ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਰਿਆ ਸੀ ਤਾਂ ਵੱਡੇ ਦੋਵਾਂ ਭਰਾਵਾਂ ਨੇ ਗੇਲੇ ਨੂੰ ਅੱਡ ਕਰ ਦਿੱਤਾ ਸੀ। ਤੀਜੇ ਹਿੱਸੇ ਦੀ ਜ਼ਮੀਨ ਵੀ ਉਸ ਨੂੰ ਦੇ ਦਿੱਤੀ ਸੀ। ਗੇਲੇ ਵਾਲੇ ਪਾਸੇ ਵਿਹੜੇ ਵਿੱਚ ਆਦਮੀ ਤੋਂ ਉੱਚੀ ਕੰਧ ਵੀ ਕੱਢ ਦਿੱਤੀ ਸੀ ਤੇ ਫਿਰਨੀ 'ਤੇ ਨਵਾ ਕਿਵੇਂ ਨਾ ਕਿਵੇਂ ਵਿਹੜੇ ਦੇ ਇੱਕ ਖੂੰਜੇ ਨਿੱਕੀ ਜਿਹੀ ਬੈਠਕ ਬਣਵਾ ਲਈ ਸੀ। ਕਿਸੇ ਤੋਂ ਪੁਰਾਣੀਆਂ ਨਿੱਕੀਆਂ ਇੱਟਾਂ ਦਾ ਖੋਲਾ ਮੁੱਲ ਲੈ ਕੇ ਮੂਹਰਲੀ ਕੰਧ ਵੀ ਕਢਵਾ ਲਈ ਸੀ। ਦਰਵਾਜ਼ਾ ਰੱਖ ਕੇ ਪੁਰਾਣੇ ਕੋਈ ਤਖ਼ਤੇ ਲਵਾ ਦਿੱਤੇ ਸਨ। ਚੌੜੇ ਵਿਹੜੇ ਵਿੱਚ ਬੈਠਕ ਦੇ ਨਾਲ ਲੱਗਦੀ ਕੱਚੀਆਂ ਇੱਟਾਂ ਦੀ ਝਲਾਨੀ ਨਿਹਾਲੋ ਨੇ ਆਪ ਛੱਤ ਲਈ ਸੀ। ਝਲਾਨੀ ਮੂਹਰੇ ਚੌਂਤਰਾ ਬਣਾ ਕੇ ਉੱਤੇ ਚੁੱਲ੍ਹਾ ਧਰ ਲਿਆ ਸੀ। ਅੱਡ ਹੋਣ ਪਿੱਛੋਂ ਨਿਹਾਲੋਂ ਨੇ ਸੋਚਿਆ ਸੀ ਗੇਲਾ ਹੁਣ ਕੰਮ ਕਰੇਗਾ।ਵਾਹੀ ਦਾ ਕੰਮ ਤੋਰੇਗਾ। ਅਸੀਂ ਚੰਗਾ ਖਾਵਾਂਗੇ, ਚੰਗਾ ਪੀਵਾਂਗੇ। ਜਵਾਕਾਂ ਦੇ ਪਾਟੇ ਝੱਗੇ ਨਹੀਂ ਰਹਿਣਗੇ। ਆਪ ਉਹ ਨੰਗੇ ਪੈਰੀਂ ਨਹੀਂ ਤੁਰੇਗੀ। ਉਸ ਦੇ ਸਾਰੇ ਸ਼ੌਕ ਪੂਰੇ ਹੋਇਆ ਕਰਨਗੇ, ਪਰ ਨਾਂਹ, ਗੇਲੇ ਨੇ ਤਾਂ ਪਹਿਲੇ ਸਾਲ ਹੀ ਆਪਣੀ ਜ਼ਮੀਨ ਹਿੱਸੇ ਤੇ ਦੇ ਦਿੱਤੀ। ਪਹਿਲਾਂ ਵਾਂਗ ਹੀ ਅਲੱਥ ਫਿਰਨ ਲੱਗਿਆ। ਨਿਹਾਲੋ ਦੀ ਵੱਡੀ ਜਠਾਣੀ ਕਦੇ-ਕਦੇ ਉਸ ਨੂੰ ਕਹਿੰਦੀ,'ਏਹੋ ਜ੍ਹਾ ਸੀ ਤਾਂ ਹੀ ਤਾਂ ਅੱਡ ਕੀਤਾ। ਹੁਣ ਆਵਦੀਆਂ ਭਰੇ। ਤੂੰ ਸਮਝਾ, ਚਾਹੇ ਨਾ ਸਮਝਾ। ਭਈਆਂ ਦੇ ਨੱਕੋਂ-ਬੁੱਲੋਂ ਤਾਂ ਕਿੱਦਣ ਦਾ ਲਹਿਆ ਹੋਇਐ।

ਕਬੀਲਦਾਰਾਂ ਵਾਲੇ ਕੋਈ ਚੱਜ ਨੇ ਇਹਦੇ? ਜਠਾਣੀ ਦੇ ਬੋਲਾਂ ਵਿੱਚ ਤਾਹਨੇ-ਮਿਹਣੇ ਤੇ ਹਮਦਰਦੀ ਦਾ ਰਲਿਆ ਮਿਲਿਆ ਭਾਵ ਹੁੰਦਾ। ਨਿਹਾਲੋ ਅੱਖਾਂ ਭਰ ਲੈਂਦੀ। ਜਦ ਉਹ ਇਕੱਲੇ ਸਨ ਤੇ ਪਿਓ ਜਿਉਂਦਾ ਸੀ, ਗੇਲਾ ਕੰਮ ਦਾ ਡੱਕਾ ਦੂਹਰਾ ਨਹੀਂ ਕਰਦਾ ਸੀ। ਛੋਟੇ ਹੁੰਦੇ ਨੇ ਮੱਝਾਂ ਤਾਂ ਜ਼ਰੂਰ ਚਾਰੀਆਂ ਸਨ, ਪਰ ਜਦ ਤੋਂ ਜੁਆਨ ਹੋਇਆ ਕਸੂਤੇ ਕੰਮਾਂ ਵਿੱਚ ਪੈ ਗਿਆ ਸੀ। ਹਾਣੀ ਮੁੰਡਿਆਂ ਨਾਲ ਰਲ ਕੇ ਦਾਰੂ ਕੱਢਦਾ। ਮੁੰਡਿਆਂ ਦੀ ਜ਼ਿੱਦ ਨੇ ਦੋ ਵਾਰੀ ਪੁਲਿਸ ਨੂੰ ਉਸ ਦੇ ਤੌੜੇ ਫੜਵਾਏ ਸਨ ਤੇ ਉਸ ਦਾ ਨਾਉਂ ਆ ਗਿਆ ਸੀ। ਤੇ ਫਿਰ ਜ਼ੈਲਦਾਰਾਂ ਦੇ ਦਸਵੀਂ ਫੇਲ੍ਹ ਕਾਕੇ ਨਾਲ ਰਲ ਕੇ ਕਪਾਹ ਚੁਗਣ ਗਈ ਬੇਗੂ ਕੰਮੀ ਦੀ ਕੁੜੀ ਨੂੰ ਛੇੜਿਆ ਸੀ। ਉਸ ਕਰਕੇ ਗੇਲੇ ਦਾ ਨਾਉਂ ਪਿੰਡ ਦੇ ਮੁਸ਼ਟੰਡਿਆਂ ਵਿੱਚ ਗਿਣਿਆ ਜਾਣ ਲੱਗ ਪਿਆ ਸੀ। ਇਨ੍ਹਾਂ ਗੱਲਾਂ ਕਰਕੇ ਹੀ ਉਸ ਦੇ ਪਿਓ ਨੇ ਝੱਟ ਦੇ ਕੇ ਉਸ ਦਾ ਵਿਆਹ ਕਰ ਦਿੱਤਾ ਸੀ। ਜੇ ਭਲਾ ਸੁਧਰ ਜਾਵੇ।

ਮੁੰਡਾ ਹੋਇਆ, ਫਿਰ ਇੱਕ ਹੋਰ ਮੁੰਡਾ ਤੇ ਫਿਰ ਪਿਓ ਵੀ ਚੱਲਦਾ ਹੋਇਆ। ਉਸ ਨੂੰ ਅੱਡ ਕਰ ਦਿੱਤਾ ਗਿਆ, ਪਰ ਉਹ ਨਾ ਸੁਧਰਿਆ। ਉਹ ਕੁਲੱਛਣੀਆਂ ਗੱਲਾਂ...

ਪਹਿਲੇ ਸਾਲ ਹਿੱਸੇ 'ਤੇ ਜ਼ਮੀਨ ਦਿੱਤੀ ਸੀ ਤਾਂ ਦੂਜੇ ਸਾਲ ਠੇਕੇ 'ਤੇ ਚੜ੍ਹਾ ਦਿੱਤੀ। ਠੇਕੇ ਦੇ ਪੈਸੇ ਦਿਨਾਂ ਵਿੱਚ ਸ਼ਰਾਬ-ਮੂੰਹੇ ਉਡਾ ਦਿੱਤੇ। ਉਨ੍ਹਾਂ ਦਿਨਾਂ ਵਿੱਚ ਹੀ ਨਿਹਾਲੋ ਦੀ ਵੱਡੀ ਭੈਣ ਦੇ ਮੁੰਡੇ ਦਾ ਵਿਆਹ ਆ ਗਿਆ। ਆਪ ਤਾਂ ਗਿਆ ਹੀ ਨਾ। ਨਿੱਕ-ਸੁੱਕ ਲੈ ਕੇ ਨਿਹਾਲੋ ਹੀ ਗਈ ਸੀ। ਭੈਣ ਘਰ ਇਕੱਠੇ ਹੋਏ ਰਿਸ਼ਤੇਦਾਰਾਂ ਨੇ ਉਸ ’ਤੇ ਤੇਜ਼ਾਬ ਹੀ ਛਿੜਕਿਆ।ਉਹ ਧਰਤੀ ਵਿੱਚ ਮੂੰਹ ਦੇਣ ਜੋਗੀ ਵੀ ਨਹੀਂ ਰਹਿ ਗਈ ਸੀ।

ਸ਼ਰਾਬ ਪੀ ਕੇ ਹਨੇਰਾ ਹੋਏ ਤੋਂ ਜਦ ਉਹ ਘਰ ਆਉਂਦਾ ਤਾਂ ਐਵੇਂ ਹੀ ਕਿਸੇ ਗੱਲ ਪਿੱਛੇ ਖਹਿਬੜ ਪੈਂਦਾ ਤੇ ਨਿਹਾਲੋ ਨੂੰ ਕੁੱਟਦਾ। ਪਹਿਲਾਂ ਤਾਂ ਵੱਡੀ ਜਠਾਣੀ ਛੁਡਾਉਣ

106

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ