ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਲਿਆ ਗਿਆ। ਕੁੜੀ ਦੇ ਮਾਂ ਪਿਓ ਅੱਗ ਭਬੂਕਾ ਹੋ 'ਗੇ। ਕਹਿੰਦੇ ਕੌਣ ਐ ਇਹ ਮੁੰਡਾ ਉਹ ਕਹਿੰਦੀ ਮੇਰਾ ਜਮਾਤੀ ਐ। ਪਿਓ ਕਹਿੰਦਾ-ਜਮਾਤੀ ਐ ਤਾਂ ਘਰ ਲੈ ਕੇ ਔਣੈ? ਖਬਰੈ ਕੌਣ, ਨਾਈ, ਛੀਂਬਾ? ਉਸ ਨੇ ਮਾਂ ਨੂੰ ਦੱਸਿਆ ਖੱਤਰੀਆਂ ਦਾ ਈ ਮੁੰਡੈ। ਚੰਗਾ ਬਹੁਤ ਐ। ਤੇ ਹੌਲੀ ਦੇ ਕੇ ਇਹ ਵੀ ਪੁੱਛਿਆ-ਜੇ ਇਹ ...? ਮਾਂ ਨੇ ਪਿਓ ਕੋਲ ਗੱਲ ਕਰੀ। ਪਿਓ ਕਹਿੰਦਾ, ਕਿਸੇ ਖਾਨਦਾਨੀ ਘਰ ਦੇਵਾਂਗੇ ਕੁੜੀ ਨੂੰ। ਇਹ ਖਬਰੈ ਕੌਣ ਐ? ਮਾਂ ਪਿਓ ਖਬਰੈ ਕਹੇ ਜੇ ਨੇ ਏਹਦੇ? ਸ਼ਾਮ ਨੂੰ ਉਹ ਬੈਠਕ 'ਚ ਓਸ ਨੂੰ ਰੋਟੀ ਲੈ ਕੇ ਆਈ ਸਰੂਰ ਜੇ 'ਚ ਆ ਕੇ ਰੋਟੀ ਖਾਣ ਤੋਂ ਪਹਿਲਾਂ ਉਸ ਨੇ ਉਸ ਦਾ ਹੱਥ ਫੜਿਆ ਤੇ ਗਰਦਨ ਦੁਆਲੇ ਬਾਂਹ ਦੇ ਕੇ ਉਸ ਨੂੰ ਚੁੰਮਣ ਲੱਗਿਆ। ਪਿਓ ਨੇ ਦੇਖ ਲਿਆ। ਓਸ ਵੇਲੇ ਬੈਠਕ ਅੰਦਰ ਆ ਕੇ ਉਸ ਦੇ ਮੂੰਹ 'ਤੇ ਲੱਪੜ ਮਾਰਿਆ। ਕੁੜੀ ਨੂੰ ਧੱਕਾ ਦੇ ਕੇ ਖੂੰਜੇ 'ਚ ਸੁੱਟ 'ਤਾ। ਕਹਿੰਦਾ-ਐਸੇ ਵੇਲੇ ਨਿਕਲ ਜਾ ਮੇਰੇ ਘਰੋਂ ਹਰਾਮ ਜ਼ਾਦਿਆ। ਰੋਟੀ ਕਾਹਦੀ ਖਾਣੀ ਸੀ। ਓਸੇ ਵੇਲੇ ਏਅਰ ਬੈਗ ਚੁੱਕਿਆ ਤੇ ਘਰੋਂ ਬਾਹਰ ਹੋ ਗਿਆ।"

ਕਮਲਾ ਦੀ ਨੀਵੀਂ ਪਾਈ ਹੋਈ ਸੀ। ਉਸ ਨੇ ਵੱਡਾ ਸਾਰਾ ਹਉਕਾ ਲਿਆ। ਰਾਜੇਸ਼ ਗੱਲ ਕਰਦਾ ਸੀ ਤੇ ਚਾਹ ਦੀ ਘੁੱਟ ਭਰ ਲੈਂਦਾ ਸੀ। ਦੋ ਪੀਸਾਂ ਦੇ ਵਿਚਕਾਰ ਰੱਖ ਕੇ ਆਮਲੇਟ ਦਾ ਇੱਕ ਟੁਕੜਾ ਉਸ ਨੇ ਹੋਰ ਵੀ ਖਾ ਲਿਆ ਸੀ। ਗੱਲ ਕਰਦੇ ਕਰਦੇ ਉਸ ਨੇ ਕਈ ਵਾਰ ਆਖਿਆ ਸੀ, "ਕਮਲਾ, ਚਾਹ ਤਾਂ ਪੀ। ਆਮਲੇਟ ਤਾਂ ਲੈ। ਪੀਸ ਤਾਂ ਲੈ।" ਪਰ ਉਸ ਦੀਆਂ ਅੱਖਾਂ ਤਾਂ ਧਰਤੀ 'ਤੇ ਗੱਡੀਆਂ ਹੋਈਆਂ ਸਨ। ਉਹ ਤਾਂ ਹੁੰਗਾਰਾ ਵੀ ਨਹੀਂ ਸੀ ਭਰ ਰਹੀ, ਸਿਰਫ਼ ਸੁਣ ਰਹੀ ਸੀ। ਰਾਜੇਸ਼ ਨੇ ਗੱਲ ਜਾਰੀ ਰੱਖੀ। ਬੀ. ਐੱਡ. ਦਾ ਆਖ਼ਰੀ ਮਹੀਨਾ ਸੀ। ਕਾਲਜ ਜਾ ਕੇ ਉਹ ਇੱਕ ਦੂਜੇ ਦੇ ਮੱਥੇ ਨਹੀਂ ਸੀ ਲੱਗੇ। ਬੀ. ਐੱਡ. ਖ਼ਤਮ ਹੋਈ ਤੇ ਉਨ੍ਹਾਂ ਦਾ ਇੱਕ ਦੂਜੇ ਨੂੰ ਦੇਖ ਲੈਣਾ ਵੀ ਖ਼ਤਮ।"

ਕਮਲਾ ਦੀ ਚਾਹ ਠੰਡੀ ਹੋ ਗਈ ਸੀ। ਇੱਕ ਘੁੱਟ ਭਰ ਕੇ ਉਸ ਨੇ ਗਲਾਸ ਓਵੇਂ ਜਿਵੇਂ ਰੱਖ ਦਿੱਤਾ ਸੀ। ਹੁਣ ਤਾਂ ਤਿੰਨ ਚਾਰ ਮੱਖੀਆਂ ਵੀ ਗਲਾਸ ਵਿਚ ਮਰੀਆਂ ਪਈਆਂ ਸਨ। ਦੋ ਮੱਖੀਆਂ ਜਿਉਂਦੀਆਂ ਚਾਹ ਵਿਚ ਗੋਤੇ ਲਾ ਰਹੀਆਂ ਸਨ। ਕਮਲਾ ਦਾ ਚਿਹਰਾ ਹੰਝੂਆਂ ਨਾਲ ਭਿੱਜ ਗਿਆ ਸੀ।

"ਕਮਲਾ।"

ਉਸ ਨੇ ਉਤਾਂਹ ਨਿਗਾਹ ਕੀਤੀ ਤੇ ਇੱਕ ਅਜਨਬੀ ਖਿਆਲ ਨਾਲ ਰਾਜੇਸ਼ ਵੱਲ ਦੇਖਿਆ।

ਰਾਜੇਸ਼ ਨੇ ਵੱਡਾ ਸਾਰਾ ਹਉਕਾ ਲਿਆ। ਕਿਹਾ, "ਇਹ ਸਵੈਟਰ ਮੈਨੂੰ ਦੇ ਕੇ ਉਸ ਨੇ ਆਖਿਆ ਸੀ-ਰਾਜੇਸ਼, ਜਦੋਂ ਇਹ ਸਵੈਟਰ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੈ, ਮੈਨੂੰ ਕਮਲਾ ਯਾਦ ਆਕੇ ਮੇਰੀ ਸੁਰਤ ਜ੍ਹੀ ਮਾਰੀ ਜਾਂਦੀ ਐ।"

ਕੋਟ ਪਾ ਕੇ ਰਾਜੇਸ਼ ਸ਼ੀਸ਼ੇ ਮੂਹਰੇ ਹੋਇਆ। ਸਿਰ ਦੇ ਵਾਲਾਂ ਵਿਚ ਦੁਬਾਰਾ ਕੰਘਾ ਫੇਰਨ ਲੱਗਿਆ। ਕਹਿੰਦਾ, "ਉੱਠ, ਕਮਲਾ, ਚੱਲੀਏ।"

"ਰਾਜੇਸ਼, ਅੱਜ ਰਹਿਣ ਦੇ। ਫੇਰ ਕਦੇ ਚੱਲਾਂਗੇ। ਮੇਰੀ ਤਬੀਅਤ ਖ਼ਰਾਬ ਹੋ 'ਗੀ ਐ।" ਕਹਿ ਕੇ ਇਕਦਮ ਉਹ ਕਮਰੇ 'ਚੋਂ ਬਾਹਰ ਹੋ ਗਈ। ਰਾਜੇਸ਼ ਨੇ ਭੱਜ ਕੇ ਉਸ ਦੀ ਬਾਂਹ ਫੜੀ। ਉਸ ਨੇ ਝਟਕਾ ਦੇ ਕੇ ਬਾਂਹ ਛੁਡਾ ਲਈ।

32

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ