ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/210

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਹੀ ਮਿੱਟੀ ਨੂੰ ਓਥੇ ਪੱਕੀ ਕਰ ਦਿੰਦਾ। ਕਿਸੇ ਥਾਂ ਹੋਰ ਉਭਾਰ ਦਿਖਾਉਣਾ ਹੁੰਦਾ ਤਾਂ ਹੋਰ ਚੁੰਝ ਭਰਦਾ। ਚਾਹ ਲਈ ਮਾਂ ਦੀ ਹਾਕ ਸੁਣਨ ਤੱਕ ਉਹ ਛਤਣੇ ਵਿੱਚ ਬੈਠਾ ਰਹਿੰਦਾ। ਹੁੱਕਾ ਪੀਂਦਾ ਤੇ ਨਹੇਰਨੇ ਦੀਆਂ ਚੁੰਝਾਂ ਬੁੱਤ ਦੇ ਚਿਹਰੇ 'ਤੇ ਫਿਰਦੀਆਂ ਰਹਿੰਦੀਆਂ। ਉਹ ਨੂੰ ਲੱਗਦਾ ਜਿਵੇਂ ਕੱਲ੍ਹ ਨਾਲੋਂ ਅੱਜ ਬੁੱਤ ਵਿੱਚ ਬਹੁਤੀ ਜਾਨ ਪੈ ਗਈ ਹੋਵੇ। ਉਹ ਨੂੰ ਕੋਈ ਸੁੱਖ ਜਿਹਾ ਮਿਲਦਾ।

ਕਈ ਮਹੀਨਿਆਂ ਤੋਂ ਉਹ ਇੰਝ ਕਰਦਾ ਆ ਰਿਹਾ ਸੀ। ਨਿੱਤਨੇਮ ਵਾਂਗ ਹੀ ਕਰਦਾ ਸਵੇਰੇ-ਸਵੇਰੇ। ਆਥਣ ਨੂੰ ਤਾਂ ਦਿਨ ਛਿਪੇ ਘਰ ਵੜਦਾ। ਥੱਕਿਆ-ਟੁੱਟਿਆ ਪਿਆ ਹੁੰਦਾ। ਗਧਿਆਂ ਨੂੰ ਰੂੜੀਆਂ 'ਤੇ ਛੱਡ ਦਿੰਦਾ। ਤੱਤਾ ਪਾਣੀ ਕਰਕੇ ਨਹਾਉਂਦਾ। ਮਾਂ ਰੋਟੀ ਪਕਾਉਂਦੀ ਤੇ ਉਹ ਖਾ ਲੈਂਦਾ। ਬਿੰਦ-ਝੱਟ ਹੁੱਕਾ ਪੀਂਦਾ ਤੇ ਫੇਰ ਗਧਿਆਂ ਨੂੰ ਘੇਰ ਲਿਆਉਂਦਾ। ਉਨ੍ਹਾਂ ਮੂਹਰੇ ਸੁੱਕਾ ਘਾਹ ਸੁੱਟਦਾ ਤੇ ਉਨ੍ਹਾਂ ਦੀਆਂ ਲੱਤਾਂ ਕਿੱਲਿਆਂ ਦੇ ਰੱਸਿਆਂ ਨਾਲ ਬੰਨ੍ਹ ਦਿੰਦਾ। ਹੀਂਗਦੇ, ਫੁੰਕਾਰੇ ਮਾਰਦੇ, ਦੁਲੱਤੀਆਂ ਚਲਾਉਂਦੇ ਤੇ ਲਿਟਦੇ-ਉੱਠਦੇ ਗਧੇ ਟਿਕ ਜਾਂਦੇ ਤਾਂ ਜੁੰਮਾ ਵੀ ਸੌਣ ਦੀ ਕੋਸ਼ਿਸ਼ ਕਰਦਾ। ਮਾਂ ਰੋਟੀ ਟੁੱਕ ਦਾ ਕੰਮ ਮੁਕਾ ਕੇ ਤੇ ਭਾਂਡਾ ਟੀਂਡਾ ਸਾਂਭ ਕੇ ਜੁੰਮੇ ਤੋਂ ਕਿੰਨਾ ਚਿਰ ਪਿੱਛੋਂ ਮੰਜੀ 'ਤੇ ਪੈਂਦੀ।

ਜੁੰਮੇ ਦੀ ਉਮਰ ਇਸ ਵੇਲੇ ਪੰਜਾਹ ਸਾਲਾਂ ਤੋਂ ਉੱਤੇ ਸੀ। ਉਨ੍ਹਾਂ ਦਾ ਹੋਰ ਕੋਈ ਨਹੀਂ ਸੀ। ਉਹ ਸੀ ਤੇ ਉਹ ਦੀ ਬੁੱਢੀ ਮਾਂ। ਬਾਕੀ ਸਾਰਾ ਟੱਬਰ ਸੰਤਾਲੀ ਦੀ ਵੱਢ ਟੁੱਕੀ ਵੇਲੇ ਵਿਛੜ ਗਿਆ ਸੀ।

ਸੰਤਾਨੀ ਤੋਂ ਪਹਿਲਾਂ ਦੀ ਗੱਲ ਹੈ, ਹਵੇਲੀ ਵਾਲਿਆਂ ਦੀ ਕੁੜੀ ਸਰਦਾਰੋ ਜੁੰਮੇ ਨਾਲ ਦਾਈ ਦੁੱਕੜੇ ਖੇਡਦੀ ਹੁੰਦੀ। ਉਹ ਕਿੰਨੀ ਖਿਲੰਦੜੀ ਸੀ। ਹੱਸਦੀ ਤਾਂ ਗੱਲਾਂ 'ਤੇ ਟੋਏ ਪੈਂਦੇ। ਬਿਨਾਂ ਕਾਰਨ ਹੀ ਹੱਸਦੀ ਰਹਿੰਦੀ। ਗੱਲ-ਗੱਲ 'ਤੇ ਜੁੰਮੇ ਨੂੰ ਖਿਝਾਉਂਦੀ। ਉਨ੍ਹਾਂ ਦਿਨਾ ਵਿੱਚ ਤਾਂ ਵੱਡੇ-ਵੱਡੇ ਮੁੰਡੇ-ਕੁੜੀਆਂ ਇਕਠੇ ਖੇਡਦੇ ਸਨ। ਹੁਣ ਵਰਗਾ ਜ਼ਮਾਨਾ ਨਹੀਂ ਸੀ। ਸੋਲ੍ਹਾਂ-ਸੋਲ੍ਹਾਂ, ਅਠਾਰਾਂ-ਅਠਾਰਾਂ ਸਾਲ ਦੇ ਮੁੰਡੇ-ਕੁੜੀਆਂ ਮਾਪਿਆਂ ਲਈ ਗੁੱਡੇ-ਗੁੱਡੀਆਂ ਤੋਂ ਵੱਧ ਨਹੀਂ ਸਨ। ਅਗਵਾੜ ਦੀ ਧਰਮਸ਼ਾਲਾ ਵਿੱਚ ਉਹ ਸੋਤੇ ਤੱਕ ਖੇਡਦੇ ਰਹਿੰਦੇ। ਰੌਲਾ ਪਾਉਂਦੇ, ਚੀਕਾਂ ਮਾਰਦੇ। ਘਰ ਮੁੜਨ ਲੱਗੇ ਉੱਚੀ-ਉੱਚੀ ਬੋਲਦੇ, 'ਮੂਹਰਲਿਓ-ਮੂਹਰਲਿਓ ਖਿਚ ਲਓ ਡੋਰ, ਮਗਰਲਿਆਂ ਦੀ ਮਾਂ ਨੂੰ ਲੈ ਗਏ ਚੋਰ।'

ਤੇ ਫੇਰ ਜਦੋਂ ਸੰਤਾਲੀ ਦੀ ਵੱਢ-ਟੁੱਕੀ ਹੋਈ, ਜੁੰਮੇ ਦਾ ਪਿਓ ਤੇ ਉਹ ਦੇ ਦੋਵੇਂ ਚਾਚੇ ਏਧਰ ਹੀ ਮਾਰੇ ਗਏ। ਭੈਣਾਂ ਨੂੰ ਮਿਲਟਰੀ ਕੈਂਪ ਵਾਲੇ ਲੈ ਗਏ। ਉਹ ਤੇ ਉਹ ਦੀ ਮਾਂ ਹਵੇਲੀ ਵਾਲਿਆਂ ਦੇ ਘਰ ਨੀਰੇ ਵਾਲੀ ਸਬ੍ਹਾਤ ਵਿੱਚ ਛੁਪ ਕੇ ਬੈਠੇ ਰਹੇ। ਉੱਥੇ ਹੀ ਰੋਟੀ-ਪਾਣੀ। ਉੱਥੇ ਹੀ ਰਾਤ ਨੂੰ ਸੋਂ ਜਾਂਦੇ। ਗਰਮੀ-ਸਰਦੀ ਦਾ ਕੋਈ ਅਹਿਸਾਸ ਨਹੀਂ ਸੀ। ਮੂੰਹ-ਹਨੇਰੇ ਉੱਠ ਕੇ ਜੰਗਲ-ਪਾਣੀ ਜਾ ਆਉਂਦੇ। ਨੀਰੇ ਵਾਲੀ ਸਬ੍ਹਾਤ ਹੀ ਉਨ੍ਹਾਂ ਦਾ ਸੰਸਾਰ ਬਣ ਗਿਆ। ਸਰਦਾਰੋ ਉਨ੍ਹਾਂ ਨੂੰ ਰੋਟੀ ਪਾਣੀ ਦੇ ਕੇ ਜਾਂਦੀ। ਜੁੰਮੇ ਦੀ ਮਾਂ ਸਰਦਾਰੋ ਨੂੰ ਪੁੱਚ-ਪੁੱਚ ਕਰਕੇ ਪਿਆਰ ਕਰਦੀ। ਉਹ ਨੂੰ ਆਪਣੀ ਹਿੱਕ ਨਾਲ ਲਾ ਕੇ ਘੁੱਟਦੀ ਜਿਵੇਂ ਉਹ ਆਪਣੀ ਧੀ ਹੋਵੇ। ਰਾਤ ਨੂੰ ਜੁੰਮੇ ਨੂੰ ਆਪਣੀ ਹਿੱਕ ਨਾਲ ਘੁੱਟ ਕੇ ਸੌਂਦੀ।

210

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ