ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂਗਲ ਇਕੱਲਾ ਰਹਿ ਰਿਹਾ ਸੀ। ਸੰਤੇ ਨੂੰ ਆਪਣਾ ਜਾਣ ਕੇ ਉਹ ਨੂੰ ਉਹ ਸੱਚਾ ਮੋਹ ਕਰਦਾ ਤੇ ਸੰਤੇ ਤੋਂ ਮੋਹ ਲੈਣਾ ਚਾਹੁੰਦਾ। ਆਪਣੇ ਅੰਦਰ ਪਏ ਇੱਕ ਖੱਪੇ ਨੂੰ ਮੰਗਵੇਂ ਮੋਹ ਨਾਲ ਭਰਨ ਦੀ ਕੋਸ਼ਿਸ਼ ਕਰਦਾ। ਪਰ ਛੁੱਟੀਓਂ ਮੁੜ ਕੇ ਰੇਲ ਗੱਡੀ ਵਿਚ ਵਾਪਸ ਜਾ ਰਿਹਾ ਉਹ ਸੋਚਦਾ, "ਕੀ ਕਰਨ ਆਇਆ ਸੀ ਉਹ ਐਥੇ?" ਇਸ ਨਾਲੋਂ ਤਾਂ ਉਹ ਭੂਆ ਦੇ ਪਿੰਡ ਚਲਿਆ ਜਾਂਦਾ ਜਾਂ ਨਾਨਕੀ ਰਹਿ ਆਉਂਦਾ।"

ਚਾਲ੍ਹੀਆਂ ਤੋਂ ਥੱਲੇ ਹੀ ਮੈਂਗਲ ਪੈਨਸ਼ਨ ਲੈ ਕੇ ਪਿੰਡ ਆ ਗਿਆ। ਦੋ ਮਹੀਨੇ ਪਿੰਡ ਰਿਹਾ ਹੋਵੇਗਾ, ਫੇਰ ਦੂਰ ਇੱਕ ਪਿੰਡ ਵੈਦਕ ਦੀ ਦੁਕਾਨ ਜਾ ਖੋਲੀ-ਪਿਤਾ ਪੁਰਖੀ ਕੰਮ। ਦੋ ਕੁ ਸਾਲਾਂ ਬਾਅਦ ਉਹ ਆਪਣੇ ਪਿੰਡ ਆਇਆ, ਉਹ ਦੇ ਮਗਰ ਭਰਿੰਡ ਵਾਂਗ ਦਗਦੀ ਛੱਬੀ ਸਤਾਈ ਸਾਲਾਂ ਦੀ ਮੁਟਿਆਰ ਸੀ। ਉਹ ਉਸੇ ਪਿੰਡ ਦੀ ਧੀ ਸੀ, ਜਿੱਥੇ ਉਹ ਵੈਦਕ ਦੀ ਦੁਕਾਨ ਕਰਦਾ ਸੀ। ਇੱਕ ਕੋਈ ਬੁੜ੍ਹੀ ਸੀ-ਇਕੱਲੀ ਦੀ ਇਕੱਲੀ। ਬੁੜ੍ਹੀ ਦੇ ਘਰ ਹੀ ਮੈਂਗਲ ਰਹਿੰਦਾ ਹੁੰਦਾ। ਸੰਤੋ ਦਾ ਆਪਣਾ ਧਾਗਾ ਤਵੀਤ ਤਾਂ ਚੰਗਾ ਚੱਲਦਾ ਰਿਹਾ ਸੀ, ਪਰ ਅਗਾਂਹ ਉਹ ਦੇ ਜੋ ਇੱਕੋ ਇੱਕ ਮੁੰਡਾ ਸੀ, ਇਸ ਕੰਮ ਵਿਚ ਪੈਂਦਾ ਨਹੀਂ ਲੱਗਦਾ ਸੀ। ਨਾ ਸਕੂਲ ਵਿਚ ਚੰਗੂੰ ਪੜ੍ਹਦਾ ਹੈ। ਅੱਠਵੀਂ ਤਾਂ ਕਿਵੇਂ ਨਾ ਕਿਵੇਂ ਉਹ ਪਾਸ ਕਰ ਗਿਆ। ਫੇਰ ਅਜਿਹਾ ਅੜਿਆ ਕਿ ਨਿਕਲਿਆ ਹੀ ਨਾ ਜਾਵੇ। ਅਖ਼ੀਰ ਘਰ ਬੈਠ ਗਿਆ। ਕੁੱਟ ਮਾਰ ਨੂੰ ਉਹ ਨਹੀਂ ਜਾਣਦਾ ਸੀ, ਸਗੋਂ ਹੋਰ ਵੀਚ੍ਹਰ ਜਾਂਦਾ। ਆ ਘਰ ਵਿਚ ਸੰਤੇ ਦੇ ਧਾਗੇ ਤਵੀਤ ਵੀ ਕਿਸੇ ਕੰਮ ਨਾ ਆਏ। ਇੱਕ ਦਿਨ ਉਹ ਮੁੰਡੇ ਨੂੰ ਮੰਡੀ ਲੈ ਗਿਆ ਤੇ ਆਪਣੇ ਪਿੰਡ ਦੇ ਇੱਕ ਬਾਣੀਏ ਦੀ ਕੱਪੜੇ ਦੀ ਦੁਕਾਨ 'ਤੇ ਛੱਡ ਦਿੱਤਾ। ਬਾਣੀਆਂ ਭਲਾਮਾਣਸ ਬੰਦਾ ਸੀ। ਬੁੜ੍ਹਿਆਂ ਦੀ ਪੁਰਾਣੀ ਲਿਹਾਜ਼ ਜਾਣ ਕੇ ਉਹ ਨੇ ਰਿਹਾ-ਵੱਛੀ ਸੰਤੇ ਦੇ ਮੁੰਡੇ ਨੂੰ ਹੌਲੀ ਹੌਲੀ ਕੰਮ ਵਿਚ ਪਾ ਲਿਆ। ਉਹ ਆਥਣ ਨੂੰ ਸਾਈਕਲ 'ਤੇ ਪਿੰਡ ਆ ਜਾਂਦਾ। ਪਿੰਡ ਤੋਂ ਮੰਡੀ ਮਸਾਂ ਚਾਰ ਪੰਜ ਮੀਲ ਦੂਰ ਸੀ। ਪੱਕੀ ਸੜਕ। ਲਾਲੇ ਨੇ ਚਾਰ ਕੁ ਮਹੀਨਿਆਂ ਬਾਅਦ ਉਹ ਦਾ ਦੋ ਸੌ ਰੁਪਿਆ ਬੰਨ੍ਹ ਦਿੱਤਾ। ਫੇਰ ਛੀ ਛੀ ਮਹੀਨਿਆਂ ਪਿੱਛੋਂ ਪੈਸੇ ਵਧਣ ਲੱਗੇ। ਇੰਝ ਜਦੋਂ ਉਹ ਚਾਰ ਸੌ ਰੁਪਿਆ ਮਹੀਨਾ ਲੈਣ ਲੱਗ ਪਿਆ ਤਾਂ ਉਹ ਨੂੰ ਸਾਕ ਵੀ ਹੋ ਗਿਆ। ਸਾਕ ਹੋਇਆ, ਲਾਲਾ ਜੀ ਦੇ ਪੈਰੋਂ। ਲਾਲਾ ਉਹ ਨੂੰ ਆਪਣਾ ਮੁਨੀਮ ਦੱਸਦਾ, ਜਦੋਂ ਕਿ ਦੂਜੇ ਨੌਕਰਾਂ ਵਾਂਗ ਹੀ ਉਹ ਇੱਕ ਆਮ ਨੌਕਰ ਸੀ। ਐਧਰੋਂ ਕਰ, ਐਧਰੋਂ ਕਰ, ਸੰਤੇ ਨੇ ਹੌਲੀ ਹੌਲੀ ਮੰਡੀ ਵਿਚ ਇਕ ਛੋਟਾ ਜਿਹਾ ਪਲਾਟ ਲਿਆ ਤੇ ਫੇਰ ਮਕਾਨ ਪਾ ਲਿਆ। ਇਹ ਮਕਾਨ ਮੈਂਗਲ ਦੇ ਐਫ. ਸੀ. ਆਈ. ਵਾਲੇ ਮੁੰਡੇ ਦੀ ਕੋਠੀ ਦੇ ਨੇੜੇ ਹੀ ਕਿਤੇ ਸੀ।

ਪਰ ਦੋਵੇਂ ਘਰ ਆਪਸ ਵਿਚ ਵਰਤਦੇ ਨਹੀਂ ਸਨ। ਮੁੰਡੇ ਤਾਂ ਇੱਕ ਦੂਜੇ ਨਾਲ ਕਲਾਮ ਵੀ ਨਾ ਕਰਦੇ। ਸੰਤਾ ਤੇ ਮੈਂਗਲ ਜੋ ਕਿਤੇ ਆਹਮੋ ਸਾਹਮਣੇ ਹੋ ਜਾਂਦੇ ਤਾਂ ਰਸਮੀ ਜਿਹਾ ਰਾਮ ਰਮਈਆ ਹੀ ਹੁੰਦਾ।

***

ਪਿੰਡ ਦੀ ਸੱਥ ਵਿਚ ਬੈਠ ਕੇ ਸੰਤਾ ਸ਼ਰੀਕ ਦੀ ਨਿੰਦਿਆ ਕਰਦਾ-"ਕਿਧਰੋਂ ਆ ਗਿਆ ਉਹ ਵੱਡੇ ਟੌਰੇ ਆਲਾ। ਅਖੇ-ਮੰਡੀ ਜਾ ਕੋਠੀ ਪਾਈ ਐ। ਨਾਉਂ ਧਰਾ ਲਿਆ ਮੰਗਲ ਸਿੰਘ, ਐਥੇ ਤਾਂ ਮੈਂਗਲ ਈ ਵੱਜੂ। ਹੈਗਾ ਤਾਂ ਲਾਲਾ ਨਰਾਤਾ ਰਾਮ ਦਾ ਪੋਤਰਾ। ਹੁਣ ਕੁਛ ਵੀਬਣਦਾ ਫਿਰੇ।"

84

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ