ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਪ ਵੀ ਨਹੀਂ ਸੀ। ਕੱਸੀ ਦਾ ਪਾਣੀ ਗੰਧਲਾ ਹੋਵੇਗਾ। ਉਹ ਪੈੱਗ ਕਿੱਥੇ ਲਾਵੇ? ਗਲਾਸ ਵੀ ਹੈ ਨਹੀਂ।

ਦੋ ਤਿੰਨ ਬੰਦੇ ਪੁਲ ਤੋਂ ਦੀ ਉਹ ਦੇ ਬਿਲਕੁਲ ਕੋਲ ਜਿਹਾ ਹੋ ਕੇ ਲੰਘੇ, ਪਰ ਉਹ ਨੂੰ ਕਿਸੇ ਨੇ ਬੁਲਾਇਆ ਨਹੀਂ। ਉਹ ਵੀ ਚੁੱਪ ਕੀਤਾ ਹੀ ਬੈਠਾ ਹੋਇਆ ਸੀ। ਇੱਕ ਡਰ, ਇੱਕ ਹੌਸਲਾ ਉਹ ਦੇ ਅੰਦਰ ਲਗਾਤਾਰ ਝਗੜ ਰਹੇ ਸਨ। ਉਹ ਨੇ ਪੱਕਾ ਫੈਸਲਾ ਕੀਤਾ ਹੋਇਆ ਸੀ ਕਿ ਅੱਜ ਦੋ ਹੱਥ ਕਰਕੇ ਹੀ ਉਹ ਸੱਥ ਨੂੰ ਪਾਰ ਕਰੇਗਾ।

ਪਿੰਡ ਦੇ ਮੁੰਡੇ ਵੀ ਕਿੰਨੇ ਕੰਜਰ ਹਨ। ਦੋ ਜਵਾਕਾਂ ਦੀ ਮਾਂ ਨੂੰ ਮੈਂ ਘਰ ਲਿਆ ਬਿਠਾਇਆ ਤਾਂ ਮੈਂ ਇਹ ਐਡਾ ਕਿਹੜਾ ਜੁਲਮ ਕੀਤਾ ਜਾਂ ਜੁਰਮ ਕਰ ਲਿਆ। ਮੈਨੂੰ ਲੋੜ ਸੀ, ਮੈਂ ਇਹ ਹੂਲਾ ਛੱਕ ਲਿਆ। ਇਹ ਦੇ ਵਿਚ ਲੋਕਾਂ ਦੀ ਮਾਂ ਦਾ ਕੀ ਜਾਂਦੈ? ਲੋਕ ਕਿਉਂ ਮੱਚਦੇ ਨੇ? ਕਿਉਂ ਮੇਰੇ 'ਤੇ ਦੰਦ ਧਰ ਛੱਡਿਐ? ਬਦਨਾਮੀ ਵਾਲੀ ਗੱਲ ਤਾਂ ਫੇਰ ਸੀ ਜੇ ਮੈਂ ਕਿਸੇ ਬਿਗਾਨੀ ਤੀਵੀਂ ਨੂੰ ਘਰ ਖਵਾ ਰਿਹਾ ਹੁੰਦਾ। ਦੂਜੇ ਘਰ ਦੀਆਂ ਕੰਧਾਂ ਟੱਪਦਾ।

ਇਹ ਮੁੰਡੇ ਜਿੱਥੇ ਬੋਲਣਾ ਚਾਹੀਦਾ ਹੈ, ਉੱਥੇ ਕਿਉਂ ਨਹੀਂ ਬੋਲਦੇ? ਉੱਥੇ ਕਿਉਂ ਇਨ੍ਹਾਂ ਦਾ ਲਹੂ ਜੰਮ ਜਾਂਦਾ ਹੈ? ਓਥੇ ਇਹ ਅੱਖਾਂ ਮੀਚ ਲੈਂਦੇ ਹਨ?

ਦਸ ਬੰਦਿਆਂ ਨੇ ਸਾਰੇ ਪਿੰਡ ਨੂੰ ਹੜੱਪ ਕਰਨਾ ਸ਼ੁਰੂ ਕਰ ਦਿੱਤਾ ਹੈ। ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਇਨ੍ਹਾਂ ਦਸਾਂ ਘਰਾਂ ਦੇ ਢਿੱਡ ਵਿਚ ਹਜ਼ਮ ਹੁੰਦੀਆਂ ਜਾ ਰਹੀਆਂ ਹਨ। ਕਿਸੇ ਦੀ ਗਹਿਣੇ ਕਿਸੇ ਦੀ ਬੈਅ। ਦਸਾਂ ਘਰਾਂ ਦਾ ਪੈਸਾ ਸਾਰੇ ਪਿੰਡ ਵਿਚ ਵਿਆਜ 'ਤੇ ਚੱਲ ਰਿਹਾ ਹੈ। ਇਨ੍ਹਾਂ ਘਰਾਂ ਨੇ ਤਾਂ ਸ਼ਾਹੂਕਾਰਾਂ ਨੂੰ ਵੀ ਮਾਰ ਦਿੱਤਾ ਹੈ। ਠੋਕ ਵਜਾ ਕੇ 'ਵਾਧਾ' ਲਾਉਂਦੇ ਨੇ। ਲਗਦਾ ਹੈ ਸਾਰੇ ਪਿੰਡ ਦੀ ਜ਼ਮੀਨ ਇੱਕ ਦਿਨ ਇਨ੍ਹਾਂ ਘਰਾਂ ਕੋਲ ਚਲੀ ਜਾਵੇਗੀ। ਛੋਟਾ ਕਿਸਾਨ ਖੇਤ ਮਜ਼ਦੂਰ ਬਣ ਕੇ ਰਹਿ ਜਾਵੇਗਾ। ਪਿੰਡ ਦਾ ਕੋਈ ਮੁੰਡਾ ਇਨ੍ਹਾਂ ਦਸਾਂ ਘਰਾਂ ਨੂੰ ਕਿਉਂ ਨਹੀਂ ਟੋਕਦਾ?

ਤੇ ਮਾਲਵਿੰਦਰ ਸਿੰਘ ਨੂੰ ਕਿਉਂ ਸਲਾਮਾਂ ਕਰਦੇ ਨੇ ਇਹ ਸਾਰੇ ਮੁੰਡੇ? ਹਰ ਪੰਜਾਂ ਸਾਲਾਂ ਬਾਅਦ ਪੱਗ ਦਾ ਰੰਗ ਬਦਲ ਲੈਂਦਾ ਹੈ। ਕਦੇ ਚਿੱਟੀ, ਕਦੇ ਨੀਲੀ। ਮਾਲਵਿੰਦਰ ਇੱਕ ਮੰਤਰੀ ਦਾ ਭਾਣਜਾ ਹੈ। ਮੰਤਰੀ ਵੀ ਪੱਗਾਂ ਬਦਲਦਾ ਰਹਿੰਦਾ ਹੈ। ਉਹ ਨੂੰ ਬੱਸ ਕੁਰਸੀ ਚਾਹੀਦੀ ਹੈ, ਪੱਗ ਕੋਈ ਵੀ ਹੋਵੇ। ਕਿਸੇ ਸਮੇਂ ਮਾਲਵਿੰਦਰ ਸਿੰਘ ਕੋਲ ਮਸਾਂ ਹੀ ਦਸ ਕਿੱਲੇ ਜ਼ਮੀਨ ਸੀ। ਠੱਗੀਆਂ ਮਾਰ ਮਾਰ ਹਣ ਚਾਲੀ ਕਿੱਲੇ ਬਣਾਈ ਬੈਠਾ ਹੈ। ਕੁੜੀ ਦਾ ਵਿਆਹ ਕੀਤਾ ਤਾਂ ਜਿਲ੍ਹੇ ਭਰ ਦੇ ਲੋਕ ਸ਼ਗਨ ਦੇਣ ਆਏ। ਸ਼ਰਾਬ, ਮੀਟ ਤੇ ਬਰਫ਼ ਸੋਡੇ ਦਾ ਖ਼ਰਚ ਅਫ਼ੀਮ ਦੇ ਸਮਗਲਰ ਹੀ ਕਰ ਗਏ। ਭ੍ਰਿਸ਼ਟਾਚਾਰੀ ਅਫ਼ਸਰਾਂ ਨੇ ਹਫ਼ਤਾ ਪਹਿਲਾਂ ਕੁੜੀ ਦੇ ਦਾਜ ਲਈ ਟੀ. ਵੀ., ਫਰਿੱਜ, ਡਾਈਨਿੰਗ ਸੈੱਟ, ਸੋਫ਼ੇ ਤੇ ਹੋਰ ਪਤਾ ਨਹੀਂ ਕੀ ਕੀ ਪਹੁੰਚਾ ਦਿੱਤਾ। ਬਦਲੀਆਂ ਕਰਵਾਉਣ ਤੇ ਤਰੱਕੀਆਂ ਦਿਵਾਉਣ ਦਾ ਮੁੱਲ ਤਰ ਗਿਆ। ਮਾਲਵਿੰਦਰ ਸਿੰਘ ਪਿੰਡ ਵਿਚ ਹਿੱਕ ਕੱਢ ਕੇ ਤਾਂ ਪਹਿਲਾਂ ਹੀ ਤੁਰਦਾ ਸੀ। ਹੁਣ ਕੁੜੀ ਦਾ ਬੇਮਿਸਾਲ ਵਿਆਹ ਕਰਕੇ ਸ਼ਰੀਕਾਂ ਵਿਚ ਸਮਾਜਕ ਪੱਖੋਂ ਵੀ ਉੱਚਾ ਹੋ ਗਿਆ ਹੈ। ਸਭ ਕੂੜ ਦਾ ਪਸਾਰਾ ਹੈ। ਪਿੰਡ ਦਾ ਕੋਈ ਮੁੰਡਾ ਏਸ ਮਾਲਵਿੰਦਰ ਸਿੰਘ ਦੰਭੀ ਨੂੰ ਕਿਉਂ ਨਹੀਂ ਕਦੇ ਕੋਈ ਲਲਕਾਰਾ ਮਾਰਦਾ?

80

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ