ਇੱਕ ਦਿਨ ਉਹ ਖੇਤ ਗਈ। ਨਾਲ ਉਸ ਦੀ ਇੱਕ ਸਹੇਲੀ ਸੀ, ਪਰਮਿੰਦਰ। ਅਸਲ ਵਿਚ ਪਰਮਿੰਦਰ ਹੀ ਉਸ ਨੂੰ ਖੇਤ ਲੈ ਕੇ ਗਈ ਸੀ। ਕਪਾਹ ਦੇ ਟੀਂਡਿਆਂ ਨੇ ਮੂੰਹ ਖੋਲ੍ਹੇ ਹੀ ਸਨ। ਉਨ੍ਹਾਂ ਦੇ ਟਿਊਬਵੈੱਲ 'ਤੇ ਬੀਜੀ ਕਪਾਹ ਸੰਘਣੀ ਸੀ, ਬੜੀ ਮੱਲੀ ਹੋਈ, ਉੱਚੀ ਉੱਚੀ। ਮਿੱਥੇ ਸਮੇਂ ਅਨੁਸਾਰ ਸੰਤੋਖ ਵੀ ਆ ਗਿਆ। ਪਰਮਿੰਦਰ ਟਾਹਲੀ ਥੱਲੇ ਬੈਠੀ ਇੱਕ ਕਿਤਾਬ ਫਰੋਲਦੀ ਰਹੀ। ਉਹ ਦੋਵੇਂ ਕਪਾਹ ਦੇ ਸੰਘਣੇ ਜੰਗਲ ਵਿਚ ਗੁਆਚੇ ਹੋਏ ਸਨ।
ਪਰਮਿੰਦਰ ਦੇ ਸਰੀਰ ਵਿਚ ਅਜੀਬ ਕਿਸਮ ਦਾ ਸੁਆਦ ਚੱਕਰ ਲਾ ਰਿਹਾ ਸੀ। ਉਹ ਖੁਸ਼ ਸੀ ਕਿ ਉਸ ਨੇ ਦੋ ਤੜਪਦੀਆਂ ਜਿੰਦੜੀਆਂ ਨੂੰ ਆਖ਼ਰ ਮਿਲਾ ਹੀ ਦਿੱਤਾ ਸੀ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਆਪਣੇ ਸਿਰ ਤੇ ਖੜ੍ਹੇ ਦੀਪ ਨੂੰ ਦੇਖਿਆ। "ਪਰਮਿੰਦਰ, ਤੂੰ ਐਥੇ ਬੈਠੀ ਐਂ?" ਦੀਪ ਨੇ ਮੁਸਕਰਾ ਕੇ ਪੁੱਛਿਆ। ਪਰਮਿੰਦਰ ਦੀ ਜੀਭ ਤਾਏ ਨਾਲ ਲੱਗੀ ਹੋਈ ਸੀ। ਤੇ ਫਿਰ ਦੀਪ ਨੇ ਕਪਾਹ ਦੇ ਟੂਸੇ ਹਿੱਲਦੇ ਦੇਖੇ। ਉਹ ਓਧਰ ਨੂੰ ਅਹੁਲਿਆ। ਗੰਦਮੀ ਰੰਗ ਦਾ ਇੱਕ ਮੁੰਡਾ ਜਿਸ ਦੀ ਠੋਡੀ 'ਤੇ ਲੂੰਈ ਫੁੱਟੀ ਹੋਈ ਸੀ, ਕਿਆਰੇ 'ਚੋਂ ਬਾਹਰ ਹੋਇਆ। ਦੀਪ ਦੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ, ਜਦ ਉਸ ਨੇ ਦੇਖਿਆ ਕਿ ਸਿੰਦਰ ਵੀ ਇੱਕ ਪਾਸਿਓਂ ਬਾਹਰ ਨਿਕਲੀ ਹੈ। ਦੀਪ ਦੇ ਹੱਥ ਵਿਚ ਲੱਕੜ ਦੇ ਛੋਟੇ ਜਿਹੇ ਬਹੇਂ ਵਾਲਾ ਗੰਡਾਸਾ ਸੀ। ਟਿਊਬਵੈੱਲ ਵਾਲੇ ਕਮਰੇ ਦੇ ਬਨੇਰੇ ਨਾਲ ਖਹਿੰਦਾ ਟਾਹਲੀ ਦਾ ਇੱਕ ਡਾਹਣਾ ਉਹ ਵੱਢ ਆਇਆ ਸੀ। ਸਿੰਦਰ ਨੂੰ ਉਸ ਦੇ ਖੇਤ ਆਉਣ ਦਾ ਕੋਈ ਪਤਾ ਨਹੀਂ ਸੀ। ਬੱਦਲ ਦੀ ਛਾਂ ਵਾਂਗ ਅੱਗੇ ਵਧ ਕੇ ਦੀਪ ਨੇ ਸੰਤੋਖ ਦੇ ਸਿਰ ਵੱਲ ਗੰਡਾਸੇ ਦਾ ਵਾਰ ਕੀਤਾ। ਤਿੰਨ ਦੌੜਾਂ ਨਾਲ ਹੀ ਉਸ ਦੀ ਲੱਥ ਖ਼ਾਲ ਵਿਚ ਪਈ ਤੜਫ਼ਦੀ ਸੀ। ਸਿੰਦਰ ਤੇ ਪਰਮਿੰਦਰ ਨੇ ਕੂਕਾਂ ਛੱਡੀਆਂ। ਪਰ ਜਦ ਉਨ੍ਹਾਂ ਨੇ ਦੇਖਿਆ ਕਿ ਉਹ ਉਨ੍ਹਾਂ ਵੱਲ ਵੀ ਆ ਰਿਹਾ ਹੈ, ਉਹ ਚੁੱਪ ਕਰ ਗਈਆਂ ਤੇ ਦੰਦ ਘੁੱਟ ਕੇ ਬੈਠ ਗਈਆਂ। ਉਹ ਉਨ੍ਹਾਂ ਦੋਵਾਂ ਨੂੰ ਬਾਹੋਂ ਫੜ ਕੇ ਟਿਊਬਵੈੱਲ ਵਾਲੇ ਕਮਰੇ ਵਿਚ ਲੈ ਗਿਆ। ਬਾਹਰਲਾ ਕੁੰਡਾ ਉਨ੍ਹਾਂ ਨੂੰ ਲਾ ਕੇ ਆਪ ਉਹ ਕਹੀ ਨਾਲ ਟੋਆ ਪੁੱਟਣ ਲੱਗ ਪਿਆ। ਅੰਦਰ ਬੈਠੀਆਂ ਉਹ ਬੜੀ ਧੀਮੀ ਆਵਾਜ਼ ਵਿਚ ਰੋ ਰਹੀਆਂ ਸਨ ਤੇ ਕਹੀ ਦੇ ਭਰਵੇਂ ਟੱਕਾਂ ਨੂੰ ਸੁਣ ਰਹੀਆਂ ਸਨ। ਥੋੜ੍ਹੇ ਚਿਰ ਵਿਚ ਹੀ ਦੀਪ ਨੇ ਸੰਤੋਖ ਦੀ ਲੋਥ ਡੂੰਘੇ ਟੋਏ ਵਿਚ ਦੱਬ ਕੇ ਉੱਪਰੋਂ ਚੰਗੀ ਤਰ੍ਹਾਂ ਮਿੱਟੀ ਥਾਪੜ ਦਿੱਤੀ। ਕਮਰੇ ਦਾ ਕੁੰਡਾ ਖੋਲ੍ਹ ਕੇ ਕੁੜੀਆਂ ਨੂੰ ਕੜਕਿਆ, "ਖ਼ਬਰਦਾਰ, ਜੇ ਪਿੰਡ ਜਾ ਕੇ ਸਾਹ ਕੱਢਿਐ।"
ਭਾਬੀ ਨੇ ਹਾਕ ਮਾਰੀ। ਸਿੰਦਰ ਥੜ੍ਹੇ ਵਾਲੀ ਥਾਂ 'ਤੇ ਬੈਠੀ ਮਿੱਟੀ ਦੀ ਇੱਕ ਢੇਰੀ ਬਣਾ ਰਹੀ ਸੀ। ਉਸ ਨੇ ਜਵਾਬ ਦਿੱਤਾ, "ਚੱਲ ਭਾਬੀ ਔਨੀਂ ਆਂ।" ਤੇ ਉਸ ਦੇ ਕੋਲ ਖੜ੍ਹੇ ਬਿਟ ਬਿਟ ਤੱਕ ਰਹੇ ਮੁੰਡੇ ਨੇ ਉਸ ਨੂੰ ਆਖਿਆ, "ਦੋ ਮੁੱਠੀਆਂ ਮਿੱਟੀ ਤੂੰ ਵੀ ਚੜ੍ਹਾ ਦੇ ਏਸ ਫੇਰੀ 'ਤੇ।"
ਇੱਕ ਢੇਰੀ ਮਿੱਟੀ ਦੀ
37