ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/40

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

'ਐਡੀ ਛੇਤੀ ਮਿਆਂਕ ਗਿਆ ਹੁਣ ਤੂੰ? ਦਸ ਦਿਨ ਹੋਏ ਤੇਰੇ ਨਾਲ ਐਨੀਂ ਕਰਕੇ ਗਈ ਸੀ ਉਹ। ਸਰਿਆ ਬਿਸ਼ਰਮਾ?' ਬੁੜ੍ਹੀ ਨੇ ਪੈਂਦੀ ਸੱਟੇ ਹਰਨੇਕ ਨੂੰ ਝਾੜ ਪਾਈ।

'ਤਾਈ ਜੀ, ਮਖਿਆ, ਜਾਂਦੀ ਵਾਰੀ ਦਾ ਲਾਹਾ ਈ ਲੈ ਲੀਏ। ਫੇਰ ਕਿਹਨੇ ਮਿਲਣ ਦੇਣੈ ਉਹ ਨੂੰ?' ਹਰਨੇਕ ਕੱਚੀ ਜਿਹੀ ਹਾਸੀ ਹੱਸਿਆ।

'ਜਿਹੜੀ ਗੱਲ ਉਹ ਕਹਿੰਦੀ ਸੀ। ਉਸ ਵਾਸਤੇ ਕਰੇਗਾ ਤੇਰਾ ਜੇਰਾ। ਤੂੰ ਤਾਂ ਘੋਗੜ ਐਂ, ਨਿਰਾ!'

'ਉਹਦੇ ਵਾਲੀ ਗੱਲ ਨੀ ਪੁਗਦੀ ਤਾਈ ਜੀ। ਉਹ ਤਾਂ ਕਮਲੀ ਐ। ਇਹ ਗੱਲ ਵੀ ਬਣ ਸਕਦੀ ਐ ਕਦੇ?'

"ਬਣ ਕਿਉਂ ਨੀ ਸਕਦੀ? ਤੇਰੇ ਸਾਹਮਣੇ ਸੱਘੜ ਨੀ ਲਈ ਬੈਠਾ ਪਿੰਡ ਦੀ ਕੁੜੀ।'

'ਲਈ ਬੈਠੇ ਤਾਂ ਥੋੜ੍ਹੀ ਹੋਈ ਸੀ ਇਹਦੇ ਨਾਲ। ਵੀਹ ਸਾਲ ਪਿੰਡ ਨੀ ਵੜ੍ਹਨ ਦਿੱਤਾ, ਅਗਲਿਆਂ ਨੇ। ਪਿਛਲੀ ਉਮਰ ਵਿਚ ਹੁਣ ਆ ਗਿਐ।'

'ਭਾਵੇਂ ਨਰਕ ਵਿਚ ਰਹੇ, ਪਰ ਯਾਰੀ ਤਾਂ ਪੁਗਾਈ। ਤੂੰ ਕੀ ਸਾਰ ਜਾਣੇ ਦੇ ਇਨ੍ਹਾਂ ਕੰਮਾਂ ਦੀ। ਇਕ ਬੱਸ ਚੰਮ ਦਾ ਸੁਆਦ ਮੁੱਖ ਰਖਿਐ ਤੂੰ ਤਾਂ।'

ਬੁੜ੍ਹੀ ਪੂਰੀ ਤਰ੍ਹਾਂ ਹਰਨੇਕ ਨੂੰ ਠਣਕਾ ਰਹੀ ਸੀ। ਉਹ ਨੀਵੀਂ ਪਾਈ ਬੈਠਾ ਸੀ ਤੇ ਹੌਲੀ ਹੌਲੀ ਬੋਲ ਰਿਹਾ ਸੀ। ਉਸ ਨੂੰ ਲੱਗਦਾ ਸੀ ਜਿਵੇਂ ਚੱਜ ਦੇ ਜਵਾਬ ਉਸ ਨੂੰ ਔੜ ਨਾ ਰਹੇ ਹੋਣ।

ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾ ਆਈ? ਬੁੜੀ ਨੇ ਨਰਿੰਦਰ ਨੂੰ ਪੁੱਛਿਆ।

'ਨਾ। ਕੁੰਡੇ ਨੂੰ ਕੀ ਐ, ਤਾਈ ਜੀ?'

'ਹੈ ਕਿਉਂ ਨੀ ਕੁੜੀਏ। ਮੇਰੇ ਧੌਲ਼ ਝਾਟੇ 'ਚ ਖੇਹ ਪਵੌਣੀ ਐ? ਕਿਸੇ ਨੂੰ ਬਿੜਕ ਹੋਗੀ ਤਾਂ ਕੀ ਕਹੂ ਮੈਨੂੰ? ਤੈਨੂੰ ਕੀ ਕਹੂ ਤੇ ਇਹਨੂੰ ਕੀ ਕਹੂ?'

ਕਰਨੀ ਉੱਠੀ। ਕੰਧੋਲੀ 'ਤੋਂ ਮੁੱਠੀ ਜਿੰਦਾ ਚੁੱਕਿਆ। ਦਰਵਾਜ਼ੇ ਵੱਲ ਵਧੀ। ਬਾਹਰ ਨਿਕਲ ਕੇ ਤਖ਼ਤੇ ਭੇੜੇ ਤੇ ਮੁੱਠੀ ਜਿੰਦਾ ਲਾ ਦਿੱਤਾ। ਆਪ ਉਹ ਨਰਿੰਦਰ ਕੇ ਘਰ ਜਾ ਬੈਠੀ। ਨਰਿੰਦਰ ਦੀ ਮਾਂ ਨਾਲ ਵਿਆਹ ਦੀਆਂ ਗੱਲਾਂ ਕਰਨ ਲੱਗੀ।

ਹਰਨੇਕ ਨੇ ਨਰਿੰਦਰ ਦੀ ਬਾਂਹ ਫੜੀ ਤੇ ਉਸ ਨੂੰ ਸਬ੍ਹਾਤ ਵਿਚ ਧੂਹ ਲਿਆ। ਨਰਿੰਦਰ ਨੇ ਬਾਂਹ ਛੁਡਾ ਲਈ ਉਹ ਕੜਕੀ 'ਬੰਦੇ ਦਾ ਪੁੱਤ ਐਂ ਤਾਂ ਗੱਲ ਸੁਣ ਲੈ, ਮੇਰੀ ਖੜ੍ਹਕੇ।'

ਹਰਨੇਕ ਨੇ ਉਸ ਨੂੰ ਮੰਜੇ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ। ਨਰਿੰਦਰ ਅੜੀ ਖੜ੍ਹੀ ਸੀ।

'ਗੱਲਾਂ ਫੇਰ ਕਰਾਂਗੇ ਪਹਿਲਾਂ....।' ਹਰਨੇਕ ਕਹਿ ਰਿਹਾ ਸੀ।

ਉਸ ਨੇ ਬਥੇਰੀ ਕੋਸ਼ਿਸ਼ ਕੀਤੀ, ਪਰ ਨਰਿੰਦਰ ਨੇ ਇੱਕ ਵੀ ਨਾ ਮੰਨੀ।

ਸਬ੍ਹਾਤ ਵਿਚ ਬਲ੍ਹਬ ਦੀ ਮੱਧਮ ਰੌਸ਼ਨੀ। ਉਹ ਦੋਵੇਂ ਮੰਜੇ 'ਤੇ ਬੈਠੇ ਹੋਏ ਸਨ, ਦੋਵੇਂ ਹੀ ਚੁੱਪ ਸਨ। ਅਗਲੇ ਬਿੰਦ ਹੀ ਨਰਿੰਦਰ ਮੰਜੇ ਦੀ ਬਾਹੀ 'ਤੇ ਹੋ ਗਈ। ਹਰਨੇਕ ਦਾ ਹੱਥ ਫੜ ਕੇ ਕਹਿਣ ਲੱਗੀ,... "ਦੇਖ ਹਰਨੇਕ, ਮੈਂ ਤੈਥੋਂ ਕੁਛ ਵੀ ਲੁਕੋਅ ਕੇ ਨਹੀਂ ਰੱਖਿਆ, ਤੂੰ ਸਭ ਮਨ ਆਈਆਂ ਕੀਤੀਆਂ। ਕਦੇ ਨਾਂਹ ਕੀਤੀ ਤੈਨੂੰ?"

40
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ