ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੈਂ ਦੋਸ਼ੀ ਨਹੀਂ ਹੋਵਾਂਗਾ


ਦਸੰਬਰ ਦਾ ਮਹੀਨਾ। ਠੰਡੀ ਸ਼ਾਮ ਦਾ ਅਸਰ ਧੁਰ ਕਾਲਜੇ 'ਤੇ ਹੈ। ਸਾਈਕਲ 'ਤੇ ਦਫ਼ਤਰੋਂ ਘਰ ਨੂੰ ਆ ਰਿਹਾ ਹਾਂ। ਇਕ ਕਿਲੋਮੀਟਰ ਦਾ ਰਾਹ ਹੈ।

ਸਾਰੇ ਦਫ਼ਤਰ ਦੀਆਂ ਅੱਖਾਂ ਅੱਜ ਨਵੀਂ ਲੱਗੀ ਟਾਈਪਿਸਟ ਕੁੜੀ 'ਤੇ ਹੀ ਰਹੀਆਂ। ਲੰਬਾ ਕਹਿਰਾ ਸਰੀਰ, ਟੋਪੀ ਵਾਲੀ ਮੋਟੀ ਮੋਟੀ ਅੱਖ। ਮਾਮੂਲੀ ਜਿਹਾ ਪੱਕਾ ਰੰਗ। ਗਜ਼ਬ ਇਹ ਕਿ ਸੁਪਰਡੈਂਟ ਨੇ ਉਸ ਦੀ ਸੀਟ ਮੇਰੇ ਸੱਜੇ ਹੱਥ ਲਾ ਦਿੱਤੀ ਹੈ। ਖੱਬੇ ਹੱਥ ਬੈਠੇ 'ਸ਼ਰਮਾ' ਨੇ ਅੱਜ ਤਾਂ ਦੋ ਵਾਰ ਉਚੇਚਾ ਪੁੱਛਿਆ, "ਪਾਨ ਖਾਓ, ਵਿਨੋਦ ਸਾਹਿਬ। ਅਪਨੇ ਹਾਥੋਂ ਤਿਆਰ ਕਰਕੇ ਲਾਇਆ ਹੂੰ, ਮਾਲੇਰਕੋਟਲਾ ਹੀ ਸੇ। ਲੀਜੀਏ ਨਾ, ਏਕ ਪੀਸ।" ਅੱਗੇ ਤਾਂ ਹਰਾਮਜ਼ਾਦਾ ਬੋਲਿਆ ਨਹੀਂ ਸੀ ਚੱਜ ਨਾਲ ਕਦੇ, ਅੱਜ ਕਿਉਂ ਪੇਸ਼ ਕਰ ਰਿਹਾ ਸੀ, ਪਾਨ? ਮੈਂ ਸੋਚ ਰਿਹਾ ਹਾਂ ਤੇ ਸਭ ਜਾਣਦਾ ਹਾਂ। ਪਰਲੇ ਖੂੰਜੇ ਬੈਠਾ ਛੀਟਕਾ ਜਿਹਾ ਚਤਰੰਜਣ ਸਿੰਘ ਲੰਚ ਟਾਈਮ ਹੋਣ ਸਾਰ ਰੋਟੀ ਵਾਲਾ ਡੱਬਾ ਲੈ ਕੇ ਮੇਰੀ ਸੀਟ ਕੋਲ ਆਇਆ ਸੀ ਤੇ ਮੁੱਛਾਂ ਫ਼ਰਕਾ ਰਿਹਾ ਸੀ, "ਆਓ ਵਿਨੋਦ ਜੀ, ਆਵੇ ਨੇ ਮੁੱਕਣਾ ਨਹੀਂ, ਗਧੇ ਨੇ ਛੁੱਟਣਾ ਨਹੀਂ। ਆਓ ਪਰੌਂਠੇ ਖਵਾਵਾਂ ਦੇਸੀ ਘੀ ਵਿਚ ਤਲੇ ਹੋਏ।' ਤੇ ਫਿਰ 'ਉਸ' ਵੱਲ ਟੇਢੀ ਨਿਗਾਹ ਕਰਕੇ ਹੌਲੀ ਦੇ ਕੇ ਉਸ ਨੇ ਆਖਿਆ ਸੀ, 'ਗਾੜੀ ਤਰੀ ਵਾਲੀ ਕਲੇਜੀ ਵੀ ਏ।' ਬੈਂਕਸ ਕਹਿ ਕੇ ਮੈਂ ਉਸ ਨੂੰ ਮਨ ਵਿਚ ਗਾਲ਼ ਕੱਢੀ ਸੀ, 'ਸਾਲਾ ਕਲੇਜੀ ਦਾ, ਨੰਗ। ਟਹੁਰ ਈ ਟਹੁਰ ਐ ਪੱਲੇ। ਬੌਸ ਦੇ ਬੇਬੀ ਨੂੰ ਸਾਈਕਲ 'ਤੇ ਬਹਾ ਕੇ 'ਇੰਦਰਾ ਗਾਰਡਨ' ਦੀ ਸੈਰ ਕਰਵਾਉਣ ਤੋਂ ਵਿਹਲ ਵੀ ਮਿਲੇ ਤੈਨੂੰ, ਊਤ ਦੇ ਬੀਜ।'

ਦੋ ਧੀਆਂ ਬਤਾਰੂ ਬਣੀਆਂ ਫਿਰਦੀਆਂ ਨੇ, ਕੰਜਰ ਦੀਆਂ। ਵਿਆਹੁਣ ਦਾ ਨਾਂ ਨਹੀਂ ਲੈਂਦਾ। ਰਵੀ ਕਾਂਤ ਵਾਲੀਆ। ਦਫ਼ਤਰ ਦੇ ਅੱਧ ਵਿਚਾਲੇ ਬੈਠਾ ਕਿਵੇਂ ਉੱਚੀ ਉੱਚੀ ਭੌਂਕ ਰਿਹਾ ਸੀ, "ਵਿਨੋਦ ਬਾਬੂ, ਸਿਰਗਟ ਨੋਸ਼ ਫਰਮਾਓ। ਘੋਲਾਂ ਇਕ? 'ਲਾਈਟਰ' ਤਾਂ ਤੇਰੇ ਕੋਲ ਹੈਗਾ ਈ।' ਸਾਰਾ ਦਫ਼ਤਰ ਜਾਣਦਾ ਹੈ ਕਿ ਮੈਂ ਸਮੋਕ ਨਹੀਂ ਕਰਦਾ।

ਸਾਈਕਲ ਨੂੰ ਵਰਾਂਡੇ ਵਿਚ ਖੜ੍ਹਾ ਕਰਕੇ ਮੂੰਹ ਦੀ ਵਿਸਲ ਵਜਾ ਰਿਹਾ ਮੈਂ ਸਿੱਧਾ ਹੀ ਆਪਣੇ ਬੈਠਣ ਕਮਰੇ ਵਿਚ ਚਲਿਆ ਜਾਂਦਾ ਹਾਂ। ਰੰਜਨਾ ਫ਼ਰਸ਼ 'ਤੇ ਬੋਰਾ ਵਿਛਾ ਕੇ ਬੈਠੀ ਮੋਠਾਂ ਵਿਚੋਂ ਰੋੜ ਚੁਗ ਰਹੀ ਹੈ। ਮੈਨੂੰ ਅੰਦਰ ਆਇਆ ਦੇਖ ਕੇ ਉਸ ਨੇ ਮੋਠਾਂ ਵਾਲੀ ਚੌੜੀ ਪਲੇਟ ਕਾਰਨਿਸ 'ਤੇ ਰੱਖ ਦਿੱਤੀ ਹੈ। ਰਸੋਈ ਵੱਲ ਉਸ ਦੇ ਕਦਮ ਵਧੇ ਹਨ। 'ਲਿਆ, ਚਾਹ ਗਰਮ ਗਰਮ।' ਉਸ ਦੇ ਡੌਲੇ 'ਤੇ ਚੂੰਢੀ ਵੱਢ ਕੇ ਮੈਂ ਆਖਿਆ ਹੈ।

ਮੈਂ ਦੋਸ਼ੀ ਨਹੀਂ ਹੋਵਾਂਗਾ

43