ਸਿਧਾਰਥ ਨੂੰ ਉਹ ਆਪਣੇ ਨਾਲ ਪਾ ਲੈਂਦਾ ਤੇ ਉਹ ਨੂੰ ਪੋਲਾ-ਪੋਲਾ ਆਪਣੀ ਹਿੱਕ ਨਾਲ ਘੁੱਟਣ ਲੱਗਦਾ। ਉਹ ਦੇ ਹੱਥਾਂ ਨੂੰ ਨਿਸ਼ਾਂ ਦੇ ਹੱਥ ਸਮਝ ਕੇ ਚੁੰਮਣ ਲੱਗਦਾ। ਉਹ ਬਜ਼ਾਰ ਜਾਂਦਾ ਤਾਂ ਭੀੜ ਵਿੱਚੋਂ ਨਿਸ਼ਾ ਦਾ ਚਿਹਰਾ ਲੱਭਦਾ ਰਹਿੰਦਾ। ਹਰ ਜਵਾਨ ਔਰਤ ਉਹ ਨੂੰ ਨਿਸ਼ਾ ਲੱਗਦੀ। ਮਨ ਅੰਦਰ ਹੀ ਉਹ ਨਿਸ਼ਾ ਨਾਲ ਸੌ-ਸੌ ਗੱਲਾਂ ਕਰਦਾ। ਕਦੇ ਲੜਦਾ, ਕਦੇ ਰੁੱਸਦਾ, ਕਦੇ ਉਹ ਨੂੰ ਪਿਆਰ ਕਰਦਾ। ਉਹ ਦੀ ਸੋਚ ਭਟਕ-ਭਟਕ ਜਾਂਦੀ। ਉਹ ਦਾ ਸਰੀਰ ਘਟਣ ਲੱਗਿਆ। ਰੋਟੀ ਖਾਣ ਬੈਠਦਾ, ਬੁਰਕੀ ਉਹ ਦੇ ਮੂੰਹ ਵਿੱਚ ਫੁੱਲਣ ਲੱਗਦੀ। ਉਹ ਅੱਧੀ ਅੱਧੀ ਰਾਤ ਤੱਕ ਜਾਗਦਾ ਰਹਿੰਦਾ। ਪਾਗਲਾਂ ਵਾਂਗ ਉਹ ਦੀ ਨਜ਼ਰ ਕੰਧਾਂ ਨਾਲ ਟਕਰਾਉਂਦੀ। ਨਿਸ਼ਾ ਉਹ ਨੂੰ ਪਿਆਰ ਤਾਂ ਕਰਦੀ ਸੀ, ਪਰ ਵਿਆਹ ਵਰਗੇ ਸ਼ਬਦ ਨੂੰ ਸੁਣਨਾ ਵੀ ਨਹੀਂ ਚਾਹੁੰਦੀ ਸੀ।'
'ਪਿਆਰ, ਵਿਆਹ, ਨਿਸ਼ਾ, ਦਿਨੇਸ਼ ... ਛੱਡ ਪਰ੍ਹੇ। ਕਿਉਂ ਬੋਰ ਕੀਤੈ? ਬੱਤੀ ਬੁਝਾ ਕੇ।'
'ਓਏ, ਨਹੀਂ..'
'ਗੱਲ ਐਨੀ ਐ, ਤੇਰੀ ਇਹ ਨਿਸ਼ਾ ਤੇਰੇ ਦਿਨੇਸ਼ ਨੂੰ ਜਿਹੜਾ ਪਿਆਰ ਕਰਦੀ ਐ ਨਾ, ਇਹ ਹਮਦਰਦੀ ਐ ਉਹ ਦੀ। ਪਿਆ-ਵਿਆਰ ਕੁਛ ਨ੍ਹੀਂ ਤੇਰਾ ਦਿਨੇਸ਼ ਸਮਝਦਾ ਨ੍ਹੀਂ। ਕੁੜੀ ਦੀ ਹਮਦਰਦੀ ਨੂੰ ਉਲਟਾ ਲੈਂਦੈ।'
ਤੂੰ ਯਾਰ ਕੁੜੀ ਦਾ ਵਿਆਹ ਕਰਵਾ ਦੇ ਹੋਰ ਕਿਤੇ, ਉਹ ਦੇ ਹਾਣ ਦੇ ਮੁੰਡੇ ਨਾਲ। ਤੇਰਾ ਇਹ ਦਿਨੇਸ਼ ਆਪੇ ਚੁੱਪ ਕਰ ਜਾਊ।' ਤੁਹਾਡੇ ਵਿੱਚੋਂ ਹੀ ਕੋਈ ਸੁਝਾਓ ਦਿੰਦਾ ਹੈ।
'ਨਹੀਂ ਸਮੱਸਿਆ ਕੁੜੀ ਦੀ ਨ੍ਹੀਂ, ਦਿਨੇਸ਼ ਦੀ ਐ।'
'ਦਿਨੇਸ਼ ਫੇਰ ਸਮਝੂਗਾ ਕਿਵੇਂ?'
'ਇਹ ਤਾਂ ਉਹ ਦੀ ਕਹਾਣੀ ਐ।'
'ਯਾਰ, ਗੱਲ ਸੁਣ।'
'ਕੀ?'
'ਤੇਰਾ ਇਹ ਦਿਨੇਸ਼ ਨਾ ਤਾਂ 'ਘਰ' ਚਾਹੁੰਦੈ, ਨਾ ਪਿਆਰ ਨੂੰ ਚਾਹੁੰਦੈ, ਜਿਹੜਾ ਕੁਛ ਇਹ ਮੰਗਦੈ, ਉਹ ਤਾਂ ਕਿਤੋਂ ਵੀ ਲੈ ਲਵੇ, ਬੰਨ੍ਹਿਐ ਬਈ ਨਿਸ਼ਾ ਈ...'
'ਨਹੀਂ, ਇਹ ਵੀ ਨ੍ਹੀਂ ਉਹ ਇੱਕ ਸ਼ਰੀਫ਼ ਆਦਮੀ ਐ। ਇਹ ਗੱਲ ਉਹ ਨਹੀਂ ਕਰ ਸਕਦਾ। ਉਹ ਇੱਕ ਔਰਤ ਨੂੰ ਚਾਹੁੰਦੈ, ਉਹ ਔਰਤ ਨਿਸ਼ਾ ਈ ਐ। ਉਹ ਦਾ 'ਘਰ' ਨਿਸ਼ਾ 'ਚ ਐ।'
'ਮਰੇ ਪਰ੍ਹੇ, ਯਾਰ। ਨਿਸ਼ਾ ਨ੍ਹੀਂ ਉਹ ਨੂੰ ਮਿਲਦੀ, ਕਿੰਨਾ ਜ਼ੋਰ ਲਾ ਲਵੇ।'
'ਤੁਸੀਂ ਕਹਾਣੀ ਤਾਂ ਸੁਣੋ।'
'ਯਾਰ, ਬੁਝਾ ਬੱਤੀ। ਕਿੱਡੀ ਰਾਤ ਹੋ ਗਈ।'
'ਚੰਗਾ, ਤੁਸੀਂ ਪੈ ਜਾਓ। ਪਏ-ਪਏ ਸੁਣੀ ਜਾਇਓ। ਕਹਾਣੀ ਖ਼ਤਮ ਕਰਕੇ ਬੱਤੀ ਬੁਝਾ ਦੂੰਗਾ। ਹੁਣ ਤਾਂ ਬੱਸ ਮੁੱਕਣ ਵਾਲੀ ਐ।'
'ਕਹਾਣੀ ਰਹਿਣ ਦੇ, ਇਹ ਦਾ ਅੰਤ ਦੱਸ ਦੇ ਬਸ ਕੀ ਐ। ਊਂ ਦੱਸ ਦੇ, ਆਹ ਕਾਗਜ਼ ਰੱਖ ਕੇ ਪਰ੍ਹੇ।'
222
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ