰਡਾ ਖੋਲ੍ਹ ਕੇ ਘਰ ਤੋਂ ਬਾਹਰ ਹੋ ਗਈ। ਮੁਕੰਦੇ ਨੂੰ ਜਿਵੇਂ ਸੁਪਨਾ ਆ ਰਿਹਾ ਸੀ। ਉਹ ਉੱਠਿਆ ਤੇ ਕਿੱਲੇ 'ਤੇ ਲਟਕਦੀ ਕਿਰਪਾਨ ਲਾਹ ਕੇ ਜੀਤੋ ਦੇ ਮਗਰ ਹੋ ਲਿਆ। ਉਸ ਤੋਂ ਪੰਜਾਹ-ਸੱਠ ਕਰਮ ਪਿੱਛੇ-ਪਿੱਛੇ। ਜੀਤੋ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਦੇ ਮਗਰ ਕੌਣ ਆ ਰਿਹਾ ਹੈ। ਉਸ ਦੀ ਛਾਂ ਤਾਂ ਰੋਹੀਆਂ ਨੂੰ ਚੜ੍ਹਦੀ ਜਾ ਰਹੀ ਸੀ। ਰਾਹ ਵਿੱਚ ਇੱਕ ਕੱਸੀ ਆਈ। ਟੱਪਣ ਲੱਗੀ ਉਸ ਨੂੰ ਚਿਰ ਲੱਗਿਆ। ਮੁਕੰਦਾ ਸਹਿਮ ਕੇ ਥਾਏਂ ਖੜੋਤਾ ਰਿਹਾ। ਫਿਰ ਅੱਗੇ ਜਾ ਕੇ ਇੱਕ ਉੱਚੀ ਭੜੀਂਅ ਆਈ, ਜਿਸ ਦੀ ਵਾੜ 'ਤੋਂ ਦੀ ਝੋਟਾ ਨਹੀਂ ਸੀ ਟੱਪ ਸਕਦਾ। ਉਹ ਨੱਕ ਦੀ ਸੇਧ ਤੁਰੀ ਜਾ ਰਹੀ ਸੀ। ਐਨੀ ਵੱਡੀ-ਵੱਡੀ ਵਾੜ ਵਾਲੀ ਭੜੀਂਅ ਟੱਪਣ ਲੱਗੀ ਤਾਂ ਉਸ ਦੇ ਹੱਥ-ਪੈਰ ਛਿੱਲੇ ਗਏ। ਮੁਕੰਦਾ ਉਸ ਦੇ ਪਿੱਛੇ, ਦੇਖੀਏ ਭਲਾ ਕਿੱਥੇ ਜਾਂਦੀ ਐ?

206

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ