ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਮਰ ਵਿਚ ਤਿੰਨ ਚੌਥਾਈ ਬਾਬੂਆਂ ਨਾਲੋਂ ਮੈਂ ਵੱਡਾ ਹਾਂ। ਸੋਚਦਾ ਹਾਂ ਨਵੀਂ ਟਾਈਪਿਸਟ 'ਤੇ ਮੇਰਾ ਹੱਕ ਬਿਲਕੁੱਲ ਨਹੀਂ। ਪਰ ਉਸ ਦੇ ਆਪਣੇ ਹੀ ਮਨ ਵਿਚ ਸੋਚ ਲੈਣ ਨਾਲ ਤਾਂ ਕੋਈ ਭੂਚਾਲ ਨਹੀਂ ਆਉਂਦਾ। ਉਸ ਬਾਰੇ ਸੋਚ ਲੈਣਾ ਹੀ ਇੱਕ ਸੁਆਦ ਹੈ। ਕਿਸੇ ਵੀ ਔਰਤ ਬਾਰੇ ਸੋਚਣਾ ਇੱਕ ਗੁੱਝੀ ਗੁੱਝੀ ਦਿਲਚਸਪੀ ਹੈ।

ਔਰਤ ਨਹੀਂ ਮੇਰੇ ਸਰੀਰ ਵਿਚ ਇਕ ਅੱਗ ਭਖ਼ ਉੱਠਦੀ ਹੈ। ਰੰਜਨਾ ਵੀ ਤਾਂ ਔਰਤ ਹੀ ਹੈ। ਮੇਰੀ ਆਪਣੀ ਔਰਤ।

ਕੰਦਲਾ ਰੋਟੀ ਲੈ ਕੇ ਆਈ ਹੈ। ਮੇਰੇ ਮੱਥੇ 'ਤੇ ਰੇਖਾਵਾਂ ਉੱਭਰ ਆਈਆਂ ਹਨ। ਉਹ ਫੁਲਕਿਆਂ ਵਾਲੀ ਪਲੇਟ ਤੇ ਮੋਠਾਂ ਦੀ ਦਾਲ ਵਾਲੀ ਕੌਲੀ ਮੇਜ਼ 'ਤੇ ਧਰ ਗਈ ਹੈ। ਮੇਰੇ ਦਿਮਾਗ਼ ਵਿਚ ਨਿੱਕਾ ਜਿਹਾ ਗੁੱਸਾ ਭੜਕਿਆ ਹੈ। ਤਲਖ਼ੀ ਨਾਲ ਮੈਂ ਚੀਕਿਆ ਹਾਂ, 'ਕੰਦਲਾ, ਪਾਣੀ....।' ਉਹ ਪਾਣੀ ਦਾ ਗਲਾਸ ਲਿਆਈ ਹੈ। ਮੇਰੇ ਹੱਥ ਧੁਆ ਕੇ ਗਲਾਸ ਨੂੰ ਮੇਜ਼ 'ਤੇ ਹੀ ਰੱਖ ਦਿੱਤਾ ਹੈ। 'ਤੇਰੀ ਮਾਂ?' ਮੈਂ ਉਸ ਤੋਂ ਪੁੱਛਿਆ ਹੈ। ਮੇਰਾ ਭਾਵ ਹੈ, ਰੰਜਨਾ ਕਿਉਂ ਨਹੀਂ ਲੈ ਕੇ ਆਈ ਰੋਟੀ?

'ਮੰਮੀ ਤਾਂ ਰੋਟੀ ਪਕਾਂਦੇ ਨੇ।' ਕੰਦਲਾ ਨੇ ਸਾਊ ਜਿਹੀ ਆਵਾਜ਼ ਕੱਢੀ ਹੈ। ਉਹ ਰਸੋਈ ਵਿਚ ਜਾ ਬੈਠੀ ਹੈ।

'ਕੰਦਲਾ, ਤੇਰੀ ਮੰਮੀ ਨੂੰ ਭੇਜੀ।' ਮੈਂ ਫਿਰ ਚੀਕਿਆ ਆਟੇ ਦੇ ਲਿੱਬੜੇ ਹੱਥੀਂ ਰੰਜਨਾ ਮੇਰੇ ਕੋਲ ਆਈ ਹੈ। ਕੜਕ ਕੇ ਮੈਨੂੰ ਪੁੱਛਿਆ, "ਦੱਸੋ, ਕੀ ਕਹਿਨੇ ਓਂ? ਉੱਚੀ ਉੱਚੀ ਚਾਂਗਾਂ ਮਾਰਦੇ ਓਂ! ਖੂਹ 'ਚ ਤਾਂ ਨੀ ਉੱਤਰੇ ਹੋਏ?'

ਐਨਾ ਲੂਣ ਕਿਉਂ ਪਾਇਆ ਦਾਲ 'ਚ?' ਹਥਲੀ ਬੁਰਕੀ ਕੌਲੀ ਵਿਚ ਹੀ ਛੱਡ ਕੇ ਮੈਂ ਉਸ ਤੋਂ ਪੁੱਛਿਆ ਹੈ॥

'ਅੱਜ ਕੋਈ ਨਵਾਂ ਪਾਇਐ? ਨਿੱਤ ਹੀ ਐਨਾ ਹੁੰਦੈ। ਅੱਗੇ ਤਾਂ ਕਦੇ ਟੋਕਿਆ ਨੀ। ਉਹ ਵਾਪਸ ਰਸੋਈ ਵਿਚ ਗਈ ਹੈ। ਤੇ ਦੇਸੀ ਘਿਓ ਦਾ ਚਮਚਾ ਲਿਆ ਕੇ ਪਾ ਦਿੱਤਾ ਹੈ। 'ਲਓ, ਹੁਣ ਦੇਖੋ ਉਸ ਨੇ ਕਿਹਾ। ਮੈਂ ਉਸ ਦੀ ਬਾਂਹ ਮੁਰਚੇ ਕੋਲੋਂ ਫੜ ਲਈ ਹੈ। ਹੌਲੀ ਦੇ ਕੇ ਪੁੱਛਿਆ ਹੈ, "ਆਏਂਗੀ?'

'ਚੰਗਾ ਬਾਬਾ ਗੁਰੂ' ਕਹਿ ਕੇ ਉਸ ਨੇ ਮੁਰਚਾ ਛੁਡਾਇਆ ਹੈ ਤੇ ਕਮਰੇ 'ਚੋਂ ਬਾਹਰ ਹੋ ਗਈ ਹੈ।

ਇਕ ਹਿੰਦੀ ਮਾਸਕ ਪੱਤਰ ਮੇਰੇ ਹੱਥਾਂ ਵਿਚ ਹੈ। ਕਹਾਣੀ ਪੜ੍ਹ ਰਿਹਾ ਹਾਂ। 'ਕਤੂਬਰ' ਤੇ ਕੰਦਲਾ ਨੇ ਰੋਟੀ ਖਾ ਲਈ ਹੈ। ਰੰਜਨਾ ਨੇ ਵੀ।

ਵਿਹੜੇ ਵਿਚ ਗੇੜਾ ਕੱਢ ਕੇ ਆਇਆ ਹਾਂ। ਦੂਜੇ ਕਮਰੇ ਵਿਚ 'ਕਤੂਬਰ' ਸੁੱਤਾ ਪਿਆ ਹੈ। ਕੰਦਲਾ ਪੜ੍ਹ ਰਹੀ ਹੈ। ਰੰਜਨਾ ਆਪਣਾ ਬਿਸਤਰਾ ਵਿਛਾ ਰਹੀ ਹੈ।

ਆਪਣਾ ਟੇਬਲ ਲੈਂਪ ਬੁਝਾ ਕੇ ਮੈਂ ਰਜ਼ਾਈ ਦੇ ਲੜਾਂ ਨੂੰ ਦੱਬ ਲਿਆ ਹੈ। ਸੌਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਸੌਣ ਦੀ ਨਹੀਂ, ਅਸਲ ਵਿਚ ਜਾਗਦਾ ਰਹਿਣ ਦੀ ਕੋਸ਼ਿਸ਼ ਵਿਚ ਹਾਂ।

ਘੰਟਾ, ਡੇਢ ਘੰਟਾ, ਦੋ ਘੰਟੇ ਮੈਂ ਜਾਗ ਰਿਹਾ ਹਾਂ। ਦੂਜੇ ਕਮਰੇ ਦੀ ਸਵਿੱਚ ਖੜਕੀ ਹੈ। ਦੋਵੇਂ ਕਮਰਿਆਂ ਵਿਚਕਾਰਲੀ ਕੰਧ ਵਿਚ ਇਕ ਨਿੱਕੀ ਜਿਹੀ ਮੋਰੀ ਨੇ ਅੱਖ ਮੀਟ ਲਈ ਹੈ। ਸ਼ੁਕਰ ਹੈ, ਕੰਦਲਾ ਹੁਣ ਸੌਂ ਜਾਏਗੀ।

46

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ