ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗਿਰਿਆ ਹੋਇਆ ਇਨਸਾਨ ਵੀ ਕੋਈ ਹੋ ਸਕਦਾ ਹੈ, ਜੋ ਇਸ ਤਰ੍ਹਾਂ ਦੀ ਹਾਲਤ ਵਿਚ ਵੀ ਆਪਣੀ ਮਹਿਬੂਬਾ ਨੂੰ ਦੁਬਾਰਾ ਅਪਣਾ ਲਵੇ? ਪਰ ਸੁਨੀਤਾ ਤੂੰ ਇਨ੍ਹਾਂ ਸਾਰੀਆਂ ਗੱਲਾਂ 'ਤੇ ਪਾਣੀ ਫੇਰ ਦੇਹ। ਆ ਜਾ। ਮੈਂ ਤੈਨੂੰ ਅਪਣਾਵਾਂਗਾ ਹੁਣ ਵੀ ਅਪਣਾਵਾਂਗਾ। ਮੈਥੋਂ ਆਪਣਾ ਗ਼ਮ, ਆਪਣਾ ਦੁੱਖ ਤੇ ਆਪਣਾ ਉਦਰੇਵਾਂ ਝੱਲਿਆ ਨਹੀਂ ਜਾ ਰਿਹਾ।

ਉਸ ਸ਼ਹਿਰ ਜਦ ਤੇਰੀ ਜਾਨ ਸੁਖਾਲੀ ਕਰਵਾਉਣ ਆਪਾਂ ਗਏ ਸਾਂ ਤਾਂ ਤੇਰੀ ਮਾਂ ਤੋਂ ਅੱਖ ਬਚਾ ਕੇ ਮੈਂ ਤੈਨੂੰ ਥੋੜ੍ਹਾ ਜਿਹਾ ਠੋਕਰਿਆ ਸੀ, 'ਸੁਨੀਤਾ, ਕੌਣ ਹੈ ਉਹ?' ਤੈਂ ਆਖਿਆ ਸੀ ਤੇ ਜ਼ਰਾ ਲਾਚੜ ਕੇ-'ਤੁਸੀਂ ਹੀ ਓਂ, ਹੋਰ ਕੌਣ ਐ ਉਹ?' ਮੈਂ ਸਭ ਕੁਝ ਜਾਣਦਾ ਹੋਇਆ ਵੀ ਚੁੱਪ ਹੋ ਗਿਆ ਸਾਂ। ਮੈਨੂੰ ਤਾਂ ਤੇਰੀ ਮਾਂ ਨੇ ਸਭ ਕੁਝ ਪਹਿਲਾਂ ਦੱਸ ਹੀ ਦਿੱਤਾ ਹੋਇਆ ਸੀ।

ਤੇ ਉਸ ਮੁੰਡੇ ਦੀ ਭਾਲ ਕਰਕੇ ਮੈਂ ਉਸ ਨੂੰ ਪੁੱਛਿਆ ਸੀ, "ਕਿਉਂ ਬਈ ਤੇਰਾ ਹੀ ਹੈ ਉਹ ਕਾਰਨਾਮਾ?' ਮੁੰਡਾ ਸੱਚਾ ਬੜਾ ਨਿਕਲਿਆ ਸੀ, ਪਰ ਕਹਿੰਦਾ, "ਮੈਨੂੰ ਕੀ ਪਤਾ ਹੈ, ਕਿਸ ਦਾ ਹੈ। ਉਹ ਤਾਂ ਵੀਹਾਂ ਨਾਲ ਹੈ। ਕੀ ਪਤਾ ਲੱਗੇ, ਕਿਸ ਦਾ ਹੈ?' ਸੁਨੀਤਾ, ਸੱਚ ਜਾਣ ਮੈਂ ਧਰਤੀ ਵਿਚ ਉਸ ਵੇਲੇ ਧਸ ਗਿਆ ਸਾਂ।

ਤੂੰ ਇਸ ਤਰ੍ਹਾਂ ਦੀ ਜ਼ਿੰਦਗੀ ਕਿਉਂ ਬਣਾ ਲਈ ਹੈ, ਸੁਨੀਤਾ? ਕੀ ਤੈਨੂੰ ਇਹ ਜ਼ਿੰਦਗੀ ਪਸੰਦ ਹੈ? ਤੇਰਾ ਕੋਈ ਭਵਿੱਖ ਨਹੀਂ? ਕੀ ਤੂੰ ਬੁੱਢੀ ਹੋ ਚੱਲੀ ਹੈ? ਅਜੇ ਤਾਂ ਤੂੰ ਵੀਹਾਂ ਤੋਂ ਵੀ ਥੱਲੇ ਹੈਂ, ਸੁਨੀਤਾ। ਕੁਝ ਸੋਚ, ਕੁਝ ਅਕਲ ਕਰ। ਕਿਵੇਂ ਬੀਤੇਗੀ ਜ਼ਿੰਦਗੀ ਤੇਰੀ? ਕੀ ਤੂੰ 'ਕੋਠਿਆਂ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਹੈਂ?'

ਚੱਲ, ਮਿੱਟੀ ਪਾ ਇਨ੍ਹਾਂ ਸਾਰੀਆਂ ਗੱਲਾਂ 'ਤੇ। ਮੈਨੂੰ ਤਾਂ ਤੇਰਾ ਸਭ ਕੁਝ ਚੰਗਾ ਲੱਗਦਾ ਹੈ। ਤੇਰੇ ਵਿਚ ਕੋਈ ਵੀ ਨੁਕਸ ਨਹੀਂ। ਪਰ ਤਾਂ ਜੇ ਤੂੰ ਇੱਕ ਦੀ ਬਣ ਕੇ ਰਹੇਂ। ਉਹ ਇੱਕ ਮੈਂ ਹਾਂ। ਮੈਂ ਹੀ ਹਾਂ।

50

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ