ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/62

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇੰਤਜ਼ਾਰ

ਕੰਧਾਂ ਦੇ ਪਰਛਾਵੇਂ ਲੰਬੇ ਹੋ ਕੇ ਮੱਧਮ ਹੋ ਗਏ ਹਨ। ਦਿਨ ਮੁੱਕਣ 'ਤੇ ਆ ਗਿਆ ਹੈ। ਅਸਮਾਨ ਦਾ ਰੰਗ ਬੈਂਗਣੀ ਹੋਣ ਲੱਗਿਆ ਹੈ। ਗਵਾਂਢ ਵਿਚੋਂ ਮਸਾਲਾ ਭੁੱਜਣ ਦੀ ਤਿੱਖੀ ਵਾਸ਼ਨਾ ਆ ਰਹੀ ਹੈ। ਨੱਕ ਵਿਚ ਜਲਣ ਛੇੜ ਦੇਣ ਵਾਲੀ ਵਾਸ਼ਨਾ। ਸੁਮਿੱਤਰਾ ਦੀ ਨਿਗਾਹ ਆਪਣੇ ਚੁੱਲ੍ਹੇ ਵੱਲ ਚਲੀ ਗਈ ਹੈ। ਉਹ ਦੁਬਿਧਾ ਵਿਚ ਹੈ, ਰੋਟੀ ਪਕਾਵੇ ਜਾਂ ਨਾ?

ਅੰਦਰਲੇ ਕਮਰੇ ਵਿਚ ਮੰਜੇ 'ਤੇ ਪਈ ਉਹ ਸਾਹਮਣੇ ਦੀ ਦੀਵਾਰ ਵੱਲ ਝਾਕ ਰਹੀ ਹੈ। ਦੀਵਾਰ 'ਤੇ ਕਈ ਤਰ੍ਹਾਂ ਦੇ ਚਿੱਤਰ ਬਣਦੇ ਹਨ ਤੇ ਮਿਟ ਜਾਂਦੇ ਹਨ। ਹੌਲੀ ਹੌਲੀ ਕਮਰੇ ਵਿਚ ਹਨੇਰਾ ਪ੍ਰਵੇਸ਼ ਕਰਦਾ ਹੈ। ਦੀਵਾਰ ਵਾਲੇ ਚਿੱਤਰ ਹੁਣ ਸੁਮਿੱਤਰਾ ਦੇ ਮਨ ਵਿਚ ਉੱਤਰ ਗਏ ਹਨ। ਕਮਰੇ ਦੀ ਬਿਜਲੀ ਬੱਤੀ ਜਗਾਉਣ ਲਈ ਉਸ ਵਿਚ ਹਿੰਮਤ ਨਹੀਂ।

ਉਸ ਨੂੰ ਲੱਗਿਆ ਹੈ, ਜਿਵੇਂ ਬੰਦ ਦਰਵਾਜ਼ੇ 'ਤੇ ਦਸਤਕ ਹੋਈ ਹੋਵੇ। ਉਹ ਉੱਠੀ ਹੈ। ਜਾ ਕੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਖੋਲ੍ਹਿਆ ਹੈ। ਦੇਖਿਆ ਹੈ, ਬਾਹਰ ਕੋਈ ਨਹੀਂ। ਘਰ ਦੇ ਅੱਗੇ ਸੜਕ 'ਤੇ ਕਾਰਾਂ, ਸਕੂਟਰਾਂ ਤੇ ਸਾਈਕਲਾਂ ਦੀ ਆਵਾਜਾਈ ਘਟੀ ਹੋਈ ਹੈ। ਜੋ ਕੋਈ ਵੀ ਮਕਾਨ ਉਸ ਨੂੰ ਦਿਸਦਾ ਹੈ, ਉਸ ਦੇ ਅੰਦਰੋਂ ਬਿਜਲੀ ਦੀ ਰੋਸ਼ਨੀ ਦਿਖਾਈ ਦੇ ਰਹੀ ਹੈ। ਰਾਤ ਪੈ ਰਹੀ ਹੈ, ਪਰ ਲੋਕਾਂ ਨੇ ਆਪਣੇ ਮਕਾਨਾਂ ਅੰਦਰ ਦਿਨ ਚੜ੍ਹਾ ਲਿਆ ਹੈ। ਸੁਮਿੱਤਰਾਂ ਨੇ ਆਪਣੇ ਮਕਾਨ ਦੀ ਕੋਈ ਬੱਤੀ ਨਹੀਂ ਜਗਾਈ। ਉਹ ਵਾਪਸ ਵਿਹੜੇ ਵਿਚ ਆ ਗਈ ਹੈ। ਉਸ ਨੇ ਮਹਿਸੂਸ ਕੀਤਾ ਹੈ, ਹੁਣ ਤਾਂ ਉਹ ਆ ਹੀ ਜਾਵੇਗਾ। ਆ ਹੀ ਜਾਣਾ ਚਾਹੀਦਾ ਹੈ। ਘਰ ਵਿਚ ਸੌ ਵਾਰੀ ਤੀਵੀਂ ਆਦਮੀ ਲੜਦੇ ਨੇ, ਇਹ ਤਾਂ ਨਹੀਂ ਕਿ ਆਦਮੀ ਝਗੜ ਪਵੇ ਤੇ ਉਹ ਮੁੜ ਕੇ ਘਰ ਵੜੇ ਹੀ ਨਾ? ਹੋਰ ਜਾਵੇਗਾ ਵੀ ਕਿੱਥੇ? ਏਥੇ ਹੀ ਆਉਣਾ ਹੈ। ਪਰ ਜੇ ਨਾ ਆਇਆ? ਕੀ ਪਤਾ ਲੱਗਦਾ ਹੈ, ਬੰਦੇ ਦੇ ਤੱਤ ਦਾ? ਮਨ ਵਿਚ ਬਹੁਤੀ ਮਰੋੜੀ ਨਾ ਖਾ ਗਿਆ ਹੋਵੇ? ਮੈਂ ਵੀ ਤਾਂ ਕਿੰਨੀ ਸ਼ੱਕੀ ਹਾਂ। ਨਿੱਕੀ ਨਿੱਕੀ ਗੱਲ 'ਤੇ ਝਗੜਨ ਬੈਠ ਜਾਂਦੀ ਹਾਂ। ਵਰਾਂਡੇ ਵਿਚ ਪੀਹੜੀ 'ਤੇ ਉਦਾਸ ਬੈਠੀ ਉਹ ਆਪਣੇ ਆਪ 'ਤੇ ਖ਼ਾਮੋਸ਼ ਲਾਹਨਤਾਂ ਪਾ ਰਹੀ ਹੈ।

* * *

ਅੱਜ ਸਵੇਰੇ ਜਦ ਉਹ ਕੰਮ 'ਤੇ ਜਾਣ ਲੱਗਿਆ ਸੀ ਤਾਂ ਉਸ ਨੇ ਸ਼ਕਾਇਤ ਕੀਤੀ ਸੀ ਕਿ ਉਹ ਹਰ ਰੋਜ਼ ਹੀ ਆਲੂਆਂ ਦੀ ਸਬਜ਼ੀ ਕਿਉਂ ਬਣਾ ਲੈਂਦੀ ਹੈ? ਨਿਰ੍ਹੇ ਆਲੂਆਂ

62

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ