ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੀਹਣੀਂਉਸ ਦੀ ਬਰਾਤ ਆਉਣ ਵਿਚ ਸਿਰਫ਼ ਦੋ ਦਿਨ ਰਹਿੰਦੇ ਸਨ। ਅੱਜ ਸਵੇਰੇ ਜਦ ਉਹ 'ਬਾਹਰ' ਨਿਆਈਂ ਗਈ ਸੀ ਤਾਂ ਹਰਨੇਕ ਦੀ ਵੱਡੀ ਭਰਜਾਈ ਨੇ ਉਸ ਨੂੰ ਇੱਕ ਚਿੱਠੀ ਫੜਾਈ ਸੀ, ਜਿਸ ਵਿਚ ਲਿਖਿਆ ਸੀ, ਫਿਰ ਤਾਂ ਮੌਕਾ ਨਹੀਂ ਮਿਲਣਾ। ਪਤਾ ਨਹੀਂ ਸਹੁਰਿਆਂ ਤੋਂ ਕਦ ਮੁੜੇਂ। ਅੱਜ ਆਥਣੇ ਹਨੇਰਾ ਜਿਹਾ ਹੋਏ ਤੋਂ ਕਰਨੀ ਬੁੜ੍ਹੀ ਦੇ ਘਰ ਆ ਜਾਈਂ।

ਪਿਛਲੀ ਵਾਰ ਜਦ ਉਸ ਮਿਲੀ ਸੀ ਤਾਂ ਉਸ ਨੇ ਬਹੁਤ ਜ਼ਿਆਦਾ ਵਾਸਤੇ ਪਾਏ ਸਨ, ਉਹਦੇ ਪੈਰੀਂ ਹੱਥ ਵੀ ਲਾ ਦਿੱਤੇ ਸਨ ਤੇ ਕਿਹਾ ਸੀ ਕਿ ਉਹ ਉਸ ਦੀ ਬਾਰਾਤ ਆਉਣ ਤੋਂ ਪਹਿਲਾਂ ਪਹਿਲਾਂ ਉਸ ਨੂੰ 'ਕੱਢ' ਕੇ ਲੈ ਜਾਵੇ, ਭਾਵੇਂ ਕਿਤੇ ਲੈ ਜਾਵੇ। ਉਹ ਮੰਨਿਆ ਨਹੀਂ ਸੀ। ਫਿਰ ਉਸ ਨੇ ਬਹੁਤ ਗੰਭੀਰ ਹੋ ਕੇ ਆਖਿਆ ਸੀ ਕਿ ਉਹ ਉਸ ਨੂੰ ਹੁਣ ਕਦੇ ਵੀ ਨਾ ਬੁਲਾਵੇ। ਕੀ ਫ਼ਾਇਦਾ ਇਸ ਤਰ੍ਹਾਂ ਧੱਕੇ ਖਾਣ ਦਾ?

ਹਰਨੇਕ ਕਾਲਜ ਵਿਚ ਪੜ੍ਹਦਾ ਸੀ। ਉਹ ਪਿੰਡ ਦੇ ਸਕੂਲ ਵਿਚ ਦਸਵੀਂ ਜਮਾਤ ਵਿਚ ਪੜ੍ਹਦੀ ਹੁੰਦੀ। ਹਰਨੇਕ ਦਾ ਘਰ ਉਨ੍ਹਾਂ ਦੇ ਘਰ ਦੇ ਨੇੜੇ ਸੀ। ਹਰਨੇਕ ਦੀ ਮਾਂ ਨੂੰ ਪੁੱਛ ਕੇ ਉਹ ਕਦੇ ਉਸ ਕੋਲ ਅੰਗਰੇਜ਼ੀ ਦਾ ਗਰੈਮਰ ਸਮਝਣ ਆ ਜਾਇਆ ਕਰਦੀ। ਇੱਕ ਦਿਨ ਹਰਨੇਕ ਨੇ....। ਉਸ ਦਾ ਬਹੁਤ ਬੁਰਾ ਮਨਾਇਆ ਸੀ। ਘਰਾਂ ਵਿਚੋਂ ਹੀ ਚਾਚੇ ਦਾ ਪੁੱਤ ਹੋ ਕੇ ਉਸ ਦਾ ਕੀ ਕੰਮ? ਝੱਟ ਹਰਨੇਕ ਨੇ ਉਸ ਤੋਂ ਮਾਫ਼ੀ ਮੰਗ ਲਈ ਸੀ। ਉਹ ਫਿਰ ਵੀ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਰਹੀ ਸੀ। ਇੱਕ ਦਿਨ ਫਿਰ ਉਸ ਨੇ...।

ਇਕ ਦਿਨ ਹਰਨੇਕ ਉਨ੍ਹਾਂ ਦੇ ਘਰ ਆਇਆ ਸੀ। ਉਨ੍ਹਾਂ ਦਾ ਕੋਈ ਹੋਰ ਘਰ ਨਹੀਂ ਸੀ।

ਇਹ ਸਿਲਸਿਲਾ ਫਿਰ ਤਾਂ ਆਮ ਹੋ ਗਿਆ ਸੀ।

ਕਰਨੀ ਬੁੜ੍ਹੀ ਦਾ ਘਰ ਵਾਲਾ ਕਦੋਂ ਦਾ ਮਰ ਚੁੱਕਿਆ ਸੀ। ਦੋ ਧੀਆਂ ਸਨ, ਵਿਆਹ ਵਰ ਦਿੱਤੀਆਂ ਸਨ। ਮੁੰਡਾ ਕੋਈ ਨਹੀਂ ਸੀ। ਇਕੱਲੀ ਜਾਨ ਦੀ ਜਾਨ। ਹਰਨੇਕ ਨੇ 'ਤਾਈ ਜੀ', 'ਤਾਈ ਜੀ' ਕਰਕੇ ਉਸ ਕੋਲ ਗੱਲ ਖੋਲ੍ਹ ਦਿੱਤੀ। ਉਸ ਨਾਲ ਉਹ ਬਹੁਤਾ ਹੀ ਮਿੱਠਾ ਪਿਆਰਾ ਬਣਕੇ ਰਹਿੰਦਾ। ਜਦੋਂ ਉਨ੍ਹਾਂ ਦਾ ਦਾਅ ਲੱਗਦਾ, ਉਹ ਕਰਨੀ ਦੇ ਘਰ ਆ ਜਾਂਦੇ।

ਇਵੇਂ ਜਿਵੇਂ ਦਿਨ ਲੰਘਦੇ ਗਏ।

ਕੁੜੀ ਨੇ ਦਸਵੀਂ ਪਾਸ ਕਰ ਲਈ ਸੀ। ਹਰਨੇਕ ਬੀ. ਏ. ਪਾਰਟ ਪਹਿਲੇ ਵਿਚੋਂ ਤਿੰਨ ਵਾਰੀ ਫੇਲ੍ਹ ਹੋ ਕੇ ਘਰ ਬੈਠ ਗਿਆ ਸੀ। ਜ਼ਮੀਨ ਉਨ੍ਹਾਂ ਕੋਲ ਚੰਗੀ ਸੀ। ਹਰਨੇਕ

38

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ