ਦੇ ਦੋਵੇਂ ਭਰਾ ਵਾਹੀ ਦਾ ਕੰਮ ਜਿਉਂ ਤੇ ਕਿਉਂ ਕਰਦੇ ਸਨ। ਹਰਨੇਕ ਉਨ੍ਹਾਂ ਦੀ ਮਾੜੀ ਮੋਟੀ ਮੱਦਦ ਕਰਦਾ, ਜਾਨ ਤੋੜ ਕੇ ਉਸ ਨੇ ਕਦੇ ਵੀ ਕੰਮ ਨਹੀਂ ਸੀ ਕੀਤਾ। ਦੋਵੇਂ ਭਰਾ ਉਸ ਨੂੰ ਔਖਾ ਕਰਕੇ ਰਾਜ਼ੀ ਵੀ ਨਹੀਂ ਸਨ। ਉਹ ਤਾਂ ਚਾਹੁੰਦੇ ਸਨ ਕਿ ਉਹ ਨੌਕਰੀ ਲੈ ਲਵੇ। ਮਿੱਟੀ ਨਾਲ ਮਿੱਟੀ ਹੋ ਕੇ ਰਹਿਣ ਵਾਲਾ ਖੇਤੀਬਾੜੀ ਦਾ ਕੰਮ ਉਸ ਤੋਂ ਹੋਣਾ ਨਹੀਂ।
ਕੁੜੀ ਨੇ ਇੱਕ ਦਿਨ ਸੁਣਿਆ, ਉਸ ਦਾ ਪਿਓ ਉਸ ਨੂੰ ਕਿਤੇ ਮੰਗ ਆਇਆ ਹੈ। ਮੁੰਡਾ ਦਸ ਜਮਾਤਾਂ ਪੜ੍ਹ ਕੇ ਓਵਰਸੀਅਰੀ ਦਾ ਕੋਰਸ ਕਰ ਰਿਹਾ ਹੈ।
ਕਰਨੀ ਦੇ ਘਰ ਕੁੜੀ ਨੇ ਇੱਕ ਦਿਨ ਹਰਨੇਕ ਨੂੰ ਪੂਰੇ ਦਿਲ ਨਾਲ ਪੁੱਛਿਆ-
'ਇੱਕ ਗੱਲ ਆਖਾਂ ਹਰਨੇਕ?'
'ਆਖ।'
'ਭੱਜਦਾ ਤਾਂ ਨੀ?'
'ਅੱਗੇ ਕਦੇ ਭੱਜਿਆ ਮੈਂ ਤੈਥੋਂ?'
ਜਿਹੜਾ ਕੁਛ ਕੁੜੀ ਕੋਲ ਹੁੰਦੈ, ਉਹ ਤਾਂ ਮੈਂ ਤੈਨੂੰ ਦੇ ਬੈਠੀ, ਬਿਗਾਨੇ ਪੁੱਤ ਨੂੰ ਹੁਣ ਕੀ ਮੂੰਹ ਦਿਖਾਊਂ?
'ਬਿਗਾਨੇ ਪੁੱਤ ਵਾਸਤੇ ਅਜੇ ਬਥੇਰੇ ਕੁਛ ਹੈਗਾ ਤੇਰੇ ਕੋਲ। ਤੂੰ ਬੁੜ੍ਹੀ ਤਾਂ ਨੀ ਹੋਗੀ।'
'ਦੇਖ ਹਰਨੇਕ, ਜੇ ਅਸਲੀ ਪੁੱਛਦੈ ਤਾਂ ਮੈਂ ਤੇਰੇ ਵਸਣਾ ਚਾਹੁਨੀ ਆਂ।'
ਹਰਨੇਕ ਹੱਸਿਆ, "ਮੇਰੇ ਕਿਵੇਂ ਵਸੇਂਗੀ?"
'ਹੋਂਸਲਾ ਕਰ।'
'ਪਿੰਡ ਦੇ ਮੁੰਡੇ ਨਾਲ ਜੇ ਇਸ਼ਕ ਕੀਤਾ ਜਾ ਸਕਦੈ ਤਾਂ ਵਿਆਹ ਕਿਉਂ ਨੀ?'
'ਇਸ਼ਕ ਹੋਰ ਚੀਜ਼ ਐ, ਵਿਆਹ ਹੋਰ ਚੀਜ਼।'
'ਇਸ਼ਕ ਦਾ ਮਤਲਬ ਇਹੀ ਐ, ਆਪਣੀ ਹਵਸ ਪੂਰੀ ਕਰੋ, ਕਿਸੇ ਦਾ ਭਾਵੇਂ ਕੁੱਖ ਨਾ ਰਹੇ?'
'ਤੇਰੇ ਮਾਪੇ ਮੰਨ ਜਾਣਗੇ?'
'ਮੰਨਣਗੇ ਤਾਂ ਤੇਰੇ ਵੀ ਨਹੀਂ।'
'ਫੇਰ ਪੂਰ ਕਿਵੇਂ ਚੜ੍ਹੇ ਇਹ ਗੱਲ?'
'ਜਿੱਦਣ ਲਾਈਆਂ ਸੀ ਓਦਣ ਮਾਪਿਆਂ ਤੋਂ ਪੁੱਛਿਆ ਸੀ?'
'ਤੂੰ ਪਾਗਲ ਤਾਂ ਨੀ ਹੋ ਗਈ ਨਿੰਦੀਏ?'
'ਪਾਗਲ ਨਹੀਂ, ਮੈਨੂੰ ਹੋਸ਼ ਈ ਹੁਣ ਆਈ ਐ ਹਰਨੇਕ!'
'ਹੋਸ਼ ਨੀ, ਮਰਨ ਦਾ 'ਰਾਦਾ ਕੀਤਾ ਹੋਇਐ।'
ਹੁਣ ਜਦ ਹਰਨੇਕ ਨੇ ਉਸ ਨੂੰ ਫਿਰ ਕਰਨੀ ਬੁੜ੍ਹੀ ਦੇ ਘਰ ਬੁਲਾ ਲਿਆ ਸੀ ਤਾਂ ਉਹ ਇਹ ਸਮਝ ਬੈਠੀ ਸੀ, ਸ਼ਾਇਦ ਹਰਨੇਕ ਕਿਸੇ ਫ਼ੈਸਲੇ 'ਤੇ ਪਹੁੰਚ ਹੀ ਗਿਆ ਹੋਵੇ?
ਕਰਨੀ ਘਰ ਹੀ ਸੀ। ਹਰਨੇਕ ਦਿਨ ਛਿਪਣ ਦੇ ਨਾਲ ਹੀ ਉਸ ਦੇ ਘਰ ਆ ਬੈਠਾ ਸੀ।