ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਟਿਕਟ ਕੁਲੈਕਟਰ ਤੋਂ ਅਗਲਾ ਬੰਦਾ ਰਿਕਸ਼ੇ ਵਾਲਾ ਹੈ। ਅਸੀਂ ਮਾਡਲ ਟਾਊਨ ਪਹੁੰਚ ਜਾਂਦੇ ਹਾਂ। ਮਾਸੀ ਦੇ ਘਰ ਨੂੰ ਜਿੰਦਾ ਲੱਗਿਆ ਹੋਇਆ ਹੈ। ਗੰਗਾ ਗਵਾਂਢੀਆਂ ਨੂੰ ਪਹਿਲਾਂ ਹੀ ਜਾਣਦੀ ਹੈ। ਮਾਸੀ ਬਾਰੇ ਪੁੱਛਦੀ ਹੈ। ਇੱਕ ਬੁੜ੍ਹੀ ਚਾਬੀਆਂ ਦੇ ਕੇ ਦੱਸਦੀ ਹੈ, "ਮੁੰਡਾ ਆਇਆ ਸੀ, ਭਾਈ, ਰਾਤ। ਨਾਲ ਈ ਲੈ ਗਾ, ਫ਼ਰੋਜ਼ਪੁਰ ਨੂੰ। ਕਹਿ 'ਗੀ ਸੀ-ਜੇ ਭਲਾ ਗੰਗਾ ਆ ਜਾਵੇ, ਰਾਮਪੁਰਿਓਂ ਤਾਂ ਆਹ ਚਾਬੀਆਂ ਫੜਾ ਦਿਓ। ਅਸੀਂ ਤਾਂ ਬਹੁਤ ਆਖਿਆ ਸੀ ਬਈ ਜੇ ਆਊਗੀ ਤਾਂ ਸਾਡੇ ਰਹਿ ਪਊਗੀ।"

"ਮੈਂ ਤਾਂ ਖ਼ਤ ਵੀ ਲਿਖਿਆ ਸੀ, ਅੱਜ ਔਣ ਦਾ। ਤੇ ਫਿਰ ਗੰਗਾ ਆਪ ਹੀ ਕਹਿੰਦੀ ਹੈ, "ਕੀ ਕਰੇ ਮਾਸੀ ਵੀ? ਦੋ ਖ਼ਤ ਪਹਿਲਾਂ ਵੀ ਮੈਂ ਲਿਖੇ ਸੀ ਪਰ ਆਇਆ ਨਹੀਂ ਸੀ ਗਿਆ। ਸੋਚਦੀ ਹੋਊਗੀ-ਕਿੱਥੇ ਔਣੈ ਗੰਗਾ ਨੇ। ਹੁਣ ਵੀ ਤਾਂ ਮਸਾਂ ਆਈ ਆਂ ਭੱਜ ਨੱਠ 'ਚ।"

ਗੰਗਾ ਨੇ ਮਾਸੀ ਦਾ ਜਿੰਦਾ ਖੋਲ੍ਹਿਆ। ਮੈਨੂੰ ਅੰਦਰ ਬਿਠਾ ਕੇ ਆਪ ਉਹ ਰਸੋਈ ਵਿਚ ਆਟੇ ਦੀ ਤਲਾਸ਼ ਕਰਨ ਲੱਗਦੀ ਹੈ। ਗਵਾਂਢਣ ਬੁੜ੍ਹੀ ਆਉਂਦੀ ਹੈ ਤੇ ਕਹਿੰਦੀ ਹੈ, ਰੋਟੀ, ਧੀਏ, ਮੈਂ ਔਨੀ ਆਂ ਲੈ ਕੇ। ਐਵੇਂ ਨਾ ਕਿਤੇ ਤਵਾ ਧਰ ਲੀਂ।"

ਰੋਟੀ ਖਾ ਕੇ ਅਸੀਂ ਇੱਕੋ ਕਮਰੇ ਵਿਚ ਪੈ ਜਾਂਦੇ ਹਾਂ। ਕਾਫ਼ੀ ਰਾਤ ਤੀਕ ਗੱਲਾਂ ਕਰਦੇ ਰਹਿੰਦੇ ਹਾਂ। ਸੌਂ ਜਾਂਦੇ ਹਾਂ। ਸਵੇਰੇ ਉੱਠਦੇ ਹਾਂ। ਗਵਾਂਢਣ ਬੁੜ੍ਹੀ ਦੁੱਧ ਦੀ ਗੜਵੀ ਦੇ ਗਈ ਹੈ। ਗੰਗਾ ਚਾਹ ਬਣਾਉਂਦੀ ਹੈ। ਮੈਂ ਨਹਾ ਲੈਂਦਾ ਹਾਂ। ਚਾਹ ਪੀ ਕੇ ਹਸਪਤਾਲ ਨੂੰ ਤੁਰ ਪੈਂਦਾ ਹਾਂ।

ਘਰ ਆ ਕੇ ਸੋਚਦਾ ਹਾਂ, ਜੇ ਕੁਸ਼ੱਲਿਆ ਨੂੰ ਦੱਸ ਦਿਆਂ ਕਿ ਮੈਂ ਇੱਕ ਪਰਾਈ ਔਰਤ ਨਾਲ ਰਾਤ ਗੁਜ਼ਾਰ ਕੇ ਆਇਆ ਹਾਂ ਤਾਂ ਕੀ ਹੋਵੇ?

ਸੋਚਦਾ ਹਾਂ, ਬਚਪਨ ਵਿਚ ਲੱਤ ਨਾਲ ਮਾਂ ਰੱਸੀ ਬੰਨ੍ਹ ਦਿੰਦੀ ਸੀ, ਉਹ ਹੁਣ ਵੀ ਬੱਝੀ ਹੋਈ। ਮੈਂ ਓਨਾ ਹੀ ਨਿਤਾਣਾ ਹਾਂ। ਰੱਸੀ ਦੀ ਗੰਢ ਮੈਥੋਂ ਹੁਣ ਵੀ ਨਹੀਂ ਖੁੱਲ੍ਹਦੀ।

26

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ