ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਕੋਸ਼ਿਸ਼ ਹੋਰ

ਮਹੇਸ਼ ਮੈਨੂੰ ਬਹੁਤ ਚੰਗਾ ਲੱਗਦਾ ਹੈ। ਉਹ ਮੈਨੂੰ ਵੀ ਬਹੁਤ ਚਾਹੁੰਦਾ ਹੈ। ਦਫ਼ਤਰੋਂ ਛੁੱਟੀ ਹੁੰਦਿਆਂ ਹੀ ਕਹਿੰਦਾ ਹੈ, ਸੰਜੀਵਨੀ ਚੱਲ ਕਾਫ਼ੀ ਲਈਏ,ਇੱਕ-ਇੱਕ ਪਿਆਲਾ। ਸਿਰ ਫਟ ਰਿਹਾ ਹੈ। ਅਸੀਂ'ਨੀਲਮ ਕਾਫ਼ੀ ਬਾਰ'ਵਿੱਚ ਆਉਂਦੇ ਆਂ। ਸੋਫ਼ਿਆਂ 'ਤੇ ਬੈਠ ਕੇ ਵਿਚਕਾਰਲੀ ਮੇਜ਼'ਤੇ ਝੁਕ ਜਾਂਦੇ ਹਾਂ। ਉਹ ਕੋਈ ਗੱਲ ਸ਼ੁਰੂ ਕਰਦਾ ਹੈ। ਮੈਂ ਹੁੰਗਾਰਾ ਭਰਦੀ ਹਾਂ। ਕੋਈ ਵੀ ਗੱਲ ਜਦ ਉਸ ਕੋਲ ਨਹੀਂ ਰਹਿ ਜਾਂਦੀ, ਉਹ ਐਸ਼ ਟਰੇਅ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਦਿੰਦੀ ਹਾਂ। ਸੁਆਹ ਹੀ ਖਿੰਡੇਗੀ । ਉਹ ਉਦਾਸ ਜਿਹੀ ਮੁਸਕਰਾਹਟ ਬੁੱਲਾਂ 'ਤੇ ਲਿਆਉਂਦਾ ਹੈ।

ਮੇਜ਼ ਥੱਲੇ ਸੁਤੰਤਰ ਸੰਸਾਰ ਹੈ। ਕੋਈ ਨਜ਼ਰਾਂ ਨਹੀਂ। ਉਹ ਆਪਣਾ ਪੈਰ ਮੇਰੀ ਲੱਤ ਨਾਲ ਲਾਉਣ ਦੀ ਕੋਸ਼ਿਸ਼ ਕਰਦਾ ਹੈ।ਚਾਹੁੰਦੀ ਤਾਂ ਮੈਂ ਵੀ ਹਾਂ ਕਿ ਇਹ ਕਲੋਲ ਕਰਕੇ ਦੇਖਾਂ,ਪਰ ਨਹੀਂ। ਅੱਖਾਂ ਰਾਹੀਂ ਹੀ ਮੈਂ ਉਸ ਨੂੰ ਘੂਰ ਦਿੰਦੀ ਹਾਂ। ਉਹ ਮੂੰਹ ਲਟਕਾ ਲੈਂਦਾ ਹੈ। ਲੰਬਾ ਸਾਹ ਲੈਂਦਾ ਹੈ। ਕਾਫ਼ੀ ਬਣਾਉਣ ਨੂੰ ਬੜਾ ਚਿਰ ਲਗਾ ਦਿੱਤਾ ਹੈ,ਕਹਿ ਕੇ ਮੈਂ ਉਸ ਦੇ ਧਿਆਨ ਨੂੰ ਪਲਟ ਦੇਣ ਦੀ ਕੋਸ਼ਿਸ਼ ਹੈ।

ਜ਼ਰਾ ਜਲਦੀ ਬਈ, ਉਹ ਚੀਖ਼ਿਆ ਹੈ।

ਅੱਛਾ ਸਾਹਬ! ਬਸ ਤਿਆਰ ਹੈ, ਕਾਊਂਟਰ ਤੋਂ ਅਵਾਜ਼ ਆਈ ਹੈ। ਕਾਫ਼ੀ ਦੀ ਸੁਖਾਵੀਂ ਝੱਗ ਵਿੱਚ ਬੁੱਲ੍ਹ ਟਿਕੇ ਹਨ।ਅੱਖਾਂ ਨੇ ਇੱਕ-ਦੂਜੇ ਦਾ ਜਾਇਜ਼ਾ ਲੈਣਾ ਚਾਹਿਆ ਹੈ।

ਘੁੱਟਾਂ ਵੀ ਭਰੀਆਂ ਜਾ ਰਹੀਆਂ ਹਨ।

ਬਾਰ ਵਿੱਚੋਂ ਬਾਹਰ ਨਿਕਲ ਕੇ ਮੈਂ ਉਸ ਨੂੰ ਕੁਝ ਕਹਿਣਾ ਚਾਹਿਆ ਹੈ। ਕਹਿ ਨਹੀਂ ਸਕੀ ਹਾਂ। ਕਿੰਨਾ ਉਹ ਮੇਰੇ ਨਾਲ ਖੁੱਲ੍ਹਾ ਹੈ। ਕਿੰਨੀਆਂ ਗੱਲਾਂ ਅਸੀਂ ਕਰ ਲੈਂਦੇ ਹਾਂ। ਕਿੰਨੀ ਇਕੱਲ ਸਾਡੇ ਵਿੱਚ ਸਾਂਝੀ ਹੈ। ਇੱਕ ਹੀ ਤਾਂ ਇਹ ਗੱਲ ਹੈ, ਜੋ ਮੈਂ ਉਸ ਨਾਲ ਕਰ ਨਹੀਂ ਸਕਦੀ। ਕਿਉਂ ਝਿਜਕਦੀ ਹਾਂ? ਪਤਾ ਨਹੀਂ।

ਜਦ ਮੈਂ ਪਟਿਆਲੇ ਹੁੰਦੀ ਸਾਂ, ਜਗਦੀਸ਼ ਵੀ ਮੈਨੂੰ ਕਿੰਨਾ ਚਾਹੁੰਦਾ ਹੁੰਦਾ ਸੀ। ਮਹੇਸ਼ ਜਿੰਨਾ ਹੀ। ਰੰਗ-ਰੂਪ ਵਿੱਚ ਇਹ ਦੇ ਵਰਗਾ ਹੀ ਸੀ। ਕੱਦ-ਕਾਠ ਵੀ। ਸੁਭਾਅ ਵੀ। ਮੈਂ ਤੇ ਉਸ ਨੂੰ ਪਹਿਲੇ ਦਿਨ ਹੀ ਦਿਲ ਦੇ ਬੈਠੀ ਸਾਂ। ਉਹ ਜਿਸ ਦਿਨ ਹਾਜ਼ਰ ਹੋਇਆ ਸੀ, ਮੇਰੇ ਨਾਲ ਹੀ ਉਸ ਨੂੰ ਸੀਟ ਦੇ ਦਿੱਤੀ ਗਈ ਸੀ। ਉਹ ਬੈਠਣ ਸਾਰ ਹੀ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਸੀ। ਜਿਵੇਂ ਮੈਨੂੰ ਪਹਿਲਾਂ ਹੀ ਜਾਣਦਾ ਹੋਵੇ। ਮੈਂ ਵੀ ਤਾਂ

ਇੱਕ ਕੋਸ਼ਿਸ਼ ਹੋਰ

101