ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਤੂੰ ਬੇਵਕੂਫ਼ ਨਾ ਬਣ। ਚੁੱਪ ਕਰਕੇ ਅਬਾਰਸ਼ਨ ਕਰਵਾ ਲੈ। ਹਜ਼ਾਰਾਂ ਕੁੜੀਆਂ ਇਹ ਕਰਦੀਆਂ ਨੇ।'

‘ਮੈਂ ਉਨ੍ਹਾਂ ਹਜ਼ਾਰਾਂ ਵਿੱਚੋਂ ਨਹੀਂ।'

‘ਹੋਰ ਫੇਰ ਕੀ ਕਰੇਂਗੀ?'

‘ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ’ ਸੁਸ਼ਮਾ ਦੇ ਬੋਲਾਂ ਵਿੱਚ ਹੁਣ ਦ੍ਰਿੜਤਾ ਸੀ।

‘ਤੂੰ ਹੋਰ ਸੋਚ ਕੇ ਦੇਖ। ਤੇਰਾ ਕੁਛ ਨਹੀਂ ਵਿਗੜਿਆ। ਸਭ ਠੀਕ ਹੋ ਜਾਏਂਗਾ।' ਉਹ ਜਿਵੇਂ ਆਪਣਾ ਪੱਲਾ ਛੁਡਾਉਣਾ ਚਾਹੁੰਦਾ ਹੋਵੇ।

‘ਨਹੀਂ, ਬਿਲਕੁੱਲ ਨਹੀਂ।'

ਸੁਸ਼ਮਾ ਨੇ ਆਪਣੇ ਪਿਛਲੇ ਪਾਸੇ ਇੱਕ ਹੱਥ ਕਰਕੇ ਸਲਵਾਰ ਦੇ ਬੰਨ੍ਹ ਵਿੱਚੋਂ ਕੋਈ ਚੀਜ਼ ਕੱਢੀ ਤੇ ਅੱਖ ਝਮਕਣ ਦੀ ਫੁਰਤੀ ਵਿੱਚ ਰਜੇਸ਼ ਦੀ ਵੱਖੀ ਵਿੱਚ ਉਹ ਨੂੰ ਖੋਭ ਦਿੱਤਾ। ਇੱਕ ਦੱਬਵੀਂ ਜਿਹੀ ਚੀਖ਼ ਉਹ ਦੇ ਮੂੰਹੋਂ ਨਿਕਲੀ ਤੇ ਉਹ ਧਰਤੀ ‘ਤੇ ਡਿੱਗ ਪਿਆ। ਉਹ ਦੇ ਦਿਲ ਵਾਲੇ ਪਾਸੇ ਜ਼ੋਰ ਦੀ ਸੁਸ਼ਮਾ ਨੇ ਵਾਰ ਕਰ ਦਿੱਤਾ ਸੀ। ਉਹ ਮੱਛੀ ਵਾਂਗ ਤੜਪ ਰਿਹਾ ਸੀ। ਸੁਸ਼ਮਾ ਜਾ ਚੁੱਕੀ ਸੀ। ਇਹ ਸਭ ਕੁਝ ਦੇਖਦਿਆਂ ਮੇਰੀ ਇੱਕ ਭਿਆਨਕ ਚੀਖ਼ ਨਿਕਲੀ, ਚੀਖ਼ ਜਿਹੜੀ ਸਾਰੇ ਕੁਆਰਟਰਾਂ ਤੱਕ ਸੁਣੀ ਹੋਵੇਗੀ ਤੇ ਮੈਂ ਟੱਟੀ ਵਿੱਚ ਹੀ ਗਸ਼ ਖਾ ਕੇ ਡਿੱਗ ਪਈ। ਦਿਨ ਚੜ੍ਹੇ ਮੈਨੂੰ ਕੁਝ ਹੋਸ਼ ਆਈ ਤਾਂ ਮੈਂ ਆਪਣੇ ਘਰ ਵਿੱਚ ਪਲੰਘ 'ਤੇ ਪਈ ਹੋਈ ਸੀ। ਮੈਨੂੰ ਤੇਜ਼ ਬੁਖਾਰ ਚੜ੍ਹਿਆ ਹੋਇਆ ਸੀ। ਪਿਤਾ ਜੀ ਬਿੰਦੇ-ਬਿੰਦੇ ਮੈਨੂੰ ਥਰਮਾਮੀਟਰ ਲਾ ਕੇ ਦੇਖ ਰਹੇ ਸਨ। ਮੇਰੇ ਮੱਥੇ 'ਤੇ ਪਾਣੀ ਪੱਟੀਆਂ ਧਰਦੇ ਜਾ ਰਹੇ ਸਨ।

ਦੁਪਹਿਰ ਤੱਕ ਰਜੇਸ਼ ਦੀ ਲਾਸ਼ ਚੁੱਕ ਲਈ ਗਈ ਸੀ।

ਸਾਰੇ ਮੁਹੱਲੇ ਵਿੱਚ ਗੱਲ ਧੁੰਮੀ ਹੋਈ ਸੀ ਕਿ ਸਤਪਾਲ ਲਾਇਬ੍ਰੇਰੀਅਨ ਦੀ ਕੁੜੀ ਮਨੋਰਮਾ ਨੇ ਇਹ ਕਤਲ ਹੁੰਦਾ ਅੱਖੀਂ ਦੇਖਿਆ ਹੈ। ਪੁਲਿਸ ਵਾਲੇ ਸਾਡੇ ਘਰ ਆਉਂਦੇ ਸਨ ਤੇ ਮੈਨੂੰ ਪਿਆਰ ਨਾਲ ਪੁਚਕਾਰ-ਪੁਚਕਾਰ ਪੁੱਛਦੇ ਸਨ ਕਿ ਉਹ ਕੌਣ ਸੀ, ਜਿਸ ਨੇ ਇਹ ਕਤਲ ਕੀਤਾ ਹੈ। ਮੈਨੂੰ ਜਦ ਉਹ ਘਟਨਾ ਯਾਦ ਆਉਂਦੀ, ਮੈਂ ਚੀਖ਼ ਮਾਰ ਕੇ ਬੇਹੋਸ਼ ਹੋ ਜਾਂਦੀ। ਥੋੜ੍ਹਾ-ਮੋਟਾ ਹੋਸ਼ ਵਿੱਚ ਹੁੰਦੀ ਤਾਂ ਐਨਾ ਹੀ ਦੱਸਦੀ, ਹਨੇਰੇ ਵਿੱਚ ਮੈਨੂੰ ਪਤਾ ਨਹੀਂ ਉਹ ਕੌਣ ਸੀ?

‘ਆਦਮੀ ਸੀ, ਔਰਤ ਸੀ?' ਉਹ ਪੁੱਛਦੇ।

'ਇਹ ਵੀ ਪਤਾ ਨਹੀਂ।' ਮੈਂ ਜਵਾਬ ਦਿੰਦੀ।

‘ਫੇਰ ਸੀ ਕੌਣ?'

‘ਕੀ ਪਤਾ ਕੌਣ ਸੀ। ਸੀ ਜ਼ਰੂਰ ਕੋਈ।ਉਹ ਨੇ ਛੁਰੇ ਵਰਗੀ ਕੋਈ ਚੀਜ਼ ਉਹ ਦੇ ਢਿੱਡ ਵਿੱਚ ਮਾਰੀ ਸੀ ਤੇ ਫੇਰ ਮੈਂ ਬੇਹੋਸ਼ ਹੋ ਕੇ ਡਿੱਗ ਪਈ।’ ਮੇਰਾ ਹਰ ਵਾਰ ਇਹੀ ਜਵਾਬ ਹੁੰਦਾ।'

ਸੁਸ਼ਮਾ ਸਵੇਰੇ-ਸ਼ਾਮ ਮੇਰਾ ਪਤਾ ਲੈਣ ਆਉਂਦੀ ਤੇ ਚੁੱਪ-ਚਾਪ ਮੇਰੇ ਚਿਹਰੇ ਵੱਲ ਦੇਖਣ ਲੱਗਦੀ। ਜਦ ਹੀ ਉਹ ਮੇਰੇ ਸਾਹਮਣੇ ਹੁੰਦੀ, ਮੈਂ ਆਪਣਾ ਚਿਹਰਾ ਛੁਪਾ ਲੈਂਦੀ। ਉਹ ਬੈਠੀ ਰਹਿੰਦੀ ਤੇ ਫੇਰ ਚੁੱਪ-ਚਾਪ ਹੀ ਚਲੀ ਜਾਂਦੀ।

112

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ