ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨੁੱਖ ਦੀ ਬੇਅਦਬੀ

ਮੈਂ ਤੁਹਾਨੂੰ ਇੱਕ ਲਤੀਫ਼ਾ ਸੁਣਾਉਂਦਾ ਹਾਂ। ਪਰ ਨਹੀਂ, ਮੈਂ ਤੁਹਾਨੂੰ ਆਪਣੀ ਬੇਅਦਬੀ ਦੀ ਗੱਲ ਸੁਣਾਉਂਦਾ ਹਾਂ। ਚਲੋ, ਖ਼ੈਰ, ਤੁਸੀਂ ਗੱਲ ਸੁਣੋ। ਤੁਸੀਂ ਇਸ ਨੂੰ ਲਤੀਫ਼ਾ ਸਮਝ ਲੈਣਾ, ਮੈਂ ਆਪਣੀ ਬੇਅਦਬੀ ਸਮਝਾਂਗਾ। ਪਰ ਇਹ ਗੱਲ ਬਾਅਦ ਵਿਚ ਸੁਣਾਵਾਂਗਾ। ਪਹਿਲਾਂ ਇੱਕ ਨਿੱਕੀ ਜਿਹੀ ਹੋਰ ਗੱਲ ਸੁਣ ਲਓ।

ਸੰਤਾਲੀ ਅਜੇ ਵਾਪਰਿਆ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਮੈਂ ਪੰਜਵੀਂ ਜਾਂ ਸ਼ਾਇਦ ਛੇਵੀਂ ਜਮਾਤ ਵਿਚ ਪੜ੍ਹਦਾ ਹੋਵਾਂਗਾ। ਮੇਰੇ ਨਾਲ ਮਰਾਸੀਆਂ ਦਾ ਇਕ ਮੁੰਡਾ ਪੜ੍ਹਦਾ ਹੁੰਦਾ ਸੀ। ਉਹਦਾ ਨਾਂ ਖਾਲਿਕ ਸੀ। ਇਕਹਿਰੇ ਅੰਗਾਂ ਦਾ ਮੁੰਡਾ। ਉਹਦਾ ਲੰਬੂਤਰਾ ਮੂੰਹ ਮੈਨੂੰ ਅਜੇ ਤੱਕ ਯਾਦ ਹੈ। ਮੋਟੀਆਂ ਮੋਟੀਆਂ ਅੱਖਾਂ, ਜਿਵੇਂ ਗੱਲਾਂ ਕਰਦੀਆਂ। ਸਿਰ ਦੀਆਂ ਬੋਦੀਆਂ ਪਿਛਾਂਹ ਨੂੰ ਵਾਹ ਕੇ ਰੱਖਦਾ। ਸਿਰ ਤਾਂ ਮੇਰਾ ਵੀ ਉਨ੍ਹਾਂ ਦਿਨਾਂ ਵਿਚ ਮੁੰਨਿਆ ਹੁੰਦਾ, ਪਰ ਮੈਂ ਪੱਗ ਬੰਨ੍ਹਦਾ ਸਾਂ। ਖਾਲਿਕ ਗਾਉਂਦਾ ਬਹੁਤ ਵਧੀਆ ਸੀ। ਮੇਰੇ ਨਾਲ ਉਹ ਦੀ ਦੋਸਤੀ ਸੀ। ਮੈਂ ਵੀ ਉਹ ਦੇ ਵਾਂਗ ਗਾਉਣ ਦੀ ਕੋਸ਼ਿਸ਼ ਕਰਦਾ। ਸਕੂਲੋਂ ਛੁੱਟੀ ਹੋਣ ਦੇ ਬਾਅਦ ਅਸੀਂ ਇਕੱਠੇ ਖੇਡਦੇ। ਪਹਿਲਾਂ ਸਕੂਲ ਦਾ ਕੰਮ ਕਰਦੇ, ਫੇਰ ਖੇਡਦੇ। ਖਾਲਿਕ ਮੇਰੇ ਬਗ਼ੈਰ ਰਹਿ ਨਹੀਂ ਸਕਦਾ ਸੀ। ਮੈਂ ਉਹਦੇ ਬਗ਼ੈਰ ਇਕੱਲਾ ਇਕ ਪਲ ਵੀ ਨਾ ਗੁਜ਼ਾਰਦਾ। ਅਸੀਂ ਦੋਵੇਂ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਫੇਰ ਪਤਾ ਨਹੀਂ ਕਿਵੇਂ ਹੋਇਆ, ਸਾਡੇ ਸਕੂਲ ਦੇ ਇੱਕ ਮਾਸਟਰ ਨੇ ਮੁੰਡਿਆਂ ਦੀ ਇੱਕ ਲਿਸਟ ਬਣਾਈ। ਲਿਸਟ ਵਿਚ ਮੇਰਾ ਨਾਉਂ ਤਾਂ ਸੀ, ਖਾਲਿਕ ਦਾ ਨਾਉਂ ਨਹੀਂ ਸੀ।

ਪਿੰਡ ਵਿਚ ਇਕ ਢਹੀ ਹੋਈ ਹਵੇਲੀ ਦਾ ਵਿਹੜਾ ਪੱਧਰ ਕੀਤਾ ਗਿਆ। ਕਦੇ ਉਹ ਬਹੁਤ ਵੱਡੀ ਹਵੇਲੀ ਹੋਵੇਗੀ। ਨਿੱਕੀਆਂ ਇੱਟਾਂ ਦੀ ਹਵੇਲੀ ਸੀ। ਅਸੀਂ ਓਥੇ ਸ਼ਾਮ ਨੂੰ ਇਕੱਠੇ ਹੁੰਦੇ। ਸਾਡੀ ਵਰਦੀ ਵੀ ਸੀ-ਸਫ਼ੈਦ ਬੁਨੈਣ ਤੇ ਖਾਕੀ ਨਿੱਕਰ। ਸਾਡਾ ਓਹੀ ਮਾਸਟਰ ਸਾਨੂੰ ਨਚਾਉਂਦਾ ਟਪਾਉਂਦਾ। ਅਸੀਂ ਨਵੀਆਂ ਨਵੀਆਂ ਖੇਡਾਂ ਖੇਡਦੇ। ਸਾਡੇ ਮਾਸਟਰ ਤੋਂ ਵੱਡਾ ਉੱਥੇ ਇੱਕ ਹੋਰ ਆਦਮੀ ਵੀ ਆਉਂਦਾ ਹੁੰਦਾ। ਪਤਾ ਨਹੀਂ, ਉਹ ਕੌਣ ਸੀ। ਉਹਦੇ ਵੀ ਸਫ਼ੈਦ ਬੁਨੈਣ ਤੇ ਖਾਕੀ ਨਿੱਕਰ ਹੁੰਦੀ। ਮੁੰਡੇ ਹੱਸਦੇ, ਉਹਦੇ ਸਿਰ ਦੇ ਵਾਲਾਂ ਵਿਚ ਲੰਬਾ ਬੋਦਾ ਸੀ-ਗੰਢ ਦੇ ਕੇ ਪਿਛਾਂਹ ਨੂੰ ਸੁੱਟਿਆ ਹੋਇਆ। ਗੱਲਾਂ ਕਰਨ ਵੇਲੇ ਉਹ ਦਾ ਸਿਰ ਹਿੱਲਦਾ ਤਾਂ ਉਹ ਦੇ ਬੋਦੇ ਦੀ ਗੰਢ ਏਧਰ ਓਧਰ ਡਿਗਦੀ। ਮੁੰਡਿਆਂ ਦੀ ਹਾਸੀ ਨਿਕਲ ਜਾਂਦੀ। ਸਾਡਾ ਮਾਸਟਰ ਸਾਨੂੰ ਅੱਖਾਂ ਵਿਚ ਹੀ ਘੂਰਦਾ। ਸਾਡੇ ਮਾਸਟਰ ਤੋਂ ਉਹ ਵੱਡਾ ਕਿਉਂ ਸੀ? ਸਾਨੂੰ ਤਾਂ ਬਸ ਐਨਾ ਪਤਾ ਸੀ ਕਿ ਖੇਡਣ ਪਿਛੋਂ ਲਾਈਨਾਂ ਵਿਚ ਖੜ੍ਹਾ ਕਰਕੇ ਸਾਡਾ ਮਾਸਟਰ ਸਾਡੀ ਗਿਣਤੀ ਕਰਦਾ ਤੇ ਫੇਰ ਉਸ ਬੰਦੇ ਸਾਹਮਣੇ ਜਾ ਕੇ ਸਾਵਧਾਨ ਖੜ੍ਹਾ ਹੋ ਜਾਂਦਾ, ਮੁੰਡਿਆਂ ਦੀ ਗਿਣਤੀ ਦੱਸਦਾ।

ਮਨੁੱਖ ਦੀ ਬੇਅਦਬੀ

65