ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/212

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਾਹਮਣੇ ਉਹ ਕੋਈ ਪ੍ਰਸਤਾਵ ਲੈ ਕੇ ਗਿਆ ਸੀ, ਉਹ ਇੰਝ ਦਾ ਚਿਹਰਾ ਬਣਾ ਲਿਆ ਕਰਦੀ। ਮੁਸਕਰਾਹਟ ਤੇ ਇਨਕਾਰ ਦੀ ਅਦਭੁੱਤ ਮੁੱਦਰਾ। ਤੇ ਫੇਰ ......।

ਤੇ ਹੁਣ ਜੁੰਮੇ ਦੀ ਸਾਰੀ ਜ਼ਿੰਦਗੀ ਉਸ ਇੱਕ ਚਿਹਰੇ ਨੂੰ ਫੜਨ ਵਿੱਚ ਲੱਗੀ ਹੋਈ ਸੀ। ਜ਼ਿੰਦਗੀ ਦਾ ਇੱਕ ਸਾਰਥਕ ਰੁਝੇਵਾਂ। ਇੱਛਾਵਾਂ ਦਾ ਕਾਲਪਨਿਕ ਸਮਰਥਣ ਤੇ ਫਿਰ ਇੱਕ ਸਵੇਰ ......।

ਸਰਦਾਰੋ ਦੀ ਗੋਦੀ ਨਵਾਂ ਬਾਲ ਸੀ।ਉਹ ਦਾ ਪੁੱਤਰ ਉਮ੍ਹਲ-ਉਮ੍ਹਲ ਥੱਲੇ ਡਿੱਗਣ ਨੂੰ ਕਰਦਾ।

ਸਵੇਰੇ-ਸਵੇਰੇ ਜੁੰਮਾ ਬੁੱਤ ਦੇ ਚਿਹਰੇ 'ਤੇ ਮੁਹੱਬਤ ਦੀ ਆਖਰੀ ਮਿੱਟੀ ਚੜ੍ਹਾ ਰਿਹਾ ਸੀ। ਅੱਜ ਬੁੱਤ ਨੇ ਮੁਕੰਮਲ ਹੋ ਜਾਣਾ ਸੀ। ਮੁਸਕਰਾਹਟ ਤੇ ਇਨਕਾਰ ਦੀ ਸੰਤੁਲਤ ਮਾਤਰਾ ਵਿੱਚ।

ਨਹੇਰਨੇ ਦੀ ਚੁੰਝ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ। ਆਪਣੇ ਪੂਰੇ ਵੇਗ ਵਿੱਚ। ਸਰਦਾਰੋ ਨੇ ਛਤਣੇ ਅੱਗੇ ਆ ਕੇ ਜੁੰਮੇ ਨੂੰ ਹਾਕ ਮਾਰੀ। ਇੰਕ ਬਿੰਦ ਚੁੰਝ ਰੁਕੀ। ਜੁੰਮਾ ਮੋਢੇ 'ਤੋਂ ਦੀ ਝਾਕਿਆ। ਸਰਦਾਰੋ ਨੂੰ ਪਹਿਚਾਣਿਆ ਸੀ। ਪਰ ਹੂੰ ਕਹਿ ਕੇ ਦੂਜੇ ਬਿੰਦ ਹੀ ਆਪਣੇ ਕੰਮ ਵਿੱਚ ਰੁੱਝ ਗਿਆ। ਇਹ ਕੰਮ ਉਹ ਨੇ ਪਹਿਲਾਂ ਨਿਬੇੜਨਾ ਹੋਵੇਗਾ। ਸਵੇਰ ਵੀ ਹੋ ਗਈ। ਭੱਠੇ 'ਤੇ ਵੀ ਜਾਣਾ ਸੀ। ਸਰਦਾਰੋ ਦੋ ਪਲ ਰੁਕੀ ਤੇ ਉਹ ਦੀ ਪਿੱਠ 'ਤੇ ਨਜ਼ਰਾਂ ਤਿਲ੍ਹਕਾਉਂਦੀ ਜੁੰਮੇ ਦੀ ਬੁੱਢੀ ਮਾਂ ਵੱਲ ਚਲੀ ਗਈ।

ਕੰਮ ਮੁਕਾ ਕੇ ਜੁੰਮਾ ਉੱਠਿਆ, ਸਰਦਾਰੋ ਕਿਧਰੇ ਵੀ ਨਹੀਂ ਸੀ। ਜਾ ਚੁੱਕੀ ਸੀ। ਪਤਾ ਨਹੀਂ ਕਿਉਂ ਆਈ ਸੀ। ਇਹ ਸਭ ਕਾਸੇ ਬਾਰੇ ਜੁੰਮੇ ਨੇ ਸੋਚਿਆ ਵੀ ਨਹੀਂ।

ਸਰਦਾਰੋ ਦਾ ਅਸਲੀ ਚਿਹਰਾ ਮੁਕੰਮਲ ਸੀ।

ਤੇ ਫੇਰ ਜੁੰਮਾ ਗਧਿਆਂ 'ਤੇ ਇੱਟਾਂ ਢੋਂਹਦਾ ਵੀ ਸੋਚਦਾ ਹੈਰਾਨ ਹੁੰਦਾ ਰਹਿੰਦਾ, ਸਰਦਾਰੋ ਦੀ ਮਿੱਟੀ ਨਾਲ ਉਹ ਨੂੰ ਐਨੀ ਮਹੱਬਤ ਕਿਉਂ ਹੈ।

ਸਰਦਾਰੋ ਦੇ ਮਾਸ ਤੇ ਉਹ ਦੀ ਮਿੱਟੀ ਵਿੱਚ ਜਿਵੇਂ ਕੋਈ ਫ਼ਰਕ ਨਾ ਰਹਿ ਗਿਆ ਹੋਵੇ।♦

212
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ