ਜੇ ਕਿਤੇ...
ਪਿਛਲੀ ਰਾਤ ਫ਼ਿਲਮ ਦੇਖ ਕੇ ਜਦ ਉਹ ਮੁੜੇ ਸਨ ਤਾਂ ਰਾਜੇਸ਼ ਉਸ ਨੂੰ ਉਸ ਦੇ ਕਮਰੇ ਤੀਕ ਛੱਡਣ ਚਲਿਆ ਗਿਆ ਸੀ। ਆਪਣੇ ਕਮਰੇ ਨੂੰ ਮੁੜਨ ਲੱਗਿਆ ਉਸ ਨੇ ਪੁੱਛਿਆ ਸੀ, "ਕਮਲਾ, ਕੱਲ੍ਹ ਨੂੰ ਪਿੰਡ ਨਾ ਚੱਲੀਏ?"
"ਕਿਉਂ?"
"ਮੈਂ ਚਾਹੁੰਨਾ, ਤੂੰ ਮੇਰੀ ਮਾਂ ਨੂੰ ਮਿਲ ਲਵੇਂ।
"ਮਤਲਬ?"
"ਮੈਂ ਚਾਹੁੰਨਾਂ, ਮਾਂ ਤੈਨੂੰ ਇੱਕ ਵਾਰੀ ਦੇਖ ਲਵੇ। ਫ਼ਿਕਰ ਵਾਲੀ ਕੋਈ ਗੱਲ ਨੀ। ਦੇਖਣ ਸਾਰ 'ਹਾਂ' ਕਹਿ ਦੇਣੈਂ ਓਸ ਨੇ ਤਾਂ। ਤੇਰੇ ਵਰਗੀ ਨੂੰਹ...।" ਉਸ ਨੇ ਕਮਲਾ ਦੀ ਠੋਡੀ ਨੂੰ ਹੱਥ ਲਾਇਆ ਸੀ।
"ਚੱਲ। ਮੈਨੂੰ ਕੀ ਇਤਰਾਜ਼ ਐ।" ਉਹ ਮੁਸਕਰਾਈ ਸੀ।
"ਚੰਗਾ ਤੜ੍ਹਕੇ ਫੇਰ ਸੰਦੇਹਾਂ ਈ ਆ ਜੀੰ, ਮੇਰੇ ਕਮਰੇ 'ਚ। ਨਾਸ਼ਤਾਂ ਕਰਕੇ ਓਥੋਂ ਹੀ ਚਲਾਂਗੇ ਬੱਸ ਸਟੈਂਡ ਨੂੰ।"
"ਚੰਗਾ, ਗੁੱਡ ਨਾਈਟ।"
"ਗੱਡ ਨਾਈਟ।"
ਦੋਵੇਂ ਇੱਕ ਪਿੰਡ ਦੇ ਕੁ-ਐਜੂਕੇਸ਼ਨਲ ਸਕੂਲ ਵਿਚ ਟੀਚਰ ਸਨ। ਸਕੂਲ ਸ਼ਹਿਰ ਤੋਂ ਪੰਦਰਾਂ ਕਿਲੋਮੀਟਰ ਦੂਰ ਸੀ। ਪਛੜਿਆ ਜਿਹਾ ਪਿੰਡ ਸੀ। ਨਵਾਂ ਸਕੂਲ। ਪਿੰਡ ਵਿਚ ਕਿਸੇ ਟੀਚਰ ਦੀ ਰਿਹਾਇਸ਼ ਨਹੀਂ ਸੀ। ਬਹੁਤੇ ਟੀਚਰ ਤਾਂ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਹੀ ਸਨ। ਬਾਕੀ ਦੇ ਸ਼ਹਿਰ ਆ ਜਾਂਦੇ ਸਨ। ਸ਼ਹਿਰ ਵਿਚ ਤਾਂ ਕਮਰੇ ਮਿਲ ਹੀ ਜਾਂਦੇ ਸਨ। ਸਾਰੀਆਂ ਸਹੂਲਤਾਂ ਬੱਸਾਂ ਆਮ ਚੱਲਦੀਆਂ ਸਨ। ਰਾਜੇਸ਼ ਤੇ ਕਮਲਾ ਵੀ ਸ਼ਹਿਰ ਆ ਕੇ ਠਹਿਰਦੇ ਸਨ। ਪਰ ਉਨ੍ਹਾਂ ਦੇ ਕਮਰੇ ਦੂਰ ਦੂਰ ਸਨ। ਰਾਜੇਸ਼ ਦਾ ਕਮਰਾ ਮਾਡਲ ਟਾਊਨ ਵਿਚ ਸੀ ਤੇ ਕਮਲਾ ਦਾ ਭਗਤ ਸਿੰਘ ਕਾਲੋਨੀ ਵਿਚ। ਦੋ ਕਿਲੋਮੀਟਰ ਦਾ ਫ਼ਰਕ, ਪਰ ਉਹ ਹਰ ਸ਼ਾਮ ਮਿਲਦੇ ਸਨ।
ਅੱਜ ਤੜਕੇ ਕਮਲਾ ਉਸ ਦੇ ਕਮਰੇ ਵਿਚ ਆਈ। ਸੰਦੇਹਾਂ ਹੀ ਆ ਗਈ ਸੀ। ਰਾਜੇਸ਼ ਤਾਂ ਅਜੇ ਤਿਆਰ ਵੀ ਨਹੀਂ ਸੀ ਹੋਇਆ। ਨਹਾ ਜ਼ਰੂਰ ਲਿਆ ਸੀ।
ਰਾਜੇਸ਼ ਨੇ ਦੋ ਅੰਡੇ ਭੰਨੇ। ਸਟੋਵ ਲਿਆ। ਦਸਤੇ ਵਾਲਾ ਡੂੰਘਾ ਜਿਹਾ ਤਵਾ ਸਟੋਵ 'ਤੇ ਰੱਖ ਕੇ ਘਿਓ ਦੀ ਕੜਛੀ ਪਾਈ ਤੇ ਵਿਚ ਪਿਆਜ਼ ਕੱਟ ਦਿੱਤਾ। ਕਮਲਾ ਨੂੰ ਆਖਿਆ ਕਿ