ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/82

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੁੱਚੀ ਕੁਲ

ਪੰਜਾਬ ਵਿਚ ਆਮ ਲੋਕਾਂ ਲਈ ਲਈ ਇਹ ਕਿਹੇ ਚੰਦਰੇ ਦਿਨ ਸਨ। ਖ਼ਾਸ ਕਰਕੇ ਮੰਡੀਆਂ ਤੇ ਸ਼ਹਿਰਾਂ ਵਿਚ। ਲੋਕਾਂ ਨੇ ਕਰਫ਼ਿਊ ਦਾ ਨਾਉਂ ਤਾਂ ਜ਼ਰੂਰ ਸੁਣਿਆ ਹੋਵੇਗਾ, ਪਰ ਕਰਫ਼ਿਊ ਕਦੇ ਦੇਖਿਆ ਨਹੀਂ ਸੀ।

ਇਸ ਮੰਡੀ ਦੇ ਲੋਕ ਦੁਖੀ ਹੁੰਦੇ ਤੇ ਹੱਸਦੇ ਵੀ। ਗਲੀਆਂ ਬਜ਼ਾਰਾਂ ਵਿਚ ਮਿਲਟਰੀ ਦੇ ਬੰਦੇ ਭੂਤਾਂ ਪ੍ਰੇਤਾਂ ਵਾਂਗ ਤੁਰੇ ਫਿਰਦੇ। ਸੀ. ਆਰ. ਪੀ. ਤੇ ਪੰਜਾਬ ਪੁਲਿਸ ਅਲੱਗ। ਪਹਿਲੇ ਦੋ ਦਿਨ ਤਾਂ ਲੋਕ ਬਹੁਤਾ ਹੀ ਜਿੱਚ ਹੋਏ। ਸਵੇਰੇ ਅੱਠ ਵਜੇ ਸਾਇਰਨ ਵੱਜਦਾ ਤੇ ਕਰਫ਼ਿਊ ਇੱਕ ਘੰਟੇ ਲਈ ਖੁੱਲ੍ਹਦਾ। ਲੋਕਾਂ ਦੀ ਜ਼ਿੰਦਗੀ ਸਾਇਰਨ ਨਾਲ ਬੱਝ ਕੇ ਰਹਿ ਗਈ ਸੀ। ਸਾਇਰਨ ਦੀ ਆਵਾਜ਼ ਨਾਲ ਜ਼ਿੰਦਗੀ ਚਾਰ ਦੀਵਾਰੀਆਂ ਅੰਦਰ ਕੈਦ ਹੋ ਜਾਂਦੀ। ਸਾਇਰਨ ਦੀ ਆਵਾਜ਼ ਨਾਲ ਜ਼ਿੰਦਗੀ ਖੰਭ ਖੋਲ੍ਹਦੀ ਤੇ ਦਾਣਾ ਪਾਣੀ ਚੁਗਣ ਲਈ ਵਾਹੋ ਦਾਹੀ ਬਾਹਰ ਨੂੰ ਭੱਜਦੀ। ਜਿਵੇਂ ਦਾਣਾ ਪਾਣੀ ਕਦੇ ਦੇਖਿਆ ਹੀ ਨਾ ਹੋਵੇ।

ਜਿਵੇਂ ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾਈਦਾ ਹੈ। ਸਾਇਰਨ ਵੱਜਦਾ ਤਾ ਲੋਕ ਘਰਾਂ ਤੋਂ ਬਾਹਰ ਮੂੰਹ ਕੱਢ ਕੇ ਗਲੀ ਵਿਚ ਦੂਰ ਤੱਕ ਫੈਲੀ ਸੁੰਨਸਾਨ ਨੂੰ ਹੈਰਾਨੀ ਨਾਲ ਦੇਖਣ ਲੱਗਦੇ। ਦੋ ਚਾਰ ਜਣੇ ਕੋਈ ਇੱਕ ਬਾਰ ਸਾਹਮਣੇ ਖੜ੍ਹ ਜਾਂਦੇ ਤੇ ਅੰਮ੍ਰਿਤਸਰ ਦੀਆਂ ਗੱਲਾਂ ਕਰਦੇ। ਔਰਤਾਂ ਵੀ ਇੰਝ ਇੱਕ ਥਾਂ ਇਕੱਠੀਆਂ ਖੜ੍ਹੀਆਂ ਰਹਿੰਦੀਆਂ ਤੇ ਗੱਲਾਂ ਕਰਦੀਆਂ। ਨੌਜਵਾਨ ਮੁੰਡੇ ਕਿਸੇ ਦੀ ਬੈਠਕ ਵਿਚ ਇਕੱਠੇ ਹੁੰਦੇ ਤੇ ਤਾਸ਼ ਖੇਡਦੇ। ਕਰਫ਼ਿਊ ਦਾ ਸਾਇਰਨ ਵੱਜਣ ਬਾਅਦ ਵੀ ਮਿਲਟਰੀ ਦੇ ਬੰਦੇ ਕਿਸੇ ਗਲੀ ਵਿਚ ਲੋਕਾਂ ਨੂੰ ਇੰਝ ਘਰਾਂ ਤੋਂ ਬਾਹਰ ਖੜ੍ਹੇ ਦੇਖਦੇ ਤਾਂ ਵੜਦੇ। ਥੱਪੜਾਂ ਹੂਰਿਆਂ ਨਾਲ ਕੁੱਟ ਦਿੰਦੇ। ਰਾਈਫ਼ਲਾਂ ਦੇ ਬੱਟ ਮਾਰਦੇ। ਕੁੱਟ ਖਾ ਕੇ ਲੋਕ ਕਰਫ਼ਿਊ ਦਾ ਮਤਲਬ ਸਮਝ ਜਾਂਦੇ। ਬਜ਼ਾਰਾਂ ਵਿਚ ਵੀ ਇੰਝ ਹੋਇਆ ਸੀ। ਉੱਚੀਆਂ ਹਵੇਲੀਆਂ 'ਤੇ ਖੜ੍ਹ ਕੇ ਕੋਈ ਝਾਕਦਾ ਤਾਂ ਮਿਲਟਰੀ ਵਾਲੇ ਉਨ੍ਹਾਂ ਨੂੰ ਇਸ਼ਾਰਾ ਕਰਕੇ ਥੱਲੇ ਬੁਲਾਉਂਦੇ ਤੇ ਕਰਫ਼ਿਊ ਦਾ ਮਤਲਬ ਸਮਝਾ ਦਿੰਦੇ। ਇੰਝ ਦੋ ਕੁ ਦਿਨਾਂ ਵਿਚ ਹੀ ਸਾਰੀ ਮੰਡੀ ਕਰਫ਼ਿਊ ਦਾ ਮਤਲਬ ਸਮਝ ਗਈ ਸੀ। ਪਾਲਤੂ ਜਾਨਵਰਾਂ ਵਾਂਗ।

ਤੇ ਫੇਰ ਘਰਾਂ ਵਿਚੋਂ ਚੀਜ਼ਾਂ ਮੁੱਕਣ ਲੱਗੀਆਂ। ਆਟਾ, ਦਾਲਾਂ, ਖੰਡ, ਚਾਹ ਪੱਤੀ, ਮਿੱਟੀ ਦਾ ਤੇਲ ਤੇ ਬਨਸਪਤੀ ਘਿਓ। ਬਹੁਤਾ ਤੋੜਾ ਤਾਂ ਦੁੱਧ ਦਾ ਪਿਆ। ਦੋ ਕੁ ਦਿਨ ਤਾਂ ਮਿਲਟਰੀ ਵਾਲਿਆਂ ਨੇ ਪਿੰਡਾਂ ਵਿਚੋਂ ਦੁੱਧ ਦੇ ਢੋਲ ਭਰ ਕੇ ਲਿਆਂਦੇ। ਕਰਫ਼ਿਊ

82
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ