ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/207

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿੰਡ ਤੋਂ ਕੋਹ ਭਰ ਦੂਰ ਜਾ ਕੇ ਇੱਕ ਬਾਗ ਆਇਆ। ਸੰਗਤਰੇ, ਅਨਾਰ ਤੇ ਅਮਰੂਦਾਂ ਦਾ ਬਾਗ। ਬਾਗ ਦੁਆਲੇ ਵਗਲੀ ਕੰਡਿਆਂ ਦੀ ਤਾਰ ਟੱਪ ਕੇ ਉਹ ਸਿੱਧੀ ਬਾਗ ਅੰਦਰ ਦਾਖ਼ਲ ਹੋ ਗਈ।

ਮਾਲੀ ਖੇਸ ਤਾਣੀ ਸੁੱਤਾ ਪਿਆ। ਜੀਤੋ ਨੇ ਜਾਣ ਸਾਰ ਉਸ ਤੋਂ ਖੇਸ ਧੂਹ ਲਿਆ। ਸ਼ੇਰੂ ਨੂੰ ਜਿਵੇਂ ਕੋਈ ਸ਼ੈਅ ਆ ਚਿੰਬੜੀ ਹੋਵੇ। ਪਹਿਲਾਂ ਤਾਂ ਉਹ ਡਰ ਗਿਆ, ਪਰ ਜਦ ਅੱਖਾਂ ਮਲ ਕੇ ਦੇਖਿਆ, ਜੀਤੋ ਥਮਲੇ ਵਾਂਗ ਉਸ ਦੇ ਸਾਹਮਣੇ ਗੱਡੀ ਖੜ੍ਹੀ ਸੀ।

ਪੂਰੇ ਇੱਕ ਮਹੀਨੇ ਬਾਅਦ ਪਰਛਾਵੇਂ ਵਾਂਗ ਉਹ ਉਸ ਨੂੰ ਫੇਰ ਆ ਲਿਪਟੀ।

'ਜੰਗਲ ਚੀਰ ਕੇ ਆ 'ਗੀ ਆ ਸ਼ੇਰੁ। ਜੀਤੋ ਦੇ ਧੱਕ-ਧੱਕ ਕਰਦੇ ਕਾਲਜੇ ਵਿੱਚੋਂ ਬੋਲ ਨਿਕਲੇ।

'ਤੇਰੇ ਬਿਨਾਂ ਹੁਣ ਮੈਂ ਵੀ ਕਦੇ ਤੋਤਿਆਂ ਨੂੰ ਹਕਾਰਿਆ ਨੀ।' ਸ਼ੇਰੂ ਨੇ ਕਿਹਾ।

'ਤੇਰੇ ਬਾਗ 'ਚ ਆਬੀ ਨੀ ਰਹੀ ਉਹ?' ਜੀਤੋ ਨੇ ਪੁੱਛਿਆ।

'ਜਿਸ ਮਾਲੀ ਦੇ ਦਿਲ ਦਾ ਬਾਗ ਉੱਜੜ ਗਿਆ ਹੋਵੇ, ਉਸ ਦੇ ਬੂਟਿਆਂ ਨੂੰ ਆਬੀ ਕਾਹਦੀ ਚੜ੍ਹੇ।' ਸ਼ੇਰੂ ਪੂਰਾ ਭਾਵੁਕ ਹੋ ਗਿਆ।

'ਸ਼ੇਰੂ, ਮੇਰੇ ਕੰਨੀਂ ਝਾਕ!' ਦੋਵੇਂ ਹੱਥਾਂ ਵਿੱਚ ਸ਼ੇਰੂ ਦਾ ਮੂੰਹ ਫੜ ਕੇ ਜੀਤੋ ਨੇ ਆਪਣੇ ਵੱਲ ਕਰ ਲਿਆ ਤੇ ਪੂਰੇ ਦਿਲ ਨਾਲ ਕਹਿਣ ਲੱਗੀ, 'ਮੈਂ ਮੁਕੰਦੇ ਦਾ ਭੱਤਾ ਨੀ ਢੋਣਾ, ਮੈਂ ਤਾਂ ਸ਼ੇਰੂ ਦੀ ਮਾਲਣ ਆਂ।' ਤੇ ਫੇਰ ਉਹ ਗੱਲਾਂ ਕਰਕੇ ਗੂੜ੍ਹੀ ਨੀਂਦ ਸੌਂ ਗਏ-ਇਕੋ ਮੰਜੇ 'ਤੇ।

ਮੁਕੰਦਾ ਵੀਹ ਕਦਮ ਦੂਰ ਇੱਕ ਖਜੂਰ ਓਹਲੇ ਸਾਰਾ ਕੁਝ ਦੇਖਦਾ ਸੁਣਦਾ ਰਿਹਾ ਸੀ। ਉਸ ਦੇ ਦਿਲ ਵਿੱਚੋਂ ਲੂਹਰੀਆਂ ਉੱਠ ਰਹੀਆਂ ਸਨ। ਉਸ ਦੇ ਸਿਰ ਨੂੰ ਹਨੇਰੀ ਚੜ੍ਹੀ ਹੋਈ ਸੀ। ਇਹ ਉਸ ਦੇ ਸਾਮਰਤੱਖ਼ ਕੀ ਹੋ ਰਿਹਾ ਹੈ? ਉਸ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ।

ਮੱਲਕ-ਮੱਲਕ ਮੁਕੰਦਾ ਮਾਲੀ ਦੇ ਸਰ੍ਹਾਣੇ ਜਾ ਖੜ੍ਹਾ। ਉਸ ਨੇ ਹੱਥ ਫੇਰ ਕੇ ਦੇਖਿਆ, ਕਿਰਪਾਨ ਦੀ ਧਾਰ ਉਸਤਰੇ ਵਰਗੀ ਸੀ। ਦੋਵਾਂ ਹੱਥਾਂ ਦੀ ਪੂਰੀ ਪਕੜ ਨਾਲ ਉਸ ਨੇ ਕਿਰਪਾਨ ਉਲਾਰੀ ਤੇ ਇਕੋ ਟੱਕ ਨਾਲ ਮਾਲੀ ਦੀ ਗਰਦਨ ਗਾਜਰ ਦੇ ਬੂੰਡੇ ਵਾਂਗ ਵੱਢ ਕੇ ਸਿਰ ਉਸ ਨੇ ਔਹ ਮਾਰਿਆ। ਉੱਥੋਂ ਸਿਰਮਦਾਨ ਭੱਜ ਕੇ ਮੁਕੰਦੇ ਨੇ ਕੱਸੀ 'ਤੇ ਆ ਕੇ ਸਾਹ ਲਿਆ। ਕਿਰਪਾਨ ਨਾਲ ਲੱਗਿਆ ਮੈਲਾ ਧੋਤਾ। ਇਕਦਮ ਉਸ ਦੇ ਕੰਨ ਖੜ੍ਹੇ ਹੋ ਗਏ। ਬਾਗ ਵਿਚੋਂ ਕਿਲਕਾਰੀਆਂ ਉੱਠ ਰਹੀਆਂ ਸਨ, 'ਜੀਹਨੇ ਮੇਰੇ ਯਾਰ ਨੂੰ ਮਾਰਿਐ, ਹੁਣ ਆਵੇਗਾਂ ਮੇਰੇ ਸਾਹਮਣੇ? ਜੀਹਨੇ ਮੇਰੇ ਸ਼ੇਰੂ ਨੂੰ ਮਾਰਿਐ, ਹੁਣ ਆਵੇ ਮੇਰੇ ਪਿਓ ਦਾ ਸਾਲਾ?'

ਮੁਕੰਦਾ ਕੰਨ ਵਲ੍ਹੇਟ ਕੇ ਉਵੇਂ ਜਿਵੇਂ ਘਰ ਆ ਸੁੱਤਾ। ਦਿਨ ਅਜੇ ਚੜ੍ਹਿਆ ਨਹੀਂ ਸੀ। ਮੂੰਹ-ਹਨੇਰਾ ਸੀ ਅਜੇ। ਜੀਤੋ ਵੀ ਪੱਥਰ ਰੂਪ ਹੋ ਕੇ ਘਰ ਆ ਵੜੀ। ਆ ਕੇ ਉਸ ਨੇ ਮੁਕੰਦੇ ਦੀ ਹਿੱਕ 'ਤੇ ਹੱਥ ਧਰ ਕੇ ਦੇਖਿਆ। ਉਹ ਉਵੇਂ ਜਿਵੇਂ ਘੂਕ ਸੁੱਤਾ ਪਿਆ ਸੀ, ਪਰ ਸੀ ਮੁਕੰਦਾ ਦੰਦ ਘੁੱਟ ਕੇ ਪਿਆ ਹੋਇਆ।

'ਮੇਰਾ ਤਾਂ ਇੱਥੇ ਵੀ ਇਸ ਉੱਜੜੇ ਪਿੰਡ 'ਚ ਜੀਅ ਨਹੀਂ ਲੱਗਣਾ। ਬੇਬੇ ਨੂੰ ਮਿਲ ਲੀ। ਚੱਲ ਚੱਲੀਏ ਉੱਥੇ ਈ।' ਜੀਤੋ ਨੇ ਤੜਕੇ ਉੱਠ ਕੇ ਮੁਕੰਦੇ ਨੂੰ ਆਖਿਆ। ਮੁਕੰਦੇ ਨੇ

ਸੁੱਤਾ ਨਾਗ

207