ਕੇ ਗਿਆ। ਇੱਕ ਵਾਰੀ ਸਿਰਫ਼ ਉਹ ਮੇਰੇ ਕੋਲ ਰਹੀ ਸੀ। ਓਦੋਂ, ਜਦ ਮੈਂ ਬਠਿੰਡੇ ਹੁੰਦਾ ਸਾਂ।
ਬਠਿੰਡੇ ਸਾਡੇ ਦਫ਼ਤਰ ਦੀਆਂ ਮੁਲਾਜ਼ਮ ਕੁੜੀਆਂ ਸੁਭਾਅ ਦੀਆਂ ਬੜੀਆਂ ਖੁੱਲ੍ਹੀਆਂ ਸਨ। ਸਾਡੇ ਨਾਲ ਖੁੱਲ੍ਹ ਖੁੱਲ੍ਹ ਗੱਲਾਂ ਕਰਦੀਆਂ, ਖੁੱਲ੍ਹ ਖੁੱਲ੍ਹ ਹਸਦੀਆਂ। ਸਾਡੇ ਨਾਲ ਚਾਹ ਪੀਂਦੀਆਂ, ਦੁਪਹਿਰ ਦੀ ਰੋਟੀ ਸਾਡੇ ਨਾਲ ਬਹਿਕੇ ਖਾਂਦੀਆਂ। ਸ਼ਾਮ ਨੂੰ ਬਜ਼ਾਰ ਵਿਚ ਮਿਲਦੀਆਂ ਤਾਂ ਖੜ੍ਹਕੇ ਗੱਲ ਕਰਦੀਆਂ। ਕਰਮਜੀਤ ਤਾਂ ਬਹੁਤੀ ਹੀ ਘੁਲੀ ਮਿਲੀ ਸੀ।
ਇੱਕ ਸ਼ਾਮ ਉਹ ਸਾਡੇ ਘਰ ਆਈ। ਮੈਂ ਅਖ਼ਬਾਰ ਦਾ ਐਡੀਟੋਰੀਅਲ ਪੜ੍ਹ ਰਿਹਾ ਸਾਂ। ਕੁਸ਼ੱਲਿਆ ਮੇਰੇ ਕੋਲ ਬੈਠੀ ਆਲੂ ਛਿੱਲ ਰਹੀ ਸੀ। ਕਰਮਜੀਤ ਨੇ ਆਉਣ ਸਾਰ ਮੇਰੇ ਹੱਥੋਂ ਅਖ਼ਬਾਰ ਖੋਹ ਲਿਆ ਸੀ। ਆਖਿਆ ਸੀ, "ਵੀਰ ਜੀ ਐਸ ਵੇਲੇ ਤਾਂ ਕਹਿੰਦੇ ਦਰਿਆ ਵੀ ਠਹਿਰ ਜਾਂਦੇ ਨੇ। ਤੁਸੀਂ ਕਦੇ ਤਾਂ ਆਰਾਮ ਨਾਲ ਬੈਠ ਜਾਇਆ ਕਰੋ।" ਕੁਸ਼ੱਲਿਆ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਉਸ ਨੇ ਉਸ ਦੇ ਹੱਥੋਂ ਚਾਕੂ ਫੜਿਆ ਸੀ, "ਆਲੂ ਮੈਂ ਛਿੱਲਦੀ ਆਂ, ਭਾਬੀ ਜੀ ਤੁਸੀਂ ਚਾਹ ਬਣਾਓ।"
ਕਿਉਂ, ਦੇਖੇ ਨੇ ਐਹੋ ਜ੍ਹੇ ਮਹਿਮਾਨ? ਆਪ ਈ ਮੰਗ ਲੈਂਦੇ ਨੇ ਚਾਹ।" ਕਹਿਕੇ ਮੈਂ ਹੱਸਣ ਦੀ ਕੋਸ਼ਿਸ਼ ਕੀਤੀ ਸੀ। ਕੁਸ਼ੱਲਿਆ ਦੇ ਮੱਥੇ 'ਤੇ ਤਿਉੜੀਆਂ ਪੈ ਗਈਆਂ ਸਨ। ਤਿਉੜੀਆਂ ਕੀ ਉਸ ਦਾ ਤਾਂ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ ਸੀ, ਅੱਖਾਂ ਟੱਡੀਆਂ ਰਹਿ ਗਈਆਂ ਸਨ। ਉਸ ਨੂੰ ਤਾਂ ਜਿਵੇਂ ਗਸ਼ੀ ਪੈਣ ਵਾਲੀ ਹੋਵੇ। ਰਸੋਈ ਵਿਚ ਚਾਹ ਬਣਾ ਕੇ ਉਹ ਸਾਨੂੰ ਫੜਾ ਗਈ ਸੀ। ਕਰਮਜੀਤ ਨੇ ਬਹੁਤ ਆਖਿਆ ਸੀ, "ਆਓ ਭਾਬੀ ਜੀ, ਤੁਸੀਂ ਵੀ ਪੀਓ ਹਿੱਕ ਪਿਆਲੀ।" ਪਰ ਕੁਸ਼ੱਲਿਆ ਨੇ ਤਾਂ ਰਸੋਈ ਵਿਚ ਹੀ ਜਿਵੇਂ ਕਬਰ ਪੁੱਟ ਲਈ ਹੋਵੇ। ਕਰਮਜੀਤ ਬੇਸ਼ਰਮ ਜਿਹੀ ਹੋ ਕੇ ਚਲੀ ਗਈ ਸੀ। ਕੁਸ਼ੱਲਿਆ ਨੇ ਮੇਰੇ ਕੋਲ ਆ ਕੇ ਕੰਧ ਨਾਲ ਟੱਕਰ ਮਾਰੀ ਸੀ। ਮੱਥੇ ਵਿਚੋਂ ਲਹੂ ਕੱਢ ਲਿਆ ਸੀ। ਦੁਹੱਥੜੀ ਪਿੱਟ ਰਹੀ ਸੀ, ਦੱਸੋ, ਕੌਣ ਐ ਇਹੋ, ਮੇਰੇ ਪਿਓ ਦੀ ਰੰਨ?"
ਹੁਣ ਮੈਂ ਪਿੰਡ ਦੇ ਨੇੜੇ ਹੀ ਹਾਂ। ਹਰ ਰੋਜ਼ ਬੱਸ 'ਤੇ ਘਰ ਆ ਜਾਂਦਾ ਹਾਂ। ਛੇ ਵਜੇ ਪਹੁੰਚ ਜਾਂਦਾ ਹਾਂ। ਕਦੇ ਕਦੇ ਕੋਈ ਦੋਸਤ ਮਿੱਤਰ ਮਿਲ ਜਾਵੇ ਤਾਂ ਦੇਰ ਵੀ ਹੋ ਜਾਂਦੀ ਹੈ। ਦੇਰ ਨਾਲ ਘਰ ਪਹੁੰਚਾ ਤਾਂ ਕੁਸ਼ੱਲਿਆ ਦਾ ਮੂੰਹ ਮੋਟੇ ਦਾ ਮੋਟਾ।
"ਚਾਹ ਬਣਾ ਕੁਸ਼ੱਲਿਆ।" ਮੈਂ ਕਹਿੰਦਾ ਹਾਂ। ਉਹ ਬੋਲਦੀ ਨਹੀਂ।
"ਸੁਣਿਆ ਨੀ? ਮੈਂ ਕੀ ਆਖਿਐ?"
"ਜਿੱਥੋਂ ਆਏ ਓ? ਓਥੇ ਨੀ ਮਿਲੀ ਚਾਹ?"
"ਔਣਾ ਮੈਂ ਕਿੱਥੋਂ ਸੀ? ਦਿਲਬਾਰ ਮਿਲ ਪਿਆ, ਸਹੁਰਿਆਂ ਦੀਆਂ ਗੱਲਾਂ ਛੇੜ ਕੇ ਬਹਿ ਗਿਆ, ਘੰਟਾ ਲਵਾ 'ਤਾ ਸਾਲੇ ਨੇ।"
"ਬਹਾਨੇ ਬਣੌਣੇ ਤਾਂ ਬਥੇਰੇ ਔਂਦੇ ਨੇ। ਮਿਲ ਗਈ ਹੋਣੀ ਐ ਕੋਈ ਸੌਕਣ ਮੇਰੀ।"
"ਐਵੇਂ ਭੌਂਕੀ ਨਾ ਜਾਹ।"
"ਮੈਂ ਤਾਂ ਕੁੱਤੀ ਹਾਂ ਈ। ਐਨਾ ਚਿਰ ਹੋਰ ਕਿੱਥੇ ਰਹੇ? ਮੈਂ ਜਾਣਦੀ ਨੀ?"
ਤੇ ਖਿੱਝਕੇ ਮੈਂ ਉਸ ਨੂੰ ਧੋਅ ਧੋਅ ਕੁੱਟ ਸੁੱਟਦਾ ਹਾਂ। ਉਹ ਰੋਂਦੀ ਹੈ ਤੇ ਕਹਿੰਦੀ ਹੈ- "ਮੈਨੂੰ ਤਪੌਣ ਆਲੀਏ, ਮੈਂ ਤਾਂ ਕਹਿਨੀਆਂ, ਤੇਰੀ ਦੇਹ ਨੂੰ ਕਾਂ ਕੁੱਤੇ ਨਾ ਖਾਣ।"
24
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ