ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੱਲੇ ਦੀ ਇੱਕ ਦੂਜੇ ਦੇ ਘਰ ਆਉਣਾ ਹੁੰਦਾ ਤਾਂ ਦਸ ਘਰਾਂ ਨੂੰ ਵਗਲ ਕੇ ਆਉਣਾ ਪੈਂਦਾ। ਗੱਲ ਕਰੇ ਬਗ਼ੈਰ ਇੱਕ ਦੂਜੇ ਨੂੰ ਸਰਦਾ ਨਹੀਂ ਸੀ। ਲੱਖੇ ਦੀ ਬਹੂ ਮਲਕੀਤੋ ਤਿੱਖੇ ਦਿਮਾਗ਼ ਦੀ ਮਾਲਕ ਸੀ। ਉਹ ਨੇ ਸਾਂਝੀ ਕੰਧ ਦੀ ਖਿੜਕੀ ਕਢਵਾ ਲਈ। ਦੋਵੇਂ ਘਰਾਂ ਮਗਰਲੀਆਂ ਸਬਾਤਾਂ ਵਿਚ ਇਹ ਖਿੜਕੀ ਖੁੱਲ੍ਹਦੀ। ਇਹ ਲੰਬਾਈ ਚੌੜਾਈ ਵਿਚ ਬਹੁਤ ਛੋਟੀ ਸੀ। ਬੱਸ ਗੱਲਬਾਤ ਹੀ ਕੀਤੀ ਜਾ ਸਕਦੀ। ਜਾਂ ਫੇਰ ਦਾਲ ਪਾਣੀ ਦਾ ਲੈਣ ਦੇਣ ਰਹਿੰਦਾ। ਖਿੜਕੀ ਵਿਚ ਦੀ ਬੰਦਾ ਨਹੀਂ ਲੰਘ ਸਕਦਾ ਸੀ। ਹਜ਼ਾਰੀ ਲਾਲ ਦਾ ਘਰ ਉੱਚੇ ਥਾਂ ਸੀ। ਲੱਖੇ ਦਾ ਘਰ ਖਾਸਾ ਨੀਵਾਂ। ਬੱਸੋ ਨੂੰ ਝੁਕ ਕੇ ਖਿੜਕੀ ਵਿਚ ਦੀ ਦੇਖਣਾ ਪੈਂਦਾ, ਜਦੋਂ ਕਿ ਮਲਕੀਤੋ ਬਾਂਹ ਖੜ੍ਹੀ ਕਰਕੇ ਕੋਈ ਚੀਜ਼ ਲੈਂਦੀ ਦਿੰਦੀ। ਨਿੱਕੀ ਜਿਹੀ ਚੁਗਾਠ ਲਾ ਕੇ ਖਿੜਕੀ ਨੂੰ ਫੱਟੀ ਵੀ ਲੱਗਦੀ ਸੀ। ਹਜ਼ਾਰੀ ਦੀ ਸਬਾਤ ਵਿਚ ਇਹਨੂੰ ਕੁੰਡਾ ਲੱਗਦਾ।

ਹਜ਼ਾਰੀ ਲਾਲ ਦੇ ਕਬੂਤਰ ਰੱਖੇ ਹੁੰਦੇ। ਉਹ ਹਲਵਾਈ ਦਾ ਕੰਮ ਕਰਦਾ। ਕਿੰਨੀ ਵੀ ਉਹ ਨੂੰ ਥਕਾਵਟ ਹੁਦੀ ਆਪਣੇ ਘਰ ਆ ਕੇ ਉਹ ਕਬੂਤਰਾਂ ਵਾਲੇ ਖੁੱਡੇ ਮੁਹਰੇ ਜ਼ਰੂਰ ਬੈਠਦਾ। ਉਨ੍ਹਾਂ ਅੱਗੇ ਚੋਗਾ ਖਿਲਾਰਦਾ। ਕੂੰਡੇ ਵਿਚ ਹੋਰ ਪਾਣੀ ਭਰ ਦਿੰਦਾ। ਛੱਤਰੀ 'ਤੇ ਆ ਕੇ ਬੈਠੇ ਕਬੂਤਰਾਂ ਨੂੰ ਖੁੱਡੇ ਵਿਚ ਵਾੜਦਾ। ਦਾਣੇ ਚੁਗਦੇ ਤੇ ਗੁਟਰਗੂੰ ਗੁਟਰਗੂੰ ਕਰਦੇ। ਨਰ ਪੰਛੀ ਮਦੀਨ ਦੀ ਧੌਣ 'ਤੇ ਚੁੰਝਾਂ ਮਾਰਦਾ। ਮਦੀਨ ਪਰਛਾਂਟਾ ਮਾਰ ਕੇ ਪਰ੍ਹਾਂ ਉੱਡ ਜਾਂਦੀ। ਹਜ਼ਾਰੀ ਲਾਲ ਹੁੱਕਾ ਪੀਂਦਾ ਤੇ ਕਬੂਤਰਾਂ ਦੇ ਮੁੰਡੇ ਦਾ ਸੰਸਾਰ ਆਪਣੇ ਅੰਦਰ ਰਚਾ ਲੈਂਦਾ। ਉਹ ਇਝ ਮੰਤਰ ਮੁਗਧ ਬੈਠਾ ਹੁੰਦਾ ਤਾਂ ਪੌੜੀਆਂ ਉਤਰ ਕੇ ਲੱਖਾ ਸਿੰਘ ਵੀ ਉਹ ਦੇ ਕੋਲ ਆ ਬੈਠਦਾ। ਫੇਰ ਉਹ ਏਧਰ ਓਧਰ ਦੀਆਂ ਗੱਲਾਂ ਮਾਰਨ ਲੱਗਦੇ।

ਬਹੁਤ ਸਮਾਂ ਲੰਘ ਗਿਆ ਸੀ। ਮਾੜੇ ਦਿਨ ਵੀ ਆਏ, ਚੰਗੇ ਵੀ। ਚੰਗੇ ਵੀ ਤੇ ਮਾੜੇ ਵੀ। ਲੱਖਾ ਸਿੰਘ ਦੇ ਮਾਂ ਪਿਓ ਕਦੋਂ ਦੇ ਗੁਜ਼ਰ ਗਏ, ਹੁਣ ਉਹ ਆਪ ਧੀਆਂ ਪੁੱਤਾਂ ਵਾਲਾ ਹੈ।

ਲੱਖਾ ਤੇ ਹਜ਼ਾਰੀ ਪੰਜਾਹ ਪੰਜਾਹ ਨੂੰ ਢੁੱਕਣ ਵਾਲੇ ਹਨ। ਕੰਧ ਵਾਲੀ ਸਾਂਝੀ ਖਿੜਕੀ ਦਾ ਲੈਣ ਦੇਣ ਓਵੇਂ ਜਿਵੇਂ ਜਾਰੀ ਹੈ।

ਇੱਕ ਦਿਨ ਆਥਣੇ ਨਰਮਾ ਗੁੱਡ ਕੇ ਲੱਖਾ, ਉਹ ਦੇ ਮੁੰਡੇ ਤੇ ਸੀਰੀ ਪਿੰਡ ਪਹੁੰਚੇ। ਸੱਥ ਵਿਚ ਪਿੰਡ ਦੇ ਲੋਕ ਅਣਹੋਣੀਆਂ ਗੱਲਾਂ ਕਰਦੇ ਉਨ੍ਹਾਂ ਨੂੰ ਸੁਣੇ। ਛੋਟਾ ਮੁੰਡਾ, ਜੋ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਕੇ ਸਕੂਲੋਂ ਹਟ ਗਿਆ ਸੀ, ਸੱਥ ਵਿਚ ਹੀ ਖੜ੍ਹ ਗਿਆ ਹੈ। ਫੇਰ ਉਹ ਘਰ ਆ ਕੇ ਗੱਲ ਕਰਦਾ ਹੈ-"ਪਤਾ ਨੀਂ ਕਿੱਥੇ, ਅਖੇ-ਸੱਤ ਬੰਦੇ ਬੱਸ ਵਿਚੋਂ ਉਤਾਰ ਕੇ ਮਾਰ 'ਤੇ। ਕਹਿੰਦੇ-ਸੱਤੇ ਨੰਗੇ ਸਿਰਾਂ ਵਾਲੇ ਸੀ।"

ਲੱਖਾ ਪੁੱਛਦਾ ਹੈ-"ਕਿੱਥੋਂ ਉੱਡੀ ਗੱਲ ਏਹੇ?"

-"ਬੱਗੇ ਕਾ ਹਰਦਿਆਲ 'ਖ਼ਬਾਰ ਲਈ ਬੈਠਾ ਸੀ। ਉਹ ਦੇ 'ਚ ਲਿਖੀ ਵਈ ਐ ਸਾਰੀ ਕਹਾਣੀ ਪੜ੍ਹ ਪੜ੍ਹ ਸੁਣਾਇਐ ਉਹ ਨੇ ਸਾਰਿਆਂ ਨੂੰ।" ਮੁੰਡਾ ਜਵਾਬ ਦਿੰਦਾ ਹੈ।

ਤੱਤੇ ਪਾਣੀ ਨਾਲ ਨਹਾ ਧੋਕੇ ਲੱਖਾ ਸਿੰਘ ਆਪਣੇ ਘਰ ਦੀ ਬਾਂਸ ਦੀ ਪੌੜੀ ਚੜ੍ਹਦਾ ਹੈ ਤੇ ਹਜ਼ਾਰੀ ਲਾਲ ਦੀਆਂ ਪੱਕੀਆਂ ਪੌੜੀਆਂ ਉਤਰ ਕੇ ਕਬੂਤਰਾਂ ਦੇ ਖੁੱਡੇ ਮੂਹਰੇ ਆ ਬੈਠਦਾ ਹੈ। ਨਿੱਤ ਦੀ ਤਰ੍ਹਾਂ ਹਜ਼ਾਰੀ ਲਾਲ ਹੁੱਕਾ ਪੀ ਰਿਹਾ ਹੈ। ਧਿਆਨ ਮਗਨ ਜਿਹਾ ਬੈਠਾ ਹੋਇਆ।

ਸਾਂਝੀ ਖਿੜਕੀ

97