ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਹੱਸੀ ਜਾਂਦੇ ਓ। ਤੁਸੀਂ ਸਮਝਦੇ ਓ, ਮੈਂ ਸੌਂ ਗਈ ਆਂ?" ਬੀਵੀ ਜਵਾਕ ਨਾਲੋਂ ਹੌਲੀ ਦੇ ਕੇ ਉੱਠਦੀ ਹੈ। ਕਹਿੰਦੀ ਹੈ, "ਬੇ ਜੀ ਨਾਲੋਂ ਗੁੱਡੀ ਨੂੰ ਚੁੱਕ ਲਿਆਵਾਂ। ਸੌਂ ਗਈ ਹੋਣੀ ਐ।"

ਮੈਂ ਚੁੱਪ ਹਾਂ।

ਉਹ ਉਬਾਸੀ ਲੈ ਕੇ ਅਗਵਾੜੀ ਭੰਨਦੀ ਹੈ ਤੇ ਮੇਰੀ ਰਜਾਈ ਦਾ ਲੜ ਚੁੱਕ ਕੇ ਇਕਦਮ ਬਿਸਤਰ ਵਿਚ ਆ ਘੁੱਸਦੀ ਹੈ। ਮੈਂ ਬਾਹੀ ਨਾਲ ਜਾ ਲਗਦਾ ਹਾਂ। ਮੇਰੇ ਪਿੰਡੇ ਨਾਲ ਉਹ ਚਿੱਚੜੀ ਬਣ ਜਾਂਦੀ ਹੈ। ਮੇਰੀ ਪਿੱਠ 'ਤੇ ਹੱਥ ਫੇਰਦੀ ਹੈ। ਕਹਿੰਦੀ ਹੈ, "ਬੰਟੀ ਨਾ ਜਾਗ ਪਵੇ ਕਿਤੇ?"

ਬੇ ਜੀ ਦੂਜੇ ਕਮਰੇ ਵਿਚ ਸੌਂਦੇ ਹਨ। ਗੁੱਡੀ ਨੂੰ ਬੇ ਜੀ ਨਾਲੋਂ ਚੁੱਕ ਕੇ ਬਿਸਤਰੇ 'ਤੇ ਪਾ ਜਾਂਦੀ ਹੈ ਤੇ ਆਪ ਬੰਟੀ ਨਾਲ। ਥੋੜ੍ਹੀ ਦੇਰ ਬਾਅਦ ਹੀ ਉਸ ਦੇ ਘਰਾੜੇ ਉੱਚੇ ਹੋ ਜਾਂਦੇ ਹਨ। ਮੇਰੀ ਨਿਗਾਹ ਫਿਰ ਸਾਹਮਣੇ ਕੰਧ 'ਤੇ ਹੈ।

ਨੀਂਦ ਦਾ ਕੁਝ ਹਿੱਸਾ ਬਿਸਤਰ 'ਤੇ ਛੱਡ ਕੇ ਉੱਠਦਾ ਹਾਂ। ਚਾਹ ਪੀਂਦਾ ਹਾਂ, ਟੱਟੀ ਜਾਂਦਾ ਹਾਂ, ਨਹਾਉਂਦਾ ਹਾਂ, ਰੋਟੀ ਖਾਂਦਾ ਹਾਂ ਤੇ ਦਫ਼ਤਰ।

ਦਫ਼ਤਰ ਵਿਚ ਸਾਰਾ ਦਿਨ ਕੰਮ ਕਰਨ ਦੀ ਰਫ਼ਤਾਰ ਮੱਠੀ ਪੈਂਦੀ। ਦਫ਼ਤਰ ਵਾਲੀ ਉਹ ਕੁੜੀ ਜਦ ਦੀ ਗਈ ਹੈ, ਹੋਰ ਕੁੜੀ ਵੱਲ ਦੇਖਣ ਨੂੰ ਜੀਅ ਨਹੀਂ ਕਰਦਾ।

ਪਰ ਸ਼ਾਮ ਨੂੰ ਘਰ ਆ ਕੇ ਕਮਰੇ ਵਿਚ ਹਨੇਰਾ ਕਿਉਂ ਮਹਿਸੂਸ ਹੁੰਦਾ ਹੈ?

ਹਨੇਰਾ ਕਮਰਾ

29