ਆਉਂਦੀ ਹਰ ਕਿਰਣ ਇਸ ਹਨੇਰੇ ਵਿਚ ਗੁਆਚ ਜਾਂਦੀ ਹੈ। ਟੇਬਲ ਲੈਂਪ ਦਾ ਚਾਨਣ ਤਾਂ ਬਣਾਵਟੀ ਹੈ। ਬੀਵੀ ਦੇ ਪਿਆਰ ਵਰਗਾ।
ਰੋਟੀ ਖਾ ਕੇ ਮੈਂ ਮਾਸਕ ਪੱਤਰ ਚੁੱਕ ਪੈਂਦਾ ਹਾਂ। ਕਹਾਣੀ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ। ਕੋਈ ਕਹਾਣੀ ਚੰਗੀ ਨਹੀਂ ਲੱਗਦੀ। ਹਰ ਇੱਕ ਦੀਆਂ ਮੁੱਢ ਵਿਚੋਂ ਦੋ ਤਿੰਨ ਸਤਰਾਂ ਪੜ੍ਹਦਾ ਹਾਂ। ਛੱਡ ਦਿੰਦਾ ਹਾਂ। ਕਹਾਣੀ ਦੇ ਵਿਚਾਲਿਓਂ ਕਿਤੇ ਕੋਈ ਚਟਖ਼ਾਰੇਦਾਰ ਫ਼ਿਕਰਾ ਪੜ੍ਹਨ ਦੀ ਲੋਚਾ ਜਾਗਦੀ ਹੈ। ਨਹੀਂ। ਅੰਤ ਦੇਖਦਾ ਹਾਂ, ਕੀ ਕੀਤਾ ਹੈ? ਪਰ ਸਾਰੀ ਕਹਾਣੀ ਪੜ੍ਹੇ ਬਿਨਾਂ ਅੰਤ ਦਾ ਕੀ ਪਤਾ ਲੱਗੇ? ਅਖੀਰ ਕੋਈ ਵੀ ਕਹਾਣੀ 'ਜ਼ਰੂਰ ਪੜ੍ਹਨੀਂ' ਸਮਝਕੇ ਇੱਕ ਕਹਾਣੀ ਮੁੱਢ ਤੋਂ ਹੀ ਪੜ੍ਹਨੀ ਸ਼ੁਰੂ ਕਰ ਦਿੰਦਾ ਹਾਂ।ਅੱਧ ਕੁ ਤੀਕ ਪਹੁੰਚ ਕੇ ਦਿਲਚਸਪੀ ਪੈਦਾ ਹੋ ਜਾਂਦੀ ਹੈ ਤੇ ਮੈਂ ਆਪਣੇ ਹਨੇਰੇ ਕਮਰੇ ਨੂੰ ਭੁੱਲ ਜਾਂਦਾ ਹਾਂ।
ਬੀਵੀ ਰਸੋਈ ਦਾ ਕੰਮ ਮੁਕਾ ਕੇ ਅੰਦਰ ਆਉਂਦੀ ਹੈ। ਮੰਜੇ 'ਤੇ ਬੈਠੀ ਗੋਦੀ ਵਾਲੇ ਜਵਾਕ ਨੂੰ ਦੁੱਧ ਚੁੰਘਾ ਕੇ ਸੁਲਾ ਦਿੰਦੀ ਹੈ। ਮੰਜੇ 'ਤੇ ਉਸ ਨੂੰ ਲਿਟਾ ਕੇ ਆਪ ਬਾਹੀ ਤੋਂ ਥੱਲੇ ਲੱਤਾਂ ਲਮਕਾਈ ਸਿਰ ਖ਼ੁਰਕ ਰਹੀ ਹੈ। ਕਿਸੇ ਡਰਾਉਣੇ ਸੁਪਨੇ ਕਰਕੇ ਜਵਾਕ ਦੀ ਨੀਂਦ ਉੱਖੜ ਜਾਂਦੀ ਹੈ ਤੇ ਰੋਂਦਾ ਹੈ। ਉਹ ਉਸ ਨੂੰ ਥਾਪੜਦੀ ਹੈ ਤੇ ਮੇਰੇ ਵੱਲ ਖਾਲੀ ਖਾਲੀ ਅੱਖਾਂ ਨਾਲ ਦੇਖ ਰਹੀ ਹੈ।
"ਨਿਬੇੜ ਆਈ ਸਾਰਾ ਕੰਮ? ਮਾਸਕ ਪੱਤਰ 'ਤੋਂ ਨਿਗਾਹ ਹਟਾਕੇ ਮੈਂ ਪੁੱਛਦਾ ਹਾਂ।
"ਹਾਹੋ" ਕਹਿ ਕੇ ਉਹ ਜਵਾਕ ਦੇ ਨਾਲ ਪੈ ਜਾਂਦੀ ਹੈ ਤੇ ਆਪਣੀ ਰਜਾਈ ਦੇ ਲੜਾਂ ਨੂੰ ਇਕੱਠਾ ਕਰਦੀ ਹੈ। ਮੈਂ ਚੁੱਪ ਚਾਪ ਪੜ੍ਹਦਾ ਰਹਿੰਦਾ ਹਾਂ। ਕਹਾਣੀ ਖ਼ਤਮ ਹੋਣ 'ਤੇ ਮੈਂ ਆਪਣੀ ਨਿਗਾਹ ਸਾਹਮਣੇ ਕੰਧ 'ਤੇ ਟਿਕਾਅ ਲਈ ਹੈ।
ਦਫ਼ਤਰ ਵਾਲੀ ਕੁੜੀ ਵੀ ਅਜੀਬ ਸੀ। ਜਿਸ ਦਿਨ ਉਸ ਦਾ ਬਹੁਤਾ ਹੀ ਜੀਅ ਕਰਦਾ, ਉਹ ਬਹਾਨਾ ਬਣਾ ਕੇ ਮੇਰੀ 'ਕੁਇੰਕ' ਵਿਚੋਂ ਆਪਣਾ ਪੈਨ ਭਰ ਕੇ ਲਿਜਾਂਦੀ ਤੇ ਇਉਂ ਲੱਗਦਾ, ਜਿਵੇਂ ਕੁਝ ਕਹਿਣ ਆਈ ਸੀ, ਪਰ ਕਹਿ ਨਹੀਂ ਸਕੀ। ਅੱਧੇ ਘੰਟੇ ਬਾਅਦ ਹੀ ਉਹ ਮੇਰੀ 'ਕੁਇੰਕ' ਦਾ ਢੱਕਣ ਆ ਖੋਲ੍ਹਦੀ। ਮੈਂ ਖੱਸੀ ਜਿਹੀ ਤਲਖ਼ੀ ਮਹਿਸੂਸ ਕਰਦਾ-ਐਡੀ ਛੇਤੀ ਪੈੱਨ ਖ਼ਾਲੀ ਹੋ ਗਿਆ? 'ਕੁਇੰਕ' ਵਿਚ ਆਪਣੇ ਪੈੱਨ ਦੀ ਸਿਆਹੀ ਕੱਢ ਕੇ ਪੈੱਨ ਨੂੰ ਦੁਬਾਰਾ ਭਰਦੀ ਉਹ ਕਹਿੰਦੀ, "ਛੁੱਟੀ ਹੋਣ ਸਾਰ ਸਾਈਕਲ ਚੁੱਕ ਕੇ ਰੇਲਵੇ ਗੋਦਾਮ ਕੋਲ ਆ ਜਾਇਓ। ਓਥੋਂ ਲੇਕ 'ਤੇ ਚੱਲਾਂਗੇ।"
ਲੇਕ ਤੋਂ ਅੱਗੇ ਸੜਕੇ ਸੜਕ ਜਾਈਏ ਤਾਂ ਇੱਕ ਜੰਗਲ ਆਉਂਦਾ ਹੈ। ਕਿੱਕਰਾਂ, ਬੇਰੀਆਂ, ਜੰਡਾਂ ਤੇ ਕਰੀਰਾਂ ਦਾ ਜੰਗਲ।
ਜੰਗਲ ਦਾ ਪਰਦਾ ਹੰਢਾ ਕੇ ਫਿਰ ਉਹ ਕਈ ਦਿਨ ਸੁੰਨ ਜਿਹੀ ਕਿਉਂ ਰਹਿੰਦੀ ਸੀ?
ਮੈਂ ਉਸ ਦਾ ਹੁਕਮ ਜਿਹਾ ਕਿਉਂ ਮੰਨ ਲੈਂਦਾ ਸਾਂ? ਹਰ ਵਾਰ ਹੀ ਮੰਨ ਲੈਂਦਾ ਸਾਂ। ਕਿਉਂ?
ਮੈਂ ਤਾਂ ਇਹ ਵੀ ਸੁਣਿਆ ਕਰਦਾ ਸੀ ਕਿ ਜਿਸ ਮੁੰਡੇ ਨਾਲ ਉਸ ਦਾ ਵਿਆਹ ਹੋ ਗਿਆ ਸੀ, ਉਸ ਨੂੰ ਉਹ ਦੋ ਤਿੰਨ ਸਾਲਾਂ ਤੋਂ ਪਿਆਰ ਕਰਦੀ ਆ ਰਹੀ ਸੀ। ਉਹ ਕਿਸ ਕਿਸਮ ਦਾ ਪਿਆਰ ਸੀ? ਤੇ ਮੇਰੇ ਨਾਲ ਇੱਕ ਸਰੀਰਕ ਲੋੜ? ਹੀ....ਹੀ...।
28
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ