ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿੱਟੀ ਦੀ ਜ਼ਾਤ

ਰਾਮ ਨਾਰਾਇਣ ਗੋਬਿੰਦਪੁਰੇ ਦੇ ਬੱਸ ਅੱਡੇ 'ਤੇ ਉਤਰਿਆ। ਉਹ ਨੇ ਨਿਗਾਹ ਮਾਰੀ, ਪੱਛਮ ਵਿਚ ਸੂਰਜ ਦਾ ਚੌਥਾ ਹਿੱਸਾ ਧਰਤੀ 'ਤੇ ਬਾਕੀ ਰਹਿ ਗਿਆ ਸੀ। ਪਿੰਡ ਉੱਥੋਂ ਇੱਕ ਮੀਲ ਦੂਰ ਸੀ। ਉਹ ਨੇ ਕਦਮਾਂ ਵਿਚ ਕਾਹਲ ਭਰ ਲਈ। ਹਵਾ ਚਾਹੇ ਨਹੀ ਸੀ, ਪਰ ਠੰਡ ਪੂਰੀ ਸੀ। ਲਿੰਕ ਰੋਡ ਦੇ ਦੋਵੇਂ ਪਾਸੀਂ ਹਰੀਆਂ ਕਚੂਰ ਕਣਕਾਂ ਦੇ ਖੇਤ ਸਨ। ਉਤਰ ਰਹੇ ਹਨੇਰੇ ਵਿਚ ਕਣਕ ਹੋਰ ਵੀ ਹਰੀ ਲੱਗਦੀ।ਕਾਲਖ਼ ਦੀ ਭਾਅ ਮਾਰਦੀ ਹਰਿਆਵਲ।

ਤੇਜ਼ ਤੇਜ਼ ਤੁਰਿਆ ਜਾ ਰਿਹਾ ਉਹ ਹਰਦੇਵ ਸਿੰਘ ਬਾਰੇ ਸੋਚਣ ਲੱਗਿਆ। ਰੱਬ ਵੀ ਸੱਚੇ ਸੁੱਚੇ ਬੰਦਿਆਂ ਨੂੰ ਮੁਸੀਬਤਾਂ ਵਿਚ ਪਾਉਂਦਾ ਹੈ। ਹਰਦੇਵ ਸਿੰਘ ਕਿੰਨਾ ਧਾਰਮਿਕ ਹੈ। ਹਮੇਸ਼ਾ ਤੜਕੇ ਚਾਰ ਵਜੇ ਉੱਠਦਾ ਹੈ। ਨਹਾ ਧੋ ਕੇ ਫੇਰ ਗੁਰਦੁਆਰੇ ਜਾਣਾ ਤੇ ਬਾਬੇ ਦੀ ਬੀੜ ਨੂੰ ਮੱਥਾ ਟੇਕਣਾ ਉਹ ਦਾ ਨਿੱਤ ਨੇਮ ਹੈ। ਹਰ ਵੇਲੇ ਪ੍ਰਮਾਤਮਾ ਵੱਲ ਧਿਆਨ। ਜ਼ਿੰਦਗੀ ਭਰ ਉਹ ਦੇ ਮੂੰਹੋਂ ਕਿਸੇ ਦੀ ਬੁਰਾਈ ਨਹੀਂ ਸੁਣੀ। ਉਹ ਐਨੀ ਜ਼ਮੀਨ ਦਾ ਮਾਲਕ ਹੈ, ਹੰਕਾਰ ਭੋਰਾ ਵੀ ਨਹੀਂ। ਕਦੇ ਕਿਸੇ ਸੀਰੀ ਸਾਂਝੀ ਦਾ ਹੱਕ ਨਹੀਂ ਮਾਰਿਆ, ਸਗੋਂ ਪਿੰਡ ਦੇ ਗਰੀਬ ਗੁਰਬਿਆਂ ਦਾ ਸਹਾਈ ਬਣਦਾ ਹੈ। ਸ਼ਹਿਰ ਜਾਂਦਾ ਤੇ ਕਚਹਿਰੀਆਂ ਵਿਚ ਅਫ਼ਸਰਾਂ-ਵਕੀਲਾਂ ਨੂੰ ਮਿਲ ਕੇ ਉਨ੍ਹਾਂ ਦੇ ਕੰਮ ਕਰਵਾ ਦਿੰਦਾ ਹੈ। ਆਪ ਕਿਸੇ ਤੋਂ ਕਦੇ ਚਾਹ ਦਾ ਕੱਪ ਤੱਕ ਵੀ ਨਹੀਂ ਪੀਂਦਾ।

ਰਾਮ ਨਰਾਇਣ ਦਾ ਪਿੰਡ ਗੋਬਿੰਦਪੁਰਾ ਹੀ ਸੀ। ਉਹ ਦਾ ਬਾਪ ਪੁਲਿਸ ਵਿਚ ਸੀ ਤੇ ਸਾਰੀ ਉਮਰ ਪਿੰਡੋਂ ਬਾਹਰ ਰਿਹਾ। ਉਹ ਸਿਪਾਹੀ ਭਰਤੀ ਹੋਇਆ ਤੇ ਏ. ਐੱਸ. ਆਈ. ਬਣ ਕੇ ਰਿਟਾਇਰਮੈਂਟ ਲਈ। ਸ਼ੁਰੂ ਸ਼ੁਰੂ ਵਿਚ ਕਈ ਸਾਲ ਉਹ ਆਪ ਤਾਂ ਆਪਣੀ ਨੌਕਰੀ 'ਤੇ ਹੁੰਦਾ ਤੇ ਟੱਬਰ ਨੂੰ ਗੋਬਿੰਦਪੁਰੇ ਰੱਖਦਾ। ਤੇ ਫੇਰ ਰਿਟਾਇਰ ਹੋਣ ਤੋਂ ਪਹਿਲਾਂ ਉਹ ਨੇ ਪਟਿਆਲੇ ਆਪਣਾ ਮਕਾਨ ਬਣਾ ਲਿਆ ਸੀ। ਫੇਰ ਟੱਬਰ ਨੂੰ ਵੀ ਉੱਥੇ ਲੈ ਗਿਆ।

ਗੋਬਿੰਦਪੁਰੇ ਮਿਡਲ ਸਕੂਲ ਸੀ। ਰਾਮ ਨਰਾਇਣ ਤੇ ਹਰਦੇਵ ਸਿੰਘ ਅੱਠਵੀਂ ਜਮਾਤ ਤੱਕ ਇਸ ਸਕੂਲ ਵਿਚ ਇਕੱਠੇ ਪੜ੍ਹੇ ਸਨ। ਉਨ੍ਹਾਂ ਦੇ ਘਰ ਇਕੋ ਅਗਵਾੜ ਵਿਚ ਸਨ। ਉਹ ਖੇਡਦੇ ਵੀ ਇਕੱਠੇ। ਨੌਵੀਂ ਜਮਾਤ ਵਿਚ ਉਹ ਹੋਏ ਤਾਂ ਰਾਮ ਨਰਾਇਣ ਪਟਿਆਲੇ ਚਲਿਆ ਗਿਆ ਤੇ ਹਰਦੇਵ ਸਿੰਘ ਨੇੜੇ ਦੇ ਸ਼ਹਿਰ ਸਰਕਾਰੀ ਹਾਈ ਸਕੂਲ ਵਿਚ ਜਾ ਦਾਖ਼ਲ ਹੋਇਆ। ਉਨ੍ਹਾਂ ਦਿਨਾਂ ਵਿਚ ਸੜਕਾਂ ਆਮ ਨਹੀਂ ਸਨ ਤੇ ਇਸ

88

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ