ਕੁੰਡਾ ਖੋਲ੍ਹਿਆ ਹੈ, ਦੁੱਧ ਵਾਲਾ ਮੁੰਡਾ ਹੈ। ਉਹ ਅੰਦਰ ਲੰਘ ਆਇਆ ਹੈ। ਦੁੱਧ ਪਵਾਉਣ ਵਾਸਤੇ ਬਰਤਨ ਲੈਣ ਉਹ ਰਸੋਈ ਵਿਚ ਗਈ ਹੈ। ਰਸੋਈ ਵਾਲੀ ਬੱਤੀ ਵੀ ਜਗਾ ਲਈ ਹੈ। 'ਬਾਉ ਜੀ?' ਦੁੱਧ ਵਾਲੇ ਮੁੰਡੇ ਨੇ ਪੁੱਛਿਆ ਹੈ।
'ਬਜ਼ਾਰ ਗਏ ਹੋਏ ਨੇ। ਸੁਮਿੱਤਰਾ ਨੇ ਜਵਾਬ ਦਿੱਤਾ ਹੈ।
'ਰੋਟੀ ਅੱਜ ਹੋਟਲ 'ਤੇ ਖਾ ਕੇ ਆਊਂਗੇ? ਕਹਿਕੇ ਦੁੱਧ ਵਾਲਾ ਮੁੰਡਾ ਹੱਸਿਆ ਹੈ। ਸੁਮਿੱਤਰਾ ਵੀ ਮੁਸਕਰਾਈ। ਬਨਾਵਟੀ ਜਿਹਾ। ਦੁੱਧ ਪਾ ਕੇ ਮੁੰਡਾ ਚਲਿਆ ਗਿਆ ਹੈ। ਸੁਮਿੱਤਰਾ ਨੇ ਵਿਹੜੇ ਦੀ ਬੱਤੀ ਵੀ ਆਨ ਕਰ ਦਿੱਤੀ ਹੈ। ਉਸ ਨੇ ਫ਼ੈਸਲਾ ਕਰ ਲਿਆ ਹੈ ਕਿ ਉਹ ਰੋਟੀ ਪਕਾ ਹੀ ਲਵੇ। ਉਹ ਨਾ ਆਇਆ ਤਾਂ ਪਈ ਰਹੇਗੀ ਪੱਕੀ ਪਕਾਈ, ਇਕੱਲੀ, ਪਰ ਉਹ ਨਹੀਂ ਖਾਵੇਗੀ। ਉਹ ਸੋਚ ਰਹੀ ਹੈ। ਉਸ ਦੀ ਮਨ ਪਸੰਦ ਸਬਜ਼ੀ ਕਿਹੜੀ ਹੈ? ਆਲੂ? ਉਹ ਆਪਣੇ ਆਪ ਮੁਸਕਰਾਈ ਹੈ। ਨਹੀਂ, ਬੰਦ ਗੋਭੀ ਉਸ ਨੂੰ ਬਹੁਤ ਪਸੰਦ ਹੈ। ਪਸੰਦ ਤਾਂ ਉਸ ਨੂੰ ਆਲੂ ਮਟਰ ਵੀ ਹਨ, ਪਰ ਮਟਰਾਂ ਵਿਚ ਆਲੂ ਦੇਖ ਕੇ ਫਿਰ ਚਿੜੇਗਾ। ਬੰਦ ਗੋਭੀ ਹੀ ਠੀਕ ਹੈ। ਬਣ ਵੀ ਛੇਤੀ ਛੇਤੀ ਹੀ ਜਾਵੇਗੀ। ਨਿੱਕਾ ਜਿਹਾ ਥੈਲਾ ਲੈ ਕੇ ਉਹ ਘਰ ਤੋਂ ਬਾਹਰ ਹੋ ਗਈ ਹੈ।
* * *
ਦਰਵਾਜ਼ੇ ਦਾ ਬਾਹਰਲਾ ਕੁੰਡਾ ਲੱਗਿਆ ਦੇਖ ਕੇ ਉਹ ਹੈਰਾਨ ਹੋਇਆ ਹੈ। ਇਸ ਵੇਲੇ ਕਿੱਥੇ ਗਈ ਹੈ ਉਹ? ਖ਼ੈਰ, ਉਸ ਨੇ ਕੁੰਡਾ ਲਾਹਿਆ ਤੇ ਦਰਵਾਜ਼ਾ ਖੋਲ੍ਹ ਕੇ ਅੰਦਰ ਵਿਹੜੇ ਵਿਚ ਚਲਿਆ ਗਿਆ ਹੈ। ਸੁਮਿੱਤਰਾ ਦਾ ਨਾਂ ਲੈ ਕੇ ਉਸ ਨੇ ਹਾਕ ਮਾਰੀ ਹੈ। ਇਹ ਵੀ ਪਤਾ ਹੈ, ਬਾਹਰਲਾ ਕੁੰਡਾ ਤਾਂ ਲੱਗਿਆ ਹੋਇਆ ਹੈ। ਬੇਫ਼ਾਇਦਾ ਜਿਹਾ ਉਹ ਰਸੋਈ ਵਿਚ ਝਾਕਿਆ ਹੈ ਤੇ ਫਿਰ ਕਮਰੇ ਵਿਚ ਆ ਕੇ ਕੁਰਸੀ 'ਤੇ ਬੈਠ ਗਿਆ ਹੈ। ਬੂਟਾਂ ਦੇ ਤਸਮੇਂ ਖੋਲ੍ਹਣ ਲੱਗਿਆ ਹੈ।
ਕਿੰਨੀਆਂ ਹੀ ਸਟੇਟਮੈਂਟਾਂ ਮੁਕੰਮਲ ਕਰਕੇ ਉਸ ਦੇ ਅਫ਼ਸਰ ਨੇ ਕੱਲ ਨੂੰ ਚੰਡੀਗੜ੍ਹ ਹੈੱਡ ਆਫ਼ਿਸ ਵਿਚ ਜਾਣਾ ਹੈ। ਏਸੇ ਲਈ ਉਸ ਨੇ ਉਸ ਨੂੰ ਤੇ ਕਈ ਹੋਰ ਕਲਰਕਾਂ ਨੂੰ ਦਫ਼ਤਰ ਵਿਚ ਓਵਰ ਟਾਈਮ ਬਿਠਾ ਲਿਆ ਸੀ। ਪਰ ਐਨਾ ਲੇਟ ਆਉਣ ਕਰਕੇ ਉਹ ਮਨ ਵਿਚ ਮਿੰਨ੍ਹਾ ਮਿੰਨ੍ਹਾ ਖੁਸ਼ ਵੀ ਹੈ।ਤੜਕੇ ਵਾਲਾ ਗੁੱਸਾ ਵੀ ਪੂਰਾ ਹੋ ਗਿਆ, ਪਰ ਉਹ ਗਈ ਕਿੱਧਰ?
ਚੜ੍ਹੇ ਸਾਹ ਨਾਲ ਓਹੀ ਦੁੱਧ ਵਾਲਾ ਮੁੰਡਾ ਆਇਆ। ਦੱਸਿਆ ਹੈ-'ਇੱਕ ਮੋਟਰ ਸਾਈਕਲ ਨਾਲ ਬੀਬੀ ਜੀ ਦੀ ਟੱਕਰ ਹੋ ਗਈ। ਕਿਸ਼ੋਰੀ ਸਬਜ਼ੀ ਵਾਲੇ ਦੀ ਦੁਕਾਨ ਕੋਲ। ਮੂੰਹ ਵਿਚੋਂ ਲਹੂ ਵਗ ਰਿਹੈ। ਛੇਤੀ ਆਓ।'
ਖੁੱਲ੍ਹੇ ਤਸਮਿਆਂ ਵਾਲੇ ਬੂਟਾਂ ਸਮੇਤ ਹੀ ਉਹ ਕਿਸ਼ੋਰੀ ਸਬਜ਼ੀ ਵਾਲੇ ਦੀ ਦੁਕਾਨ ਵੱਲ ਦੌੜ ਰਿਹਾ ਹੈ।♦
64
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ