ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੁੱਲ੍ਹੇ ਤੋਂ ਲੋਕ ਦੁਕਾਨਾਂ ਵੱਲ ਭੱਜਦੇ। ਦੁਕਾਨਦਾਰ ਇੰਝ ਪ੍ਰੇਸ਼ਾਨ ਹੋ ਉੱਠਦੇ, ਜਿਵੇਂ ਉਨ੍ਹਾਂ ਦੀ ਦੁਕਾਨ ਨੂੰ ਲੁੱਟਿਆ ਜਾ ਰਿਹਾ ਹੋਵੇ। ਕੋਈ ਦੁਕਾਨਦਾਰ ਵੱਧ ਮੁੱਲ ਲਾਉਂਦਾ ਤੇ ਮਿਲਟਰੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਤਾਂ ਉਹ ਉਹ ਨੂੰ ਕਰਫ਼ਿਊ ਦਾ ਮਤਲਬ ਸਮਝਾਉਂਦੇ। ਪਾਣੀ ਤੇ ਬਿਜਲੀ ਦੀ ਬੜੀ ਮੌਜ ਰਹੀ। ਚੌਵੀ ਘੰਟੇ ਪਾਣੀ ਮਿਲਦਾ ਤੇ ਚੌਵੀ ਘੰਟੇ ਹੀ ਬਿਜਲੀ। ਪਿੱਛੋਂ ਜਾ ਕੇ ਲੋਕ ਗੱਲਾਂ ਕਰਦੇ ਹੁੰਦੇ, "ਬਈ ਬਿਜਲੀ ਪਾਣੀ ਦੀ ਖੁੱਲ੍ਹ ਤਾਂ ਕਰਫ਼ਿਊ ਦੇ ਦਿਨਾਂ 'ਚ ਦੇਖੀ।"

ਮੁਸੀਬਤ ਵੇਲੇ ਸਭ ਇਕੱਠੇ ਹੋ ਜਾਂਦੇ ਨੇ ਖ਼ਾਸ ਕਰਕੇ ਪੰਜਾਬੀ ਲੋਕ। ਕਰਫ਼ਿਊ ਦੇ ਦਿਨਾਂ ਵਿਚ ਗਵਾਂਢੀ ਗਵਾਂਢੀ ਨੂੰ ਪੁੱਛਦਾ ਸੀ-ਖੰਡ ਨਹੀਂ ਤਾਂ ਸਾਡਿਓਂ ਲੈ ਜਾਓ।"

ਕੋਈ ਆਖਦਾ-"ਮਿੱਟੀ ਦੇ ਤੇਲ ਦੀਆਂ ਬੋਤਲਾਂ ਚਾਰ ਨੇ, ਇੱਕ ਨੂੰ ਲੈ ਜਾ। ਵਖ਼ਤ ਕੱਟੋ ਭਾਈ।"

ਕਿਸੇ ਗਵਾਂਢੀ ਦੇ ਕੋਈ ਦੋ ਡੰਗ ਦਾ ਆਟਾ ਮੰਗਣ ਗਿਆ ਤਾਂ ਅਗਲੇ ਨੇ ਇਨਕਾਰ ਨਹੀਂ ਕੀਤਾ। ਸਗੋਂ ਜਵਾਬ ਮਿਲਦਾ, "ਜਿਹੜਾ ਕੁਛ ਘਰੇ ਹੈਗਾ, ਭਰਾਵਾ, ਹਾਜ਼ਰ ਐ।"

ਉਨ੍ਹਾਂ ਦਿਨਾਂ ਵਿਚ ਕਿਸੇ ਨੇ ਨਹੀਂ ਪਰਖਿਆ, ਕੌਣ ਹਿੰਦੂ ਹੈ ਤੇ ਕੌਣ ਸਿੱਖ। ਸਭ ਦੀ ਭਾਵਨਾ, ਗਵਾਂਢੀ ਗਵਾਂਢੀ ਹੁੰਦਾ ਹੈ। ਗਵਾਂਢੀ ਹਿੰਦੂ ਕਦੋਂ ਹੁੰਦੈ, ਗਵਾਂਢੀ ਸਿੱਖ ਕਦੋਂ ਹੁੰਦੈ? ਗਵਾਂਢੀ ਤਾਂ ਭਰਾ ਹੁੰਦੈ, ਮਾਂ ਪਿਓ ਜਾਇਆ।

***

ਉਹ ਇੱਕ ਦਾਦੇ ਦੇ ਪੋਤੇ ਸਨ। ਤਾਏ ਚਾਚਿਆਂ ਦੇ ਪੁੱਤ। ਸੰਤਾ ਤੇ ਮੈਂਗਲ। ਉਨ੍ਹਾਂ ਦਾ ਦਾਦਾ ਵੈਦ ਸੀ, ਪਰ ਧਾਗੇ ਤਵੀਤਾਂ ਦਾ ਕੰਮ ਬਹੁਤਾ ਕਰਦਾ। ਆਪਣੇ ਦੋਵੇਂ ਮੁੰਡਿਆਂ ਨੂੰ ਵੀ ਉਹ ਨੇ ਏਸੇ ਕੰਮ ਵਿਚ ਪਾਇਆ। ਕੀ ਕਰਦਾ, ਜ਼ਮੀਨ ਥੋੜ੍ਹੀ ਸੀ। ਕਿਸੇ ਢੰਗ ਨਾਲ ਘਰ ਤਾਂ ਚਲਾਉਣਾ ਸੀ। ਮੁੰਡਿਆਂ ਵਿਚ ਅਗਾਂਹ ਫ਼ਰਕ ਐਨਾ ਪਿਆ ਕਿ ਇੱਕ ਨਿਰਾ ਵੈਦ ਬਣ ਗਿਆ ਤੇ ਦੂਜਾ ਨਿਰੋਲ ਸਿਆਣਾ। 'ਸਿਆਣੇ' ਦੇ ਅਗਾਂਹ ਇੱਕ ਮੁੰਡਾ ਸੀ ਸੰਤਾ ਤੇ ਵੈਦ ਦਾ ਮੁੰਡਾ ਮੈਂਗਲ। ਮੈਂਗਲ ਛੋਟਾ ਸੀ।ਉਹ ਦੇ ਕੋਲ ਵੈਦਕ ਦੇ ਬਹੁਤੇ ਨੁਸਖੇ ਨਹੀਂ ਸਨ। ਨਾ ਹੀ ਐਨੇ ਮਰੀਜ਼ ਆਉਂਦੇ। ਬੱਸ ਐਵੇਂ ਦਿਖਾਵੇ ਵਜੋਂ ਸ਼ੀਸ਼ੀਆਂ ਵਾਲੀ ਅਲਮਾਰੀ ਵਿਚ ਖ਼ਾਲੀ ਕਾਲੀਆਂ ਬੋਤਲਾਂ ਧਰੀ ਰੱਖਦਾ। ਮੇਜ਼ ਤੇ ਪੇਟੈਂਟ ਦਵਾਈਆਂ ਦੇ ਡੱਬੇ, ਛੋਟੀਆਂ ਸ਼ੀਸ਼ੀਆਂ ਵਿਚ ਭੁਰੀਆਂ ਚਿੱਟੀਆਂ ਗੋਲੀਆਂ ਤੇ ਇੱਕ ਘਸੀ ਪੁਰਾਣੀ ਟੂਟੀ।

ਸੰਤੇ ਨੂੰ ਕਿਵੇਂ ਨਾ ਕਿਵੇਂ ਸਾਕ ਹੋ ਗਿਆ। ਮੈਂਗਲ ਵਰ੍ਹਿਆਂ ਤੱਕ ਕੰਵਾਰਾ ਰਿਹਾ। ਓਧਰ ਵੈਦਕ ਵੀ ਨਹੀਂ ਚੱਲਦੀ ਦਿਸਦੀ ਸੀ। ਅਖ਼ੀਰ ਉਹ ਫ਼ੌਜ ਵਿਚ ਜਾ ਭਰਤੀ ਹੋਇਆ।

ਮੈਂਗਲ ਦੇ ਮਾਂ ਪਿਓ ਮਰ ਚੁੱਕੇ ਸਨ। ਉਹ ਫ਼ੌਜ ਵਿਚੋਂ ਛੁੱਟੀ ਆਉਂਦਾ ਤਾਂ ਸੰਤਾ ਉਹ ਨੂੰ ਸਿੱਧੀ ਨਿਗਾਹ ਨਾਲ ਨਾ ਦੇਖਦਾ। ਫ਼ੌਜ ਵਿਚ ਉਹ ਨੇ ਆਪਣਾ ਨਾਉਂ ਮੰਗਲ ਸਿੰਘ ਲਿਖਵਾਇਆ ਸੀ ਤੇ ਹੁਣ ਰਹਿੰਦਾ ਵੀ ਸਿੱਖ ਸਜ ਕੇ। ਦਾੜ੍ਹੀ ਕੇਸ ਚੰਗੀ ਤਰ੍ਹਾਂ ਸ਼ਿੰਗਾਰ ਕੇ ਰੱਖਦਾ। ਛੁੱਟੀ ਆਇਆ ਸੰਤੇ ਨੂੰ ਉਹ ਭਾਰ ਜਾਪਦਾ। ਉਹ ਮਨ ਵਿਚ ਆਖਦਾ, "ਅੱਡ ਵਿੱਢ, ਰੰਨ ਨ੍ਹੀ-ਕੰਨ ਨ੍ਹੀ, ਕਰਨ ਕੀ ਔਂਦੈ ਭਲਾ ਮੇਰੇ ਘਰੇ?"

ਸੁੱਚੀ ਕੁਲ

83