ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਛੇਤੀ ਨਾ ਖੋਲ੍ਹਿਆ ਕੁੰਡਾ? ਉਸ ਨੇ ਨਿਹਾਲੋ ਦਾ ਮੋਢਾ ਫੜ ਕੇ ਧੱਕਾ ਮਾਰਿਆ ਡਿੱਗਦੀ-ਡਿੱਗਦੀ ਉਹ ਮਸ੍ਹਾਂ ਬਚੀ। ਮੰਜੇ ’ਤੇ ਢਿੱਗ ਵਾਂਗ ਡਿੱਗ ਕੇ ਉਸ ਨੇ ਰੋਟੀ ਮੰਗੀ।

ਬਹੁਤ ਉਚੀ ਖੰਘੂਰ ਮਾਰੀ ਤੇ ਦੂਰ ਤੱਕ ਥੱਕ ਦਿੱਤਾ, "ਛੇਤੀ ਕਰ ... ਤੇ ਇੱਕ ਕੜਕਵੀਂ" ਤਿੱਖੀ ਗ਼ੰਦੀ ਗਾਲ੍ਹ।

ਥਾਲੀ ਵਿੱਚ ਦੋ ਰੋਟੀਆਂ ਤੇ ਉੱਤੇ ਗੰਢਿਆਂ ਦੀ ਚਟਣੀ ਰੱਖ ਕੇ ਉਹ ਲੈ ਆਈ। ਥਾਲੀ ਉਸ ਨੂੰ ਫੜਾ ਕੇ ਉਹ ਪਾਣੀ ਲੈਣ ਗਹੀ। ਆਈ ਤਾਂ ਉਸ ਨੇ ਪੁੱਛਿਆ,'ਦਾਲ ਨੀ ਧਰੀ ਕੋਈ?

'ਘਰੇ ਹੋਏ ਕੁੱਛ, ਤਾਂ ਧਰਾਂ।' ਉਸ ਨੇ ਭਰਿਆ ਪੀਤਾ ਜਿਹਾ ਜਵਾਬ ਦਿੱਤਾ।

ਨਾਲ ਦੀ ਨਾਲ ਥਾਲੀ ਉਸ ਨੇ ਵਿਹੜੇ ਵਿੱਚ ਵਗਾਹ ਮਾਰੀ। ਖੜ੍ਹਾ ਹੋ ਕੇ ਨਿਹਾਲੋ ਦੇ ਸਿਰ ਵੱਲ ਝਪਟਿਆ। ਪਿੱਛੇ ਹਟਦੀ-ਹਟਦੀ ਉਹ ਚੌਂਤਰੇ 'ਤੇ ਚੁੱਲ੍ਹੇ ਕੋਲ ਜਾ ਡਿੱਗੀ। ਸ਼ਰਾਬ ਵਿੱਚ ਅੰਨ੍ਹਾ ਉਹ ਵੀ ਗੇੜਾ ਖਾ ਕੇ ਡਿੱਗ ਪਿਆ। ਤੇ ਫਿਰ ਗੁਆਂਢ ਵਿੱਚ ਜਠਾਣੀਆਂ ਨੇ ਅਵਾਜ਼ਾਂ ਸੁਣੀਆਂ, ਜਿਵੇਂ ਥਾਪੇ ਨਾਲ ਕੋਈ ਪਾਂਡੂ ਤੇ ਡਲਿਆਂ ਨੂੰ ਭੰਨ੍ਹਦਾ ਹੋਵੇ। ਠੱਕ ਠੱਕ ਕੁੜੀ ਮੰਜੇ ਤੇ ਪਈ ਚਾਗਾਂ ਮਾਰਦੀ ਰਹੀ। ਮੁੰਡੇ ਜਾਗੇ ਨਹੀਂ। ਜਠਾਣੀਆਂ ਮੰਜੇ `ਤੇ ਉਸ ਲਵੱਟੇ ਲੈਂਦੀਆਂ ਰਹੀਆਂ। ਜੇਠ ਚੁੱਪ ਕੀਤੇ ਹੀ ਕੁਟ ਦੇ ਖੜਾਕ ਸੁਣਦੇ ਰਹੇ। ਕੀ ਕਹਿੰਦਾ ਕੋਈ, ਉਨ੍ਹਾਂ ਦਾ ਤਾਂ ਨਿੱਤ ਦਾ ਇਹੀ ਹਾਲ ਸੀ। ਨਾ ਹਾਏ ਦੀ ਆਵਾਜ਼ ਨਾ ਕੋਈ ਚੀਖ਼-ਪੁਕਾਰ ਮਿੱਟੀ ਕੀ ਬੋਲੇ।

ਦੂਜੇ ਦਿਨ ਨਿਹਾਲੋ ਜਦ ਘਰੋਂ ਬਾਹਰ ਨਿਕਲੀ ਤਾਂ ਜਠਾਣੀਆਂ ਆਪੋ ਵਿੱਚ ਗੱਲਾਂ ਕਰਨ ਲੱਗੀਆਂ,'ਆਹ ਫਿਰਦੀ ਐ ਓਹੀ ਜ੍ਹੀ ਨਵੀਂ ਨਰੋਈ। ਕੀ ਹੋਇਐ ਇਹ ਨੂੰ ਖਲ਼ ਵਾਂਗੂੰ ਭੰਨ ਦਿੰਦੈ। ਇੱਕ ਜਾਦ ਨ੍ਹੀਂ ਰਹਿੰਦੀ,ਨਿਪੁਤਿਆਂ ਦੀ ਦੇ। ਸਗਾਂ ਦੂਣੀ ਸੇਵਾ ਕਰਦੀ ਐ ਪਤੰਦਰ ਦੀ।'

ਉਸ ਦਿਨ ਗੇਲਾ ਘਰੋਂ ਬਾਹਰ ਨਹੀਂ ਨਿਕਲਿਆ। ਦੂਜੇ ਦਿਨ ਵੀ ਨਹੀਂ। ਤੀਜੇ, ਚੌਥੇ ਤੇ ਫਿਰ ਕਈ ਦਿਨ ਬੈਠਕ ਵਿੱਚ ਹੀ ਪਿਆ ਰਿਹਾ। ਨਿਹਾਲੋ ਉਸ ਦੇ ਗੋਡਿਆਂ, ਗਿੱਟਿਆਂ ਤੇ ਸੁਕੜੰਜਾਂ ’ਤੇ ਲੋਗੜ ਦਾ ਸੇਕ ਦਿੰਦੀ ਰਹੀ। ਦੁੱਧ ਘਿਓ ਪਿਆਉਂਦੀ ਰਹੀ। ਬਹੁਤ ਗੁੱਸੇ ਵਿੱਚ ਘੋਟੇ ਉਸ ਤੋਂ ਕੁਝ ਕਸਵੇਂ ਹੀ ਲੱਗ ਗਏ ਸਨ। ਬਹੁਤ ਦਿਨਾਂ ਬਾਅਦ ਸੋਟੀ ਦੇ ਪਾਰ ਲੰਗੜਾ ਕੇ ਤੁਰਦਾ ਉਹ ਘਰੋਂ ਬਾਹਰ ਹੋ ਗਿਆ ਤਾਂ ਖਾਊ ਯਾਰ ਉਸ ਦਾ ਹਾਲ ਪੁੱਛਣ ਲੱਗੇ, ਪਰ ਕੀ ਦੱਸਦਾ ਉਹ? ਕਿਸੇ ਨਾਲ ਵੀ ਉਸ ਨੇ ਅੱਖ ਨਾ ਮਿਲਾਈ। ਸ਼ਰਾਬ ਛੱਡ ਦਿੱਤੀ। ਬਿਨਾਂ ਸੋਟੀਓਂ ਤੁਰਨ-ਫਿਰਨ ਜੋਗਾ ਹੋਇਆ ਤਾਂ ਖੇਤ ਜਾਣ ਲੱਗਿਆ। ਅਗਲੇ ਸਾਲ ਉਸ ਨੇ ਆਪ ਹੀ ਕੀਤੀ।

108

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ