ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/86

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਜਿਹਾ ਲਾਲ ਪਰਨਾ ਰੱਖਦਾ। ਹਰੇ ਰਾਮ, ਹਰੇ ਰਾਮ ਉਹ ਦੇ ਮੂੰਹੋਂ ਖ਼ੁਦ ਬਖ਼ੁਦ ਹੀ ਨਿਕਲਦਾ ਰਹਿੰਦਾ। ਕੋਈ ਪੰਡਤ ਪਾਂਧਾ ਬਣਨ ਦਾ ਉਹ ਢੋਂਗ ਰਚਦਾ।

ਸੰਤਾ ਮੰਡੀ ਆ ਕੇ ਵੀ ਰੰਘੜਉ ਰਖਦਾ। ਮੈਂਗਲ ਦੇ ਮੁੰਡੇ ਦੀ ਕੋਠੀ ਵੱਲ ਮੂੰਹ ਕਰਕੇ ਖੰਘਾਰ ਥੁੱਕ ਦਿੰਦਾ। ਆਖਦਾ-"ਸਾਲੇ ਕੋਠੀਆਂ ਦੇ। ਰੁਪਈਆ ਡਾਕੂ ਚੋਰਾਂ ਕੋਲ ਕਿਹੜਾ ਨਹੀਂ ਹੁੰਦਾ। ਕੰਜਰ ਆਵਦਾ ਪਿੱਛਾ ਕਿਉਂ ਨ੍ਹੀ ਫਰੋਲਦੇ। ਏਧਰ ਆਹ ਬੈਠੇ ਆ ਰੱਬ ਦੀ ਰਜ਼ਾ 'ਤੇ। ਸਬਰ ਸਬੂਰੀ ਦੀ ਖਾਨੇ ਆਂ। ਭਾਮੇਂ ਇੱਕ ਡੰਗ ਦੀ ਈ ਮਿਲੇ।"

***

ਸੰਤੇ ਦੇ ਘਰ ਦੋ ਡੰਗਾਂ ਦੀ ਰੋਟੀ ਨਹੀਂ ਪੱਕੀ ਸੀ। ਆਂਢ ਗੁਆਂਢ ਵਿਚੋਂ ਉਹ ਤਿੰਨ ਘਰਾਂ ਤੋਂ ਆਟਾ ਮੰਗ ਲਿਆਏ ਸਨ। ਆਥਣ ਉੱਗਣ ਨਿੱਤ ਕੌਣ ਦੇਵੇ? ਅਗਲਿਆਂ ਨੂੰ ਆਪਣਾ ਵੀ ਤਾਂ ਫ਼ਿਕਰ ਸੀ। ਨੂੰਹ ਪੁੱਤ ਸਾਰੀ ਬੈਠੇ ਸਨ। ਸੰਤਾ ਤੇ ਬੁੜ੍ਹੀ ਵੀ ਸਬਰ ਕਰਕੇ ਬੈਠ ਗਏ। ਪਰ ਜਵਾਕਾਂ ਦਾ ਰੋਣ ਸੰਤੇ ਤੋਂ ਝੱਲਿਆ ਨਹੀਂ ਜਾ ਰਿਹਾ ਸੀ। ਵੱਡੀ ਕੁੜੀ ਡੁੱਸ ਡੁੱਸ ਕਰਦੀ ਤੇ ਚੁੱਪ ਹੋ ਜਾਂਦੀ। ਛੋਟਾ ਮੁੰਡਾ ਚੁੱਪ ਨਹੀਂ ਹੋ ਰਿਹਾ ਸੀ। ਲਗਾਤਾਰ ਰੋਈ ਜਾਂਦਾ। ਬੱਸ ਇੱਕ ਟੁੱਕ ਦੀ ਬੌਕੀ ਫੜੀ ਹੋਈ।

ਸਵੇਰੇ ਇੱਕ ਘੰਟੇ ਲਈ ਜਦੋਂ ਕਰਫ਼ਿਊ ਖੁੱਲ੍ਹਿਆ, ਸੰਤਾ ਖ਼ਾਲੀ ਪੀਪਾ ਚੁੱਕ ਕੇ ਮੈਂਗਲ ਦੀ ਕੋਠੀ ਵੱਲ ਚੱਲ ਪਿਆ। ਥੁੱਕਦਾ ਖੰਘਦਾ ਜਿਹਾ, ਉਹ ਹੌਲੀ ਹੌਲੀ ਪੈਰ ਪੁੱਟ ਰਿਹਾ ਸੀ। ਕੋਠੀ ਬਹੁਤੀ ਦੂਰ ਨਹੀਂ ਸੀ। ਮੈਂਗਲ ਕਾ ਸਾਰਾ ਟੱਬਰ ਕੋਠੀ ਦੇ ਗੇਟ ਅੱਗੇ ਖੜ੍ਹਾ ਸੜਕ ਦੀ ਆਵਾਜਾਈ ਨੂੰ ਦੇਖ ਰਿਹਾ ਸੀ। ਉਨ੍ਹਾਂ ਨੇ ਸੰਤਾ ਆਉਂਦਾ ਦੇਖਿਆ ਤਾਂ ਪਿੱਠ ਭੰਵਾ ਕੇ ਕੋਠੀ ਦੇ ਅੰਦਰ ਹੋ ਗਏ। ਸੰਤੇ ਦੀਆਂ ਖੰਘੂਰਾਂ ਉੱਚੀਆਂ ਹੋ ਚੱਲੀਆਂ ਸਨ। ਗੇਟ ਤੋਂ ਅੰਦਰ ਹੋ ਕੇ ਉਹ ਨੇ ਮੁੰਡੇ ਨੂੰ ਹਾਕ ਮਾਰੀ-"ਪਰਮਜੀਤ, ਓ ਭਾਈ ਪਰਮਜੀਤ।"

ਸੰਤੇ ਦਾ ਬੋਲ ਸੁਣ ਕੇ ਮੈਂਗਲ ਭੱਜ ਕੇ ਕਮਰੇ ਤੋਂ ਬਾਹਰ ਹੋਇਆ। ਫੇਰ ਪਰਮਜੀਤ, ਪਰਮਜੀਤ ਦੀ ਬਹੂ, ਮੁੰਡੇ ਕੁੜੀਆਂ ਸਭ ਆ ਗਏ। ਪਰਮਜੀਤ ਦੀ ਮਾਂ ਸੁਰਜੀਤ ਕੌਰ ਨੇ ਘੁੰਢ ਕੱਢ ਕੇ ਸੰਤੇ ਦੇ ਪੈਰੀਂ ਹੱਥ ਲਾਏ ਤੇ ਬੈਠਣ ਲਈ ਇੱਕ ਆਰਾਮ ਕੁਰਸੀ ਡਾਹ ਦਿੱਤੀ। ਉਹ ਦੇ ਕੋਲ ਕੁਰਸੀ 'ਤੇ ਬੈਠ ਕੇ ਮੈਂਗਲ ਉਹ ਦਾ ਹਾਲ ਚਾਲ ਪੁੱਛਣ ਲੱਗਿਆ। ਸਾਰੇ ਪਰਿਵਾਰ ਦੀ ਸੁੱਖ ਸਾਂਦ ਪੁੱਛੀ। ਦੋਵੇਂ ਭਰਾ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ, ਜਿਵੇਂ ਉਨ੍ਹਾਂ ਵਿਚਕਾਰ ਕਿਸੇ ਕਿਸਮ ਦੀ ਕੋਈ ਵਿੱਥ ਹੋਵੇ ਹੀ ਨਾ। ਗੱਲਾਂ ਗੱਲਾਂ ਵਿਚ ਫੇਰ ਸੰਤੇ ਨੇ ਦੱਸਿਆ, "ਪੀਹਣ ਕੀਤਾ ਨ੍ਹੀ ਗਿਆ ਬਹੂ ਤੋਂ। ਚੱਕੀ 'ਤੇ ਭੀੜ ਦਾ ਅੰਤ ਨ੍ਹੀ। ਮਖਿਆ..."

ਮੈਂਗਲ ਦੀ ਨਿਗਾਹ ਸੰਤੇ ਦੇ ਪੀਪੇ ਵੱਲ ਗਈ ਤਾਂ ਉਹ ਨੇ ਪਰਮਜੀਤ ਨੂੰ ਹਾਕ ਮਾਰੀ। ਉਹ ਅੰਦਰ ਕਮਰੇ ਵਿਚ ਲਾਹੌਰ ਰੇਡੀਓ ਤੋਂ ਖ਼ਬਰਾਂ ਸੁਣ ਰਿਹਾ ਸੀ। ਪਿਓ ਦੀ ਗੱਲ ਸੁਣ ਕੇ ਪਰਮਜੀਤ ਨੇ ਪੀਪਾ ਚੁੱਕਿਆ। ਅੰਦਰ ਸਟੋਰ ਵਿਚ ਜਾ ਕੇ ਬੋਰੀ ਵਿਚੋਂ ਆਟੇ ਦਾ ਪੀਪਾ ਭਰਿਆ ਤੇ ਸਾਈਕਲ ਦੇ ਕੈਰੀਅਰ 'ਤੇ ਰੱਖ ਕੇ ਸੰਤਾ ਕਹਿਣ ਲੱਗਾ, "ਚੰਗਾ ਛੋਟੇ ਭਾਈ, ਚੱਲਦਾ ਫੇਰ ਮੈਂ ਤਾਂ ਘੁੱਗੂ ਜ੍ਹਾ ਵੱਜਣ ਆਲਾ ਈ ਐ।"

ਮੈਂਗਲ ਕਹਿੰਦਾ-"ਹੋਰ ਚੀਜ਼ ਵਸਤ ਕੋਈ? ਜਿਹੜੀ ਹੈਨ੍ਹੀ, ਦੱਸਦੇ। ਛੱਡ ਔਂਦੈ ਪਰਮਜੀਤ।"

86

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ