ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਸ ਦੀ ਨਿਗਾਹ ਜ਼ਮੀਨ ਵਿਚ ਧਸੀ ਹੋਈ ਹੈ ਤੇ ਉਹਨੂੰ ਪਲ ਦੀ ਪਲ ਮਹਿਸੂਸ ਹੁੰਦਾ ਹੈ, ਜਿਵੇਂ ਉਹ ਪਹੇ ਵਿਚ ਨਹੀਂ ਤੁਰ ਰਿਹਾ, ਸਗੋਂ ਹੋਰ ਕਿਸੇ ਦੁਨੀਆਂ ਵਿਚ ਦੂਰ ਉੱਡ ਰਿਹਾ ਹੈ। ਅਜਿਹੀ ਦੁਨੀਆਂ, ਜਿੱਥੇ ਉਸ ਦੇ ਅੱਗੇ ਪਿੱਛੇ ਨੂੰ ਕੋਈ ਨਹੀਂ ਜਾਣਦਾ। ਕੋਈ ਪਤਾ ਨਾ ਹੋਵੇ ਕਿ ਉਹ ਕੌਣ ਹੈ। ਉਹ ਸੋਚਦਾ ਹੈ ਕਿ ਕੱਲ੍ਹ ਨੂੰ ਚੁੱਪ ਕਰਕੇ ਗੱਡੀ ਚੜ੍ਹੇ ਤੇ ਬੰਬਈ ਜਾ ਉਤਰੇ। ਉੱਥੇ ਉਸਦਾ ਇੱਕ ਦੋਸਤ ਹੈ। ਉਸ ਨੂੰ ਕਹੇ ਕਿ ਉਹ ਉਸ ਨੂੰ ਕੋਈ ਨਿੱਕੀ ਮੋਟੀ ਨੌਕਰੀ ਦਿਵਾ ਦੇਵੇ, ਜਿਸ ਨਾਲ ਉਸ ਦਾ ਰੋਟੀ ਕੱਪੜਾ ਪੂਰਾ ਹੁੰਦਾ ਰਹੇ। ਦੂਜੇ ਬਿੰਦ ਉਹ ਸੋਚਦਾ ਹੈ ਕਿ ਦੋਸਤ ਪੁੱਛੇਗਾ, "ਤੂੰ ਏਥੇ ਘਰ ਬਾਰ ਛੱਡ ਕੇ ਕਾਹਤੋਂ ਆ ਗਿਆ ਹੈਂ? ਤੇ ਜਦ ਉਸ ਨੂੰ ਪਤਾ ਲੱਗ ਗਿਆ ਕਿ ਮੈਂ ਚੋਰਿਓਂ ਘਰੋਂ ਭੱਜ ਆਇਆ ਹਾਂ ਤਾਂ ਉਹ ਮੈਨੂੰ ਸਮਝਾ ਬੁਝਾ ਕੇ ਫਿਰ ਏਸੇ ਨਰਕ ਵਿਚ ਭੇਜ ਦੇਵੇਗਾ। ਜਾਂ ਸ਼ਾਇਦ ਮੇਰੀ ਪਤਨੀ ਨੂੰ ਤਾਰ ਹੀ ਦੇ ਦੇਵੇ ਕਿ ਲੈ ਜਾਓ ਏਥੋਂ ਆ ਕੇ ਆਪਣੇ 'ਸ਼੍ਰੀ ਮਾਨ ਜੀ' ਨੂੰ। ਉਹ ਸੋਚਦਾ ਹੈ ਕਿ ਜੇ ਬੰਬਈ ਜਾਵਾਂ ਤੇ ਉਹ ਦੋਸਤ ਨੂੰ ਜੇ ਨਾ ਹੀ ਮਿਲਾਂ ਤਾਂ ਠੀਕ ਹੈ। ਪਰ ਉਹ ਸੋਚਦਾ ਹੈ ਕਿ ਬੰਬਈ ਵਿਚ ਤਾਂ ਹੋਰ ਵੀਹ ਬੰਦੇ ਮੈਨੂੰ ਜਾਣਦੇ ਹਨ। ਕਦੇ ਤਾਂ ਕਿਸੇ ਨੂੰ ਮਿਲਾਂਗਾ ਹੀ। ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਇਹ ਗੱਲ ਲੁਕੀ ਛਿਪੀ ਨਹੀਂ ਰਹਿਣੀ ਤੇ ਆਖ਼ਰ ਮੁੜ ਏਥੇ ਹੀ ਆਉਣਾ ਪਵੇਗਾ।

ਬੰਬਈ ਨਹੀਂ ਕਲਕੱਤੇ ਠੀਕ ਹੈ।

ਕਲਕੱਤੇ ਤਾਂ ਇਲਾਕੇ ਦੇ ਟੈਕਸੀ ਡਰਾਈਵਰ ਪੰਜਾਹ ਜਣੇ ਹੋਣਗੇ। ਉਹੀ ਪੰਗਾ। ਉਸ ਦੀ ਸੋਚ ਉੱਖੜ ਰਹੀ ਹੈ ਕਿ ਉਹ ਕਿੱਥੇ ਜਾਵੇ? ਉੱਥੇ ਜਾਵੇ, ਜਿੱਥੇ ਕੋਈ ਨਾ ਜਾਣਦਾ ਹੋਵੇ।

ਸੂਆ ਆ ਜਾਂਦਾ ਹੈ। ਸੂਏ ਦੀ ਪਟੜੀ ਪੈਣ ਤੋਂ ਪਹਿਲਾਂ ਉਹ ਪਹੇ 'ਤੇ ਹੀ ਖੜ੍ਹ ਜਾਂਦਾ ਹੈ। ਇੱਕ ਬੇਰੀ ਵੱਲ ਦੇਖਦਾ ਹੈ। ਬੇਰੀ ਦਾ ਬੱਸ ਮੁੱਢ ਹੀ ਦਿੱਸਦਾ ਹੈ ਤੇ ਉਤਲਾ ਸਾਰਾ ਆਕਾਰ ਅਮਰਵੇਲ ਦਾ ਢਕਿਆ ਹੋਇਆ ਹੈ। ਉਹ ਸੋਚਦਾ ਹੈ ਕਿ ਆਦਮੀ ਇੱਕ ਬੇਰੀ ਹੈ ਤੇ ਉਸਦੀ ਜ਼ਿੰਦਗੀ ਦੁਆਲੇ ਲਿਪਟੇ ਸੰਸੇ ਫ਼ਿਕਰ ਅਮਰਵੇਲ ਹਨ। ਉਸ ਬੇਰੀ ਵੱਲ ਉਹ ਗਹੁ ਨਾਲ ਦੇਖ ਰਿਹਾ ਹੈ। ਦੇਖਦਾ ਰਹਿੰਦਾ ਹੈ। ਸਰੜ ਦੇ ਕੇ ਇੱਕ ਸੱਪ ਉਸ ਦੇ ਪੈਰ ਕੋਲ ਦੀ ਲੰਘ ਕੇ ਉਸੇ ਬੇਰੀ ਦੀਆਂ ਜੜ੍ਹਾਂ ਵਿਚ ਉੱਗੇ ਮਲ੍ਹਿਆਂ ਵਿਚ ਗੁਆਚ ਜਾਂਦਾ ਹੈ। ਉਸ ਦੇ ਸਰੀਰ ਵਿਚ ਕੰਬਣੀਆਂ ਭਰੀ ਇੱਕ ਧੁੜਧੁੜੀ ਉੱਠਦੀ ਹੈ ਤੇ ਉਹ ਮੁਸਕਰਾ ਪੈਂਦਾ ਹੈ। ਅਚੰਭਾ ਭਰੀ ਇੱਕ ਚਮਕ ਉਸ ਦੀਆਂ ਅੱਖਾਂ ਵਿਚ ਪੈਦਾ ਹੁੰਦੀ ਹੈ। ਉਹ ਸੂਏ ਦੀ ਪਟੜੀ ਚੜ੍ਹ ਜਾਂਦਾ ਹੈ। ਸੂਏ ਵਿਚ ਗੇਰੂ ਰੰਗਾ ਪਾਣੀ ਵਹਿ ਰਿਹਾ ਹੈ। ਉਹ ਪਾਣੀ ਦੇ ਵਹਾਅ ਨੂੰ ਦੇਖਣ ਲੱਗ ਜਾਂਦਾ ਹੈ। ਦੇਖਦਾ ਰਹਿੰਦਾ ਹੈ। ਦੂਰੋਂ ਆਉਂਦੀ ਇੱਕ ਕਾਲੀ ਜਿਹੀ ਚੀਜ਼ ਉਸ ਨੂੰ ਦਿੱਸਦੀ ਹੈ। ਉਸ ਨੂੰ ਲੱਗਦਾ ਹੈ, ਜਿਵੇਂ ਕੋਈ ਕਾਲਾ ਕੰਬਲ ਜਿਹਾ ਹੋਵੇ। ਸ਼ਾਇਦ ਕਾਲਾ ਕੁੱਤਾ ਹੋਵੇ ਜਾਂ ਸ਼ਾਇਦ ਕਾਲੀ ਚੁੰਨੀ ਮੋੜ੍ਹੀ ਵਿਚ ਅੜ੍ਹਕ ਗਈ ਹੋਵੇ। ਉਹ ਸੂਏ ਦੇ ਕਿਨਾਰੇ ਹਰੀ ਹਰੀ ਘਾਹ 'ਤੇ ਬੈਠ ਜਾਂਦਾ ਹੈ ਤਾਂ ਆ ਰਹੀ ਕਾਲੀ ਚੀਜ਼ ਵੱਲ ਗਹੁ ਨਾਲ ਦੇਖ ਰਿਹਾ ਹੈ। ਜਿਉਂ ਜਿਉਂ ਉਹ ਚੀਜ਼ ਨੇੜੇ ਆ ਰਹੀ ਹੈ, ਵੱਡੀ ਵੱਡੀ ਹੁੰਦੀ ਜਾਂਦੀ ਹੈ। ਬਿਲਕੁੱਲ ਨੇੜੇ ਆਈ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਕਾਲੀ ਕੱਟੀ ਹੈ। ਸ਼ਾਇਦ ਪੰਜ ਚਾਰ ਦਿਨਾਂ ਦੀ ਹੀ ਹੋਵੇ। ਢਿੱਡ ਉਹਦਾ ਫੁੱਲ ਕੇ ਕੁੱਪਾ

ਗੁੱਸੇ ਦਾ ਸਫ਼ਰ

21