ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/61

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਣੇ ਅਗਵਾੜ ਅੰਦਰ ਨੂੰ ਚੱਲ ਪਏ ਹਨ। ਇੰਦਰਜੀਤ ਨੇ ਗੋਂਦੀ ਦਾ ਗੰਡਾਸਾ ਧਰਾ ਲਿਆ ਤੇ ਉੱਥੇ ਹੀ ਕੱਪੜਿਆਂ ਦੀ ਰਾਖੀ ਬੈਠਾ ਰਿਹਾ ਹੈ।

ਬੁੜੀਏ ਬੰਦ ਕਰ ਅੱਗ ਨੂੰ। ਸਾਰੇ ਪਿੰਡ ਨੂੰ ਮਰਵਾਏਂਗੀ?ਟ ਜੈਮਲ ਤੇਜੋ ਨੂੰ ਆਕੜਿਆ ਹੈ। 'ਵੇ ਭਾਈ, ਮੈਂ ਤਾਂ ਚਾਹ ਦੀ ਘੁੱਟ ਕੀਤੀ ਐ। ਤੇਰਾ ਤਾਇਆ ਕਦੋਂ ਦਾ ਖਊਂ ਖਊਂ ਕਰੀ ਜਾਂਦੈ। ਲੈ ਆਹ ਲੈ।' ਵਿਹੜੇ ਵਾਲੇ ਚੁੱਲ੍ਹੇ ਤੋਂ ਚਾਹ ਵਾਲੀ ਪਤੀਲੀ ਲਾਹ ਕੇ ਬੁੜ੍ਹੀ ਨੇ ਤਵਾ ਉਸ ਦੇ ਮੂਹਰੇ ਲਾ ਦਿੱਤਾ ਹੈ ਤੇ ਬੱਠਲ ਉਸ 'ਤੇ ਮੂਧਾ ਮਾਰ ਦਿੱਤਾ ਹੈ।

'ਤੈਨੂੰ ਪਤਾ ਨੀ ਨਾ ਅੰਮਾ, ਦੁਸ਼ਮਣ ਦਾ ਜਹਾਜ਼ ਪਿੰਡ 'ਤੋਂ ਲੰਘਿਆ ਜਾਂਦਾ ਹੋਇਆ, ਮਾੜ੍ਹੀ ਜ੍ਹੀ ਰੋਸ਼ਨੀ ਦਿਸੀ। ਉਦੀਂ ਸਿੱਟ ਦੇਣੈ ਗੋਲਾ। ਸਾਰਾ ਪਿੰਡ ਮਿੰਟਾਂ 'ਚ ਮਲੀਆ ਮੇਟ ਹੋਜੂ।' ਜੰਗ ਨੇ ਸਮਝਾਇਆ ਹੈ। ਤੇਜੋ ਹੱਥ ਬੰਨਦੀ ਹੈ-'ਵੇ ਭਾਈ ਅੱਜ ਹੋਗੀ। ਗਹਾਂ ਨੂੰ ਕੰਨ ਦੀ ਪੇਪੜੀ।' ਉਹ ਤਿੰਨੇ ਵਾਪਸ ਬੋਹੜ ਦੇ ਥੱਲੇ ਆ ਗਏ ਹਨ। ਹਵਾਈ ਜਹਾਜ਼ ਦੀ ਆਵਾਜ਼ ਕਿਸੇ ਪਾਸਿਓਂ ਸੁਣਾਈ ਦਿੱਤੀ ਹੈ। ਚਾਰੇ ਜਣੇ ਚੁੱਪ ਹਨ। ਆਵਾਜ਼ ਨੇੜੇ ਆ ਰਹੀ ਹੈ। ਹੋਰ ਨੇੜੇ। ਗੁੜਗਾਂਦਾ ਜਹਾਜ਼ ਪਿੰਡ ਤੋਂ ਦੀ ਲੰਘ ਗਿਆ ਹੈ। ਉਨ੍ਹਾਂ ਦੇ ਸਾਹ ਅਜੇ ਵੀ ਰੁਕੇ ਹੋਏ ਹਨ। 'ਲਗਦਾ ਤਾਂ ਪਾਕਿਸਤਾਨ ਦਾ ਈ' ਜੈਮਲ ਨੇ ਸਾਹ ਕੱਢਿਆ ਹੈ।

'ਆਪਣਾ ਵੀ ਹੋ ਸਕਦੈ।' ਇੰਦਰਜੀਤ ਨੇ ਕਿਹਾ।

'ਕਿਸੇ ਦਾ ਵੀ ਹੋਵੇ, ਕੇਰਾਂ ਤਾਂ ਕਾਲਜਾ ਹਿਲਾ 'ਤਾ, ਪੁੱਤ ਮੇਰੇ ਨੇ।' ਗੋਂਦੀ ਨੇ ਨਿਧੜਕ ਹੋ ਕੇ ਆਖਿਆ ਹੈ। ਸਾਰੇ ਜਣੇ ਹੱਸ ਪਏ ਹਨ।

ਥੋੜ੍ਹੇ ਚਿਰ ਬਾਅਦ ਹੀ ਉਨ੍ਹਾਂ ਨੇ ਤੋਪ ਦੀ ਆਵਾਜ਼ ਸੁਣੀ ਹੈ। ਮੱਧਮ ਜਿਹੀ। ਜਿਵੇਂ ਦੂਰ ਕਿਤੇ ਭੜਾਕਾ ਜਿਹਾ ਪਿਆ ਹੋਵੇ। ਇੱਕ ਆਵਾਜ਼ ਹੋਰ। ਉੱਤਰ ਵਾਲੇ ਪਾਸੇ ਇੱਕ ਲੰਮੀ ਸਾਰੀ ਅੱਗ ਦਿੱਸੀ ਹੈ। ਜਹਾਜ਼ ਫਿਰ ਉਨ੍ਹਾਂ ਦੇ ਪਿੰਡ ਵੱਲ ਆ ਰਿਹਾ ਹੈ। ਉਸ ਵਿਚੋਂ ਅੱਗ ਦੇ ਸ਼ੋਅਲੇ ਹੇਠਾਂ ਡਿੱਗ ਰਹੇ ਹਨ। ਜਹਾਜ਼ ਪਿੰਡ ਦੇ ਉੱਤੋਂ ਦੀ ਲੰਘ ਗਿਆ ਹੈ। ਤੇ ਫਿਰ ਇਕ ਭਾਂਬੜ ਜਿਹਾ ਮੱਚ ਕੇ ਧਰਤੀ 'ਤੇ ਡਿੱਗ ਪਿਆ ਹੈ, ਉਨ੍ਹਾਂ ਦਾ ਅੰਦਾਜ਼ਾ ਹੈ। ਨੇੜੇ ਦੇ 'ਰਾਡਾਰ' ਵੱਲੋਂ ਕੀਤੀ ਕਰਵਾਈ ਪਹਿਰੇਦਾਰਾਂ ਦੇ ਦਿਮਾਗ਼ ਵਿਚ ਸਾਫ਼ ਹੈ।

ਅੱਧੀ ਰਾਤ ਤੋਂ ਸ਼ਾਇਦ ਜ਼ਿਆਦਾ ਹੀ ਕੁਝ ਸਮਾਂ ਗੁਜ਼ਰ ਗਿਆ ਸੀ। ਠੰਡ ਬਹੁਤ ਵਧੀ ਹੋਈ ਹੈ। ਧੁਣੀ ਤਾਂ ਬਾਲਣੀ ਨਹੀਂ। ਉਹ ਰਜ਼ਾਈਆਂ ਨੂੰ ਆਪਣੇ ਪਿੰਡਿਆਂ ਨਾਲ ਬਿਦੇ ਬਿਦੇ ਸੰਵਾਰ ਕੇ ਘੁੱਟਦੇ ਹਨ। ਗੋਂਦੀ ਨੇ 'ਮਹਾਂ ਭਾਰਤ' ਛੋਹ ਲਿਆ ਹੈ-'ਹੇ ਅਰਜਨ...।'

ਚੰਦ ਚੜ੍ਹ ਆਇਆ ਹੈ। ਮੱਧਮ ਮੱਧਮ ਚਾਨਣੀ ਵਿਚ ਹਨੇਰਾ ਦੁਧੀਆ ਹੋ ਗਿਆ ਲੱਗਦਾ ਹੈ। ਤਾਰੇ ਠਰੇ ਠਰੇ। ਦੂਰ ਕਿਤੋਂ ਕੁੱਤੇ ਦੇ ਭੌਕਣ ਦੀ ਆਵਾਜ਼ ਆ ਰਹੀ ਹੈ। ਗੋਂਦੀ ਚੁੱਪ ਹੈ। ਇੰਦਰਜੀਤ ਨੇ ਅੱਖ ਲਾ ਲਈ ਹੈ। ਜੰਗ ਖੰਘ ਰਿਹਾ ਹੈ। ਜੈਮਲ ਹੌਲੀ ਹੌਲੀ ਮਿਰਜ਼ਾ ਗਾ ਰਿਹਾ ਹੈ ....' 'ਚੜ੍ਹਦੇ ਮਿਰਜ਼ੇ ਖਾਨ ਨੂੰ...'

ਪਹੁ ਫੁਟ ਰਹੀ ਹੈ। ਡੇਰੇ ਵਾਲੀ ਖੂਹੀ 'ਤੇ ਡੋਲ ਖੜਕਿਆ ਹੈ। ਗਧਾ ਹੀਗਿਆ ਹੈ। ਕੁੱਕੜ ਨੇ ਬਾਂਗ ਦਿੱਤੀ ਹੈ। ਕਿਸੇ ਕਿਸੇ ਘਰ ਵਿਚੋਂ ਧੂੰਆਂ ਉੱਠਿਆ ਹੈ। ਚਾਰੇ ਜਣਿਆਂ ਨੇ ਆਪਣੇ ਆਪਣੇ ਗੁਦੈਲੇ ਤਹਿ ਕੀਤੇ ਹਨ ਤੇ ਉਨ੍ਹਾਂ ਨੂੰ ਆਪਣੇ ਸਿਰਾਂ 'ਤੇ ਰੱਖ ਕੇ ਆਪੋ ਆਪਣੇ ਘਰਾਂ ਨੂੰ ਤੁਰ ਪਏ ਹਨ।

ਦੌੜ ਰਹੀ ਅੱਗ

61