ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/221

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬੱਸ ਸੌਣ ਲੱਗੇ ਆਂ। ਤੇਰੀ ਇਸ ਕਹਾਣੀ 'ਚ ਕੋਈ ਨਵੀਂ ਗੱਲ ਨਹੀਂ। ਹਰ ਕਹਾਣੀ 'ਚ ਮੁੜ-ਮੁੜ ਇੱਕੋ ਗੱਲ ਨੂੰ ਦੁਹਰਾਈ ਜਾਨੈ।'

'ਓਏ ਨਹੀਂ, ਤੁਸੀਂ ਬੈਠੇ ਜਾਓ, ਵੀਰ, ਬਣ ਕੇ। ਹੁਣ ਤਾਂ ਬੱਸ ਥੋੜ੍ਹਾ ਈ ਰਹਿੰਦੀ ਐ।'

'ਚੰਗਾ, ਛੇਤੀ-ਛੇਤੀ ਮੁਕਾ।'

'ਇੱਕ ਦਿਨ ਉਹ ਨਿਸ਼ਾ ਨੂੰ ਪੁੱਛਣ ਲੱਗਿਆ, 'ਤੂੰ ਮੈਨੂੰ ਕਿਨਾ ਕੁ ਪਿਆਰ ਕਰਦੀ ਐਂ?'

'ਦਿਨੇਸ਼ ਤੈਨੂੰ ਕਿਵੇਂ ਸਮਝਾਵਾਂ ਕਿ ਮੈਂ ਤੈਨੂੰ ਬੇਹੱਦ ਪਿਆਰ ਕਰਦੀ ਆਂ। ਤੈਨੂੰ ਵਿਸ਼ਵਾਸ ਕਿਉਂ ਨ੍ਹੀਂ ਆਉਂਦਾ?'

ਵਿਸ਼ਵਾਸ ਤਾਂ ਹੈ, ਪਰ ਆਪਣੇ ਇਸ ਪਿਆਰ ਦੀ ਮੰਜ਼ਲ ਤਾਂ ਦੱਸ ਕੀਹ ਐ?'

ਮੰਜ਼ਲ ਤੋਂ ਤੇਰਾ ਮਤਲਬ?'

'ਆਪਾਂ ਇਕ-ਦੂਜੇ ਨੂੰ ਬੇ-ਮਤਲਬਾ ਪਿਆਰ ਕਰਦੇ ਆਂ।'

'ਪਿਆਰ ਵਿੱਚ ਕਈ ਮਤਲਬ ਵੀ ਹੁੰਦੈ, ਦਿਨੇਸ਼?'

'ਹਾਂ, ਹੁੰਦੈ।'

'ਕੀ?'

'ਪਿਆਰ ਦੀ ਆਖ਼ਰੀ ਮੰਜ਼ਲ ਐ, ਇੱਕ-ਦੂਜੇ 'ਚ ਅਭੇਦ ਹੋ ਜਾਣਾ।'

'ਤੇਰਾ ਮਤਲਬ?'

'ਆਪਾਂ ਵਿਆਹ ਕਰਵਾ ਲਈਏ।'

'ਵਿਆਹ?' ਨਿਸ਼ਾ ਉਹ ਦੇ ਚਿਹਰੇ ਵੱਲ ਦੇਖਣ ਲੱਗੀ। ਉਹ ਨੂੰ ਲੱਗਿਆ, ਦਿਨੇਸ਼ ਦੀਆਂ ਪੁੜਪੁੜੀਆਂ ਦੇ ਵਾਲ ਜਿਵੇਂ ਪਹਿਲਾਂ ਨਾਲੋਂ ਵੱਧ ਚਿੱਟੇ ਹੋ ਗਏ ਹੋਣ। ਉਹ ਦੀਆਂ ਅੱਖਾਂ ਥੱਲੇ ਦਾਖ਼ੀ ਗੋਲ ਘੇਰੇ ਹੋਰ ਚਮਕਣ ਲੱਗੇ। ਉਹ ਦੇ ਨੱਕੋਂ, ਗੱਲ੍ਹਾਂ ਦੇ ਹੇਠਾਂ, ਉਤਲੇ ਬੁੱਲ੍ਹਾਂ ਦੇ ਕਿਨਾਰਿਆਂ ਨੂੰ ਛੋਹ ਕੇ ਉਤਰਦੀਆਂ ਦੋ ਲਕੀਰਾਂ ਹੋਰ ਡੂੰਘੀਆਂ ਦਿੱਸਣ ਲੱਗੀਆਂ। ਉਹ ਨੂੰ ਲੱਗਿਆ, ਦਿਨੇਸ਼ ਨੇ ਉਹ ਨੂੰ ਕੋਈ ਅਣਹੋਣੀ ਗੱਲ ਕਹਿ ਦਿੱਤੀ ਹੈ। ਸੰਘੋ ਸੁੱਕੇ ਬੋਲ ਉਹ ਦੇ ਪੇਪੜੀ ਜੰਮੇ ਬੁੱਲ੍ਹਾਂ ਵਿੱਚੋਂ ਮਸ੍ਹਾਂ ਹੀ ਬਾਹਰ ਆਏ, 'ਵਿਆਹ ਤਾਂ ਮੇਰਾ ਕਿਸੇ ਹੋਰ ਨਾਲ ਈ ਹੋਊਗਾ।'

'ਨਿਸ਼ਾ, ਤੂੰ ਮੈਨੂੰ ਸਮਝਦੀ ਕਿਉਂ ਨ੍ਹੀਂ? ਮੈਂ ਕਿੰਨਾ ਦੁਖੀ ਆਂ।'

'ਤੂੰ ਸਬਰ ਕਰ।'

'ਸਬਰ ਹੁੰਦਾ ਨ੍ਹੀਂ।

'ਤਾਂ ਫੇਰ ਵਿਆਹ ਕਰਵਾ ਲੈ।'

'ਕੀਹਦੇ ਨਾਲ ਕਰਵਾ ਲਵਾਂ?'

'ਕਿਸੇ ਨਾਲ ਵੀ, ਕੋਈ ਲੱਭ ਲੈ ਆਪਣੇ ਵਰਗੀ। ਜਿਹੜੀ ਤੇਰੇ ਸਿਧਾਰਥ ਦੀ ਮਾਂ ਬਣ ਕੇ ਰਹੇਂ।'

'ਉਹ ਨੂੰ ਲੱਗਿਆ, ਨਿਸ਼ਾ ਉਹ ਨੂੰ ਮੱਤਾਂ ਦੇ ਰਹੀ ਹੈ। ਉਹ ਨੂੰ ਮੱਤਾਂ ਦੀ ਲੋੜ ਨਹੀਂ ਸੀ। ਉਹ ਨੂੰ ਨਿਸ਼ਾ ਚਾਹੀਦੀ ਸੀ। ਗੁੱਲੀ-ਡੰਡਾ ਖੇਡਣ ਦੀ ਉਮਰ ਹੰਢਾ ਰਹੇ

ਅਧੂਰੀ ਬਹਿਸ ਦਾ ਜ਼ਹਿਰ
221