ਹਨੇਰਾ ਕਮਰਾ
ਕਮਰੇ ਵਿਚ ਪੈਰ ਰੱਖਦਿਆਂ ਹੀ ਮੈਨੂੰ ਮਹਿਸੂਸ ਹੁੰਦਾ ਹੈ, ਜਿਵੇਂ ਸੂਰਜ ਛਿਪ ਗਿਆ ਹੋਵੇ। ਪਤਾ ਨਹੀਂ ਕਿਉਂ? ਦੁਪਹਿਰ ਵੀ ਹੋਵੇ ਤਾਂ ਵੀ ਇਸ ਕਮਰੇ ਵਿਚ ਆ ਕੇ ਸੂਰਜ ਦੇ ਛਿਪ ਜਾਣ ਦਾ ਅਹਿਸਾਸ ਹੋਣ ਲੱਗਦਾ ਹੈ।
ਰੋਜ਼ ਹੀ ਸ਼ਾਮ ਨੂੰ ਜਦ ਮੈਂ ਘਰ ਆਉਂਦਾ ਤਾਂ ਲੱਗਦਾ ਹੈ, ਜਿਵੇਂ ਕੋਈ ਚੀਜ਼ ਬਾਹਰ ਹੀ ਕਿਤੇ ਛੱਡ ਆਇਆ ਹੋਵਾਂ। ਮੇਰੇ ਅੰਦਰ ਕਿਤੇ ਕੁਝ ਮਰ ਗਿਆ ਲਗਦਾ ਹੈ, ਜਿਵੇਂ ਕੋਈ ਰੋਸ਼ਨੀ ਮੇਰੇ ਵਿਚੋਂ ਗਾਇਬ ਹੋ ਗਈ ਹੋਵੇ। ਪਰ ਇਹ ਅਹਿਸਾਸ ਮੈਨੂੰ ਆਪਣੇ ਘਰ ਆਪਣੇ ਕਮਰੇ ਵਿਚ ਆ ਕੇ ਕਿਉਂ ਹੁੰਦਾ ਹੈ?
ਮਹੇਸ਼ ਨੇ ਆਖਿਆ ਸੀ, "ਔਰਤ ਤਾਂ ਇੱਕ ਸਰੀਰਕ ਲੋੜ ਹੈ, ਦੋਸਤ। ਪਿਆਰ ਵਿਆਰ ਕੁੱਛ ਨੀ ਹੁੰਦਾ।
ਮੰਜੇ 'ਤੇ ਬਹਿ ਕੇ ਬੂਟਾਂ ਦੇ ਤਸਮੇ ਖੋਲ੍ਹਦਾ ਹਾਂ, ਜ਼ਿੰਦਗੀ ਦੀ ਗੰਢ ਕਦੋਂ ਖੁੱਲ੍ਹੇਗੀ? ਕੀ ਸਾਰੀ ਉਮਰ ਏਸੇ ਤਰ੍ਹਾਂ ਬੀਤ ਜਾਏਗੀ? ਪਿਚਕੀ ਹੋਈ ਗੰਢ ਵਾਂਗ?
ਤਹਿ ਖੋਲ੍ਹ ਕੇ ਰਜ਼ਾਈ ਨੂੰ ਢਿੱਡ ਤੀਕ ਖਿੱਚ ਲੈਂਦਾ ਹਾਂ। ਟੇਬਲ ਲੈਂਪ ਜਗਾਉਂਦਾ ਹਾਂ ਤੇ ਸਵੇਰ ਦੇ ਪੜ੍ਹੇ ਅਖ਼ਬਾਰ ਨੂੰ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗਦਾ ਹਾਂ। ਬੀਵੀ ਚਾਹ ਦਾ ਗਲਾਸ ਮੇਜ਼ 'ਤੇ ਰੱਖ ਜਾਂਦੀ ਹੈ। ਕਹਿ ਜਾਂਦੀ ਹੈ, "ਪੀ ਲਵੋ, ਨਹੀਂ ਤਾਂ ਠੰਡੀ ਹੋ ਜਾਵੇਗੀ।"
"ਜ਼ਿੰਦਗੀ ਵੀ ਇੱਕ ਚਾਹ ਹੈ। ਤੱਤੀ ਤੱਤੀ ਦੀਆਂ ਦੋ ਘੁੱਟਾਂ ਭਰ ਲਈਆਂ ਜਾਣ, ਆਪਣੀਆਂ ਹੁੰਦੀਆਂ ਹਨ। ਠੰਡੀ ਜ਼ਿੰਦਗੀ ਜਿਉਣ ਦਾ ਕੀ ਲਾਭ?" ਚਾਹ ਨੂੰ ਸ਼ਰਬਤ ਵਾਂਗ ਪੀਂਦਾ ਮੈਂ ਸੋਚ ਰਿਹਾ ਹਾਂ।
ਸੱਤ ਸਾਲ ਪਹਿਲਾਂ ਜਦ ਮੈਂ ਕੰਵਾਰਾ ਸਾਂ। ('ਕੰਵਾਰਾ' ਸ਼ਬਦ ਸਮਾਜਕ ਜਿਹਾ ਕਿਉਂ ਲੱਗਦਾ ਹੈ?) ਇੱਕ ਕੁੜੀ ਏਸੇ ਕਮਰੇ ਵਿਚ ਆਉਂਦੀ ਸੀ। ਮੇਰੇ ਅੰਗ ਅੰਗ ਵਿਚ ਥਰਕਣਾ ਛੇੜ ਦਿੰਦੀ ਸੀ। ਬਾਰੀ ਦੀਆਂ ਵਿਰਲਾਂ ਥਾਣੀ ਹਨੇਰਾ ਅੰਦਰ ਆ ਵੜ੍ਹਦਾ ਸੀ। ਪਰ ਮੈਨੂੰ ਲੱਗਦਾ ਹੁੰਦਾ ਸੀ, ਜਿਵੇਂ ਸੂਰਜ ਅਜੇ ਛਿਪਿਆ ਨਾ ਹੋਵੇ। ਉਦੋਂ ਉਹ ਕੁੜੀ ਹੀ ਮੇਰਾ ਸੂਰਜ ਸੀ।
ਜਦ ਦਾ ਉਹ ਸੂਰਜ ਮੇਰੇ ਕਮਰੇ ਵਿਚੋਂ ਛਿਪਿਆ ਹੈ, ਕਮਰੇ ਵਿਚ ਆਉਣ ਸਾਰ ਮੈਨੂੰ ਮਹਿਸੂਸ ਹੁੰਦਾ ਹੈ, ਜਿਵੇਂ ਆਕਾਸ਼ ਵਾਲਿਆਂ ਦਾ ਸੂਰਜ ਵੀ ਛਿਪ ਗਿਆ ਹੋਵੇ। ਕਮਰਾ ਹਨੇਰਾ ਘੁੱਪ ਹੈ। ਮੇਰੀ ਜ਼ਿੰਦਗੀ ਵਾਂਗ ਹੀ। ਬਾਰੀ ਦੀਆਂ ਵਿਰਲਾਂ ਥਾਈਂ