ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੋਰਾ ਨਹੀਂ ਸੰਗੀ, ਜਿਵੇਂ ਪਹਿਲਾਂ ਹੀ ਉਸ ਨੂੰ ਜਾਣਦੀ ਹੋਵਾਂ। ਕਮਾਲ ਦੀ ਗੱਲ ਉਸੇ ਦਿਨ ਹੀ ਛੋਟੀ ਤੋਂ ਬਾਅਦ ਅਸੀਂ ਸਟੇਟ ਬੈਂਕ ਆ ਕੇ ਇੱਕ ਹੋਟਲ ਵਿੱਚ ਚਾਹ ਪੀਤੀ ਸੀ ਤੇ ਇੱਕ-ਦੂਜੇ ਬਾਰੇ ਢੇਰ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ ਸੀ।

ਫਿਰ ਤਾਂ ਅਸੀਂ ਛੁੱਟੀ ਤੋਂ ਬਾਅਦ ਅਕਸਰ ਹੀ ਮਿਲਦੇ। ਘੰਟਾ-ਡੇਢ ਘੰਟਾ ਦੇਰ ਨਾਲ ਮੈਂ ਘਰ ਪੁੱਜਦੀ। ਮਾਂ ਪੁੱਛਦੀ ਤਾਂ ਕਹਿ ਦਿੰਦੀ, ਦਫ਼ਤਰ ਵਿੱਚ ਹੀ ਬਿਠਾ ਲਿਆ ਸੀ, ਹੈੱਡ ਕਲਰਕ ਨੇ। ਕੰਮ ਬਹੁਤਾ ਸੀ। ਐਤਵਾਰ ਨੂੰ ਵੀ ਅਸੀਂ ਮਿਲਣ ਲੱਗੇ। ਕੋਈ ਹੋਰ ਛੁੱਟੀ ਹੁੰਦੀ ਤਾਂ ਵੀ। ਮੈਨੂੰ ਉਹ ਆਪਣੇ ਕਮਰੇ ਵਿੱਚ ਲੈ ਜਾਂਦਾ।

ਜਗਦੀਸ਼ ਰਾਮਪੁਰਾ ਫੂਲ ਦਾ ਸੀ। ਮੈਨੂੰ ਪਤਾ ਸੀ ਕਿ ਉਹ ਚੰਗੇ ਖਾਨਦਾਨ ਦਾ ਹੈ। ਸੁਹਣਾ ਸੁਨੱਖਾ। ਕੰਮ 'ਤੇ ਲੱਗਿਆ ਹੋਇਆ ਹੈ ਵੀ ਆਪਣੀ ਬਰਾਦਰੀ ਵਿੱਚੋਂ ਹੀ। ਆਪਣੀ ਬਰਾਦਰੀ ਵਿੱਚੋਂ ਨਾ ਵੀ ਹੁੰਦਾ ਤਾਂ ਵੀ ਕੀ ਸੀ। ਕੁੜੀ ਲਈ ਤਾਂ ਮੁੰਡਾ ਚਾਹੀਦਾ ਹੈ, ਭਾਵੇਂ ਕੋਈ ਹੋਵੇ। ਕਮਾਊ ਹੋਵੇ। ਬਣਦਾ-ਤਣਦਾ ਹੋਵੇ। ਬਰਾਦਰੀ ਵਿੱਚੋਂ ਭਾਲਣ ਲੱਗੀਏ ਤਾਂ ਮੁੰਡਾ ਮਿਲਦਾ ਹੀ ਨਹੀਂ। ਮਿਲ ਵੀ ਜਾਵੇਂ ਤਾਂ ਸੌ ਰਸਮ-ਰਿਵਾਜ ਨਿਭਾਉਣੇ ਪੈਂਦੇ ਹਨ। ਕਿੰਨਾ ਕੁ ਚਿਰ ਰੱਖੀ ਜਾਣਗੇ ਲੋਕ ਇਹ ਬਰਾਦਰੀ ਵਾਲਾ ਝੰਜਟ?

ਇੱਕ ਦਿਨ ਮੈਂ ਜਗਦੀਸ਼ ਕੋਲ ਗੱਲ ਛੇੜੀ ਸੀ ਤਾਂ ਉਹ ਹੱਸ ਪਿਆ ਸੀ। ਕਹਿ ਰਿਹਾ ਸੀ-ਵਿਆਹ ਦੀ ਕੀ ਲੋੜ ਐ, ਅਜੇ ਹੀ।

ਹੋਰ ਕਦ ਲੋੜ ਹੁੰਦੀ ਹੈ?

ਅਜੇ ਤਾਂ ਬਹੁਤ ਉਮਰ ਪਈ ਐ। ਅਜੇ ਤਾਂ ਮੌਜ ਮੇਲਾ ਕਰੋ। ਇੱਕ ਐਤਵਾਰ ਅਸੀਂ ਡੇਰਾ ਬਾਬਾ ਜੱਸਾ ਸਿੰਘ ਵਾਲੇ ਪਾਸੇ ਗਏ। ਥੱਕ-ਟੁੱਟ ਕੇ ਜਦ ਇੱਕ ਦਰਖ਼ਤ ਥੱਲੇ ਬੈਠ ਗਏ ਤਾਂ ਮੈਂ ਥੋੜਾ ਜਿਹਾ ਗੁੱਸੇ ਹੋ ਕੇ ਆਖਿਆ, ਦੇਖ, ਮੈਂ ਕਿੰਨੀ ਵਾਰ ਕਹਿ ਚੁੱਕੀ ਆਂ। ਤੂੰ ਸੁਣਦਾ ਈ ਨਹੀਂ। ਦੱਸ, ਕਰਾਂ ਮਾਂ ਨਾਲ ਗੱਲ?

ਉਹ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਚਿਹਰੇ ਵੱਲ ਦੇਖਣ ਲੱਗਿਆ ਸੀ। ਉਸ ਤੱਕਣੀ ’ਚੋਂ ਮੈਨੂੰ ਡਰ ਲੱਗਿਆ ਸੀ। ਮੈਂ ਕਹਿ ਦਿੱਤਾ ਸੀ, ਨਹੀਂ ਤਾਂ ਨਾ ਮਿਲਿਆ ਕਰ ਮੈਨੂੰ।

ਨਾ ਮਿਲਿਆ ਕਰ। ਉਸ ਨੇ ਨਿਧੜਕ ਹੋ ਕੇ ਕਹਿ ਦਿੱਤਾ ਸੀ।

ਮੈਂ ਤੈਨੂੰ ਇਸ ਕਰਕੇ ਤਾਂ ਸਰੀਰ ਨਹੀਂ ਦਿੱਤਾ ਸੀ ਕਿ ਤੂੰ ਇਸ ਤਰ੍ਹਾਂ ਹੀ ਕਦੇ ਮੈਨੂੰ ਛੱਡ ਜਾਵੇਂਗਾ? ਮੇਰੀਆਂ ਅੱਖਾਂ ਵਿੱਚ ਪਾਣੀ ਸੀ।

ਤੇ ਫਿਰ ਉਸਨੇ ਮੈਨੂੰ ਇੱਕ ਅਜਿਹੀ ਗੱਲ ਆਖੀ ਸੀ, ਜਿਸ ਨੂੰ ਸੁਣ ਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਨਾ ਮੈਥੋਂ ਰੋਇਆ ਜਾ ਰਿਹਾ ਸੀ ਤੇ ਨਾ ਬੋਲਿਆ। ਮੈਂ ਥਾਂ ਦੀ ਥਾਂ ਸੁੰਨ ਮਿੱਟੀ ਬਣ ਕੇ ਬੈਠੀ ਹੋਈ ਸਾਂ। ਉਹ ਤਾਂ ਪਤਾ ਨਹੀਂ ਕਦੋਂ ਮੈਨੂੰ ਉੱਥੇ ਬੈਠੀ ਛੱਡ ਕੇ ਹੀ ਤੁਰ ਗਿਆ ਸੀ। ਮੇਰਾ ਸਭ ਕੁਝ ਲੁੱਟ ਕੇ ਮੈਨੂੰ ਛੱਡ ਗਿਆ ਸੀ।

ਪਰ ਮੈਂ ਹਾਰੀ ਨਹੀਂ ਸੀ। ਅਜੇ ਤਾਂ ਮੇਰੇ ਕੋਲ ਬਹੁਤ ਕੁਝ ਸੀ। ਅਜੇ ਤਾਂ ਮੇਰੇ ਕੋਲ ਸਾਰਾ ਕੁਝ ਸੀ। ਸਮਾਜ ਦੀਆਂ ਨਜ਼ਰਾਂ ਵਿੱਚ ਮੈਂ ਤਾਂ ਕੁਆਰੀ ਸੀ। ਮਾਪਿਆਂ ਦੀਆਂ

102

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ