ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਸ

ਆਖ਼ਰੀ ਬੱਸ। ਹਨੇਰਾ ਵਾਹਵਾ ਉਤਰ ਆਇਆ। ਅੱਡਾ ਛੱਡ ਕੇ ਬਸ ਨਿਕਲੀ ਤੇ ਸਵਾਰੀਆਂ ਪਿੰਡ ਦੀ ਸੜਕ ਪੈ ਗਈਆਂ। ਦੋ ਤਿੰਨ ਬੰਦੇ ਚਾਹ ਦੀ ਦੁਕਾਨ ਵੱਲ ਹੋ ਗਏ। ਪਾਣੀ ਪੀਣ ਜਾਂ ਸ਼ਾਇਦ ਚਾਹ ਪੀਣ ਹੀ। ਤਿੰਨ ਚਾਰ ਜਣੇ ਸ਼ਰਾਬ ਦੇ ਠੇਕੇ ਵਿਚ ਜਾ ਵੜੇ। ਅੱਡੇ 'ਚੋਂ ਨਿਕਲ ਕੇ ਬੋਝਲ ਜਿਹੇ ਕਦਮਾਂ ਨਾਲ ਉਹ ਪਿੰਡ ਦੀ ਸੜਕ 'ਤੇ ਤੁਰਨ ਤਾਂ ਲੱਗ ਗਿਆ, ਪਰ ਇਕ ਤਿੱਖਾ ਛੁਰੀ ਜਿਹਾ ਖਿਆਲ ਉਹ ਦੇ ਪਿੰਡੇ ਨੂੰ ਚੀਰ ਗਿਆ। ਅੱਜ ਫੇਰ ਉਹ ਹਥਾਈ ਵਾਲੀ ਸੱਥ ਵਿਚ ਬੈਠੇ ਹੋਣਗੇ ਤੇ ਉਹ ਨੂੰ 'ਚੌਰਾ' ਕਹਿਣਗੇ। 'ਚੌਰਾ' ਸ਼ਬਦ ਉਹਦੇ ਲਈ ਗੋਲੀ ਸੀ। ਉਹ ਦੇ ਕੰਨਾਂ ਵਿਚ ਇਹ ਸ਼ਬਦ ਪੈਂਦਾ ਤਾਂ ਉਹਦਾ ਕਾਲਜਾ ਛਾਨਣੀ ਛਾਨਣੀ ਹੋ ਕੇ ਰਹਿ ਜਾਂਦਾ।

ਪਤਾ ਨਹੀਂ ਕੀ ਸੋਚ ਕੇ ਉਹ ਉੱਥੇ ਹੀ ਰੁਕ ਗਿਆ, ਜੇਬ ਟੋਹੀ ਤੇ ਵਾਪਸ ਅੱਡੇ ਵੱਲ ਹੋ ਲਿਆ। ਠੇਕੇ ਵਿਚ ਗਿਆ ਤੇ ਇੱਕ ਅਧੀਆ ਦੇਸੀ ਸ਼ਰਾਬ ਦਾ ਖਰੀਦ ਲਿਆ, ਪਰਾਂ ਸੀਮਿੰਟ ਦੀ ਚੌਕੜੀ ਤੇ ਬੈਠ ਗਿਆ। ਅੱਡੇ ਵਿਚ ਦੋਵੇਂ ਪਾਸੀਂ ਦੋ ਦੋ ਚੌਕੜੀਆਂ ਬਣੀਆਂ ਹੋਈਆਂ ਸਨ। ਉਹਨੇ ਦੇਖਿਆ, ਪਰਲੇ ਪਾਸੇ ਦੀ ਇਕ ਚੌਂਕੜੀ 'ਤੇ ਬੈਠੇ ਦੋ ਬੰਦੇ ਸ਼ਰਾਬ ਪੀ ਰਹੇ ਸਨ। ਅੱਡੇ ਵਿਚ ਚਾਹ ਦੀਆਂ ਹੋਰ ਵੀ ਤਿੰਨ ਚਾਰ ਦੁਕਾਨਾਂ ਸਨ। ਆਖ਼ਰੀ ਬੱਸ ਤੋਂ ਘੰਟਾ ਦੋ ਘੰਟੇ ਬਾਅਦ ਤੱਕ ਇਹ ਦੁਕਾਨਾਂ ਖੁੱਲ੍ਹੀਆਂ ਰਹਿੰਦੀਆਂ। ਤੇ ਫੇਰ ਕੋਈ ਗਾਹਕ ਨਹੀਂ ਆਉਂਦਾ ਸੀ ਤਾਂ ਬੰਦ ਹੋ ਜਾਂਦੀਆਂ। ਫੇਰ ਤਾਂ ਸ਼ਰਾਬੀ ਲੋਕ ਹੀ ਆਉਂਦੇ। ਇਕ ਇਕ ਰੁਪਏ ਦਾ ਭੁਜੀਆ ਲੈ ਕੇ ਮਗਜਾਲੀ ਮਾਰਦੇ ਰਹਿੰਦੇ ਤੇ ਵਾਧੂ ਦੀ ਜਾਨ ਖਾਂਦੇ।

ਦੂਜੇ ਪੈੱਗ ਨਾਲ ਉਸ ਨੂੰ ਖਾਸਾ ਤਰਾਰਾ ਜਿਹਾ ਆ ਗਿਆ। ਉਹ ਉੱਠਿਆ ਤੇ ਜੇਬ ਵਿਚ ਹੱਥ ਮਾਰਿਆ। ਉਹ ਚਾਹੁੰਦਾ ਸੀ, ਮੂੰਹ ਸਲੂਣਾ ਕਰ ਲਵੇ। ਸੱਠ ਪੈਸੇ ਹੀ ਨਿਕਲੇ। ਦੁਕਾਨਦਾਰ ਤੋਂ ਉਹਨੇ ਮਟਰ ਫੜ ਲਏ। ਮੁੜ ਚੌਕੜੀ ਤੇ ਆਕੇ ਤੀਜਾ ਪੈੱਗ ਬਣਾਇਆ ਤੇ ਪੀ ਲਿਆ। ਮਟਰ ਮੁਕਾ ਕੇ ਖਾਲੀ ਕਾਗਜ਼ ਦੀ ਉਹ ਨੇ ਗਰੌਲੀ ਜਿਹੀ ਬਣਾਈ ਤੇ ਦੂਰ ਸੜਕ ਵਿਚਕਾਰ ਵਗਾਹ ਮਾਰੀ। ਦੁਕਾਨਦਾਰ ਨੂੰ ਡੱਬਾ ਗਲਾਸ ਵਾਪਸ ਕੀਤਾ ਤੇ ਘਰ ਨੂੰ ਚੱਲ ਪਿਆ। ਸੜਕ ਤੇ ਤੁਰ ਰਿਹਾ ਉਹ ਦੰਦ ਪੀਹ ਰਿਹਾ ਸੀ-"ਅੱਜ ਬੋਲਣ ਦੇ ਮੇਰੇ ਪਤਿਊਰਿਆਂ ਨੂੰ। ਮੈਂ ਵੀ ਪੁੱਠੀਆਂ ਸੁਣਾਉਂ। ਗਿੰਦਰ ਦੇ ਮੁੰਡੇ ਦੇ ਤਾਂ ਜੁੰਡੇ ਪੱਟੂੰ। ਭੈਣ ਦੇ ਯਾਰ, ਕਿਵੇਂ ਚਾਂਭੜ ਚਾਂਭੜ ਬੋਲਦਾ ਹੁੰਦੈ। ਮਾਂ ਨੂੰ ਧਲਿਆਰਾ ਪਾ ਕੇ ਰੱਖ ਲੈ। ਹਰਾ ਚਰਦੀ ਫਿਰਦੀ ਐ। ਮੈਨੂੰ ਲੋੜ ਸੀ, ਮੈਂ ਅੱਕ ਚੱਬ ਲਿਆ। ਘਰ ਈ ਵਸਾਇਐ ਆਪਣਾ, ਕੋਈ ਖਨਾਮੀ ਤਾਂ ਨੀ ਖੱਟੀ। ਪਿੰਡ ਦੀ ਧੀ ਭੈਣ ਨੂੰ ਨ੍ਹੀ ਕੁਛ ਆਖਿਆ ਕਦੇ। ਇਹ ਮੰਡੀਹਰ ਕਿਉਂ ਛੇੜਦੀ ਐ ਮੈਨੂੰ?" ਉਹ ਫਾਲੇ ਵਾਂਗ ਤਪਿਆ ਤੇ ਪੂਰਾ

ਸਾਹਸ

77