ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/81

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮਹੰਤ ਟਹਿਲ ਦਾਸ ਨੇ ਪਿੰਡ ਵਿਚ ਆਪਣੀ ਵੱਖਰੀ ਲੀਲ੍ਹਾ ਰਚਾ ਰੱਖੀ ਹੈ। ਅੱਧੇ ਤੋਂ ਬਹੁਤਾ ਪਿੰਡ ਉਹਦਾ ਅੰਧ ਵਿਸ਼ਵਾਸੀ ਬਣ ਚੁੱਕਿਆ ਹੈ। ਉਹ ਦੇ ਇੱਕ ਭਗਤ ਨੇ ਉਹਨੂੰ ਡੇਰਾ ਬਣਾਉਣ ਲਈ ਦੋ ਕਿੱਲੇ ਜ਼ਮੀਨ ਪੁੰਨ ਕਰ ਦਿੱਤੀ ਸੀ। ਕਿਸੇ ਘਰ ਜਵਾਕ ਨੂੰ ਇੱਕ ਘੁੱਟ ਦੁੱਧ ਮਿਲੇ ਨਾ ਮਿਲੇ, ਮਹੰਤ ਟਹਿਲ ਦਾਸ ਦੇ ਡੇਰੇ ਦੀਆਂ ਟੋਕਣੀਆਂ ਤੜਕੇ ਹੀ ਭਰ ਜਾਂਦੀਆਂ ਹਨ। ਪਿੰਡ ਦੇ ਵਿਹਲੜ ਮੁਸ਼ਟੰਡੇ ਪਰ ਟਹਿਲ ਦਾਸ ਦੇ ਅਨਿੰਨ ਭਗਤ ਤੇ ਉਹ ਦੇ ਧੂਤੂ ਇਹ ਕੜ੍ਹਿਆ ਦੁੱਧ ਪੀ ਪੀ ਕੱਟਿਆਂ ਵਾਂਗ ਪਲ ਰਹੇ ਹਨ।

ਮਹੰਤ ਟਹਿਲ ਦਾਸ ਪੂਰਾ ਜਤੀ ਸਤੀ ਹੈ। ਬੂਬਨਾ ਸਾਧ ਉਹ ਬਿਲਕੁਲ ਨਹੀਂ। ਪਰ ਉਹ ਆਪਣੇ ਲੰਬੇ ਭਗਵੇਂ ਟੈਰੀਕਾਟ ਦੇ ਚੋਲੇ ਨੂੰ ਦੋ ਗੀਝੇ ਲਾ ਕੇ ਰੱਖਦਾ ਹੈ। ਲੋਕ ਆਉਂਦੇ ਹਨ, ਮੱਥੇ ਟੇਕਦੇ ਹਨ, ਚੜ੍ਹਾਵਾ ਚੁੱਕ ਕੇ ਉਹ ਗੀਝੇ ਵਿਚ ਪਾ ਲੈਂਦਾ ਹੈ। ਖੱਬੇ ਹੱਥ ਨਾਲ ਸੰਜੇ ਗੀਝੇ ਵਿਚ ਤੇ ਸੱਜੇ ਹੱਥ ਨਾਲ ਖੱਬੇ ਗੀਝੇ ਵਿਚ। ਸੌ ਮੀਲ ਦੂਰ ਆਪਣੇ ਪਿਛਲੇ ਪਿੰਡ ਭਤੀਜਿਆਂ ਨੂੰ ਹਰ ਸਾਲ ਹੋਰ ਜ਼ਮੀਨ ਬੈਅ ਲੈ ਕੇ ਦੇ ਆਉਂਦਾ ਹੈ। ਭਰਜਾਈ ਰੰਡੀ ਹੈ। ਮਹੰਤ ਟਹਿਲ ਦਾਸ ਦੀ ਟਹਿਲਣ ਵੀ।

ਮਹੰਤ ਟਹਿਲ ਦਾਸ ਜਦੋਂ ਇਸ ਸੱਥ ਵਿਚ ਦੀ ਲੰਘਦਾ ਹੈ, ਸੱਥ ਵਿਚ ਬੈਠੇ ਇਹ ਮੁੰਡੇ ਉਹ ਦੇ ਪੈਰਾਂ 'ਤੇ ਕਿਉਂ ਡਿੱਗ ਪੈਂਦੇ ਹਨ? ਚਾਹੁਣ ਤਾਂ ਉਹ ਆਥਣ ਨੂੰ ਏਸ ਪਖੰਡੀ ਮਹੰਤ ਨੂੰ ਪਿੰਡੋਂ ਕੱਢ ਦੇਣ, ਜਿਸ ਕੋਲ ਝੂਠੀ ਤਸੱਲੀ ਦੀਆਂ ਪਰਚੀਆਂ ਤੋਂ ਛੁੱਟ ਹੋਰ ਕੁੱਝ ਵੀ ਨਹੀਂ। ਪਿੰਡ ਨੂੰ ਬੁੱਧੂ ਬਣਾ ਰੱਖਿਆ ਹੈ।

***

ਚਾਨਣ ਨੇ ਕੱਸੀ ਦਾ ਗੰਧਲਾ ਪਾਣੀ ਹੀ ਅਧੀਏ ਵਿਚ ਪਾਇਆ ਤੇ ਅਧੀਆ ਮੂੰਹ ਨੂੰ ਲਾ ਕੇ ਦਾਰੂ ਪੀ ਲਈ। ਇਸ ਸਮੇਂ ਉਹ ਪੂਰੇ ਨਸ਼ੇ ਵਿਚ ਸੀ।ਰੂੜੀਆਂ ਦੇ ਢੇਰ ਟੱਪ ਕੇ ਹਥਾਈ ਸਾਹਮਣੇ ਸੀ।ਉਹ ਨੇ ਦਰੋਂ ਹੀ ਖੰਘਣਾ ਖੰਘਾਰਨਾ ਸ਼ੁਰੂ ਕਰ ਦਿੱਤਾ। ਨਾਸਾਂ ਵਿਚੋਂ ਗੁੱਸੇ ਦੇ ਨੂੰਹੇਂ ਡਿੱਗਣ ਲੱਗੇ।ਉਹ ਨੇ ਪੱਕੀ ਮਥ ਲਈ ਹੋਈ ਸੀ।ਕਿ ਉਹ ਮੁੰਡਿਆਂ ਦੀ ਢਾਣੀ ਕੋਲ ਦੀ ਹੌਲੀ ਹੌਲੀ ਤੁਰ ਕੇ ਲੰਘੇਗਾ। ਨੀਵੀਂ ਨਹੀਂ ਪਾਵੇਗਾ। ਗੜਾ ਚੁੱਕ ਕੇ ਚੱਲੇਗਾ। ਪੂਰੀ ਹਿੱਕ ਕੱਢ ਕੇ। ਨਿਗਾਹ ਰੱਖੇਗਾ, ਜਦੋਂ ਹੀ ਕੋਈ ਮੁੰਡਾ ਬੋਲਿਆ, ਉਹ ਸ਼ੇਰ ਦੀ ਝਪਟ ਵਾਂਗ ਉਹਦੇ 'ਤੇ ਡਿੱਗ ਪਵੇਗਾ। ਉਹ ਨੂੰ ਬੁਰਕੀਏਂ ਖਾ ਜਾਵੇਗਾ। ਉਹ ਉਹ ਦਾ ਗਲ ਘੁੱਟ ਦੇਵੇਗਾ।

ਚਾਨਣ ਜਦੋਂ ਹੀ ਸੱਥ ਵਿਚ ਆਇਆ, ਓਥੇ ਕੋਈ ਨਹੀਂ ਸੀ। ਕੋਈ ਬੁੱਢਾ ਜਾਂ ਕੋਈ ਨਿਆਣਾ ਮੁੰਡਾ ਵੀ ਨਹੀਂ। ਸੱਥ ਵਿਚ ਤਾਂ ਸੁੰਨ ਸਰਾਂ ਸੀ। ਹਨੇਰਾ ਬਹੁਤ ਉਤਰ ਆਇਆ ਸੀ। ਸੱਥ ਵਿਚ ਬੈਠਣ ਵਾਲੇ ਆਪੋ ਆਪਣੇ ਘਰਾਂ ਨੂੰ ਤੁਰ ਗਏ ਸਨ। ਪਰ ਚਾਨਣ ਦਾ ਰੱਸਾ ਜ਼ੋਰਾਂ 'ਤੇ ਸੀ। ਉਹ ਸੱਥ ਵਿਚ ਇਉਂ ਟੰਗਾਂ ਚੌੜੀਆਂ ਕਰੀਂ ਖੜ੍ਹਾ ਸੀ, ਜਿਵੇਂ ਜੰਗਲ ਵਿਚ ਕੋਈ ਇਕੱਲਾ ਸ਼ੇਰ। ਉਹ ਨੇ ਦੱਬ ਕੇ ਚੀਕ ਮਾਰੀ, ਆਲੇ ਦੁਆਲਿਓਂ ਕੋਈ ਨਾ ਬੋਲਿਆ। ਚੀਕ ਦੀ ਆਵਾਜ਼ ਨੇੜੇ ਦੇ ਘਰਾਂ ਦੀਆਂ ਕੰਧਾਂ ਨਾਲ ਟਕਰਾ ਕੇ ਉਤਾਂਹ ਉੱਠੀ ਤੇ ਖਲਾਅ ਵਿਚ ਜਾ ਕੇ ਗੁੰਮ ਹੋ ਗਈ। ਇੱਕ ਚੀਕ ਉਹ ਨੇ ਹੋਰ ਮਾਰ ਦਿੱਤੀ। ਤੇ ਫੇਰ ਮੋਢੇ 'ਤੋਂ ਦੀ ਥੁੱਕ ਕੇ ਉਹ ਆਪਣੇ ਘਰ ਨੂੰ ਤੁਰ ਪਿਆ।

ਸਾਹਸ
81