ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਘਰ ਵਿੱਚ ਹੀ ਉਸ ਨੂੰ ਕਿਸੇ ਨੇ ਜਿੰਦਰਾ ਲਾ ਦਿੱਤਾ ਹੋਵੇ। ਇਹ ਉਸ ਦਾ ਆਪਣਾ ਹੀ ਪਿੰਡ ਸੀ। ਉਸ ਦੀ ਮਾਂ ਤੇ ਵੱਡਾ ਭਾਈ ਸੰਤਾਲੀ ਵੇਲੇ ਉੱਥੇ ਹੀ ਲੁਟੇਰਿਆਂ ਨੇ ਵੱਢ ਦਿੱਤੇ ਸਨ ਤੇ ਲੁਟੇਰੇ ਉਸ ਦੀ ਭਰਜਾਈ ਨੂੰ ਮੇਮਣੇ ਵਾਂਗ ਧੂਹ ਕੇ ਲੈ ਗਏ ਸਨ। ਉਹ ਇਕੱਲਾ ਕਿਵੇਂ ਨਾ ਕਿਵੇਂ ਬਚ ਕੇ ਪਾਕਿਸਤਾਨ ਪਹੁੰਚ ਗਿਆ ਸੀ ਤੇ ਇੱਕ ਦੋ ਸਾਲ ਵਿਹਲਾ ਫਿਰ ਤੁਰ ਕੇ ਧੱਕੇ ਖਾਂਦਾ ਫ਼ੌਜ ਵਿੱਚ ਭਰਤੀ ਹੋ ਗਿਆ ਸੀ।

ਹੁਣ ਜਦੋਂ ਪਾਕਿਸਤਾਨ ਨੇ ਪੰਜਾਬ ਵਿੱਚ ਛਾਤਾ ਫ਼ੌਜੀ ਉਤਾਰੇ ਤਾਂ ਅਲੀ ਵੀ ਉਨ੍ਹਾਂ ਦੇ ਵਿੱਚ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਪਾਕਿਸਤਾਨੀ ਹਵਾਈ ਜਹਾਜ਼ਾਂ ਨੂੰ ਰਾਤ ਨੂੰ ਰੋਸ਼ਨੀ ਇਸ਼ਾਰੇ ਕਰਨੇ ਹਨ। ਉਨ੍ਹਾਂ ਨੂੰ ਲਾਲਚ ਵੀ ਦਿੱਤਾ ਗਿਆ ਸੀ ਕਿ ਪਾਕਿਸਤਾਨ ਮੁੜਨ ਉਪਰੰਤ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਤਰੱਕੀਆਂ ਦਿੱਤੀਆਂ ਜਾਣਗੀਆਂ। ਇਹ ਸਾਰੀ ਗੱਲ ਅਲੀ ਨੇ ਪਿੰਡ ਦੇ ਬੰਦਿਆਂ ਨੂੰ ਦੱਸੀ। ਉਸ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਪੈਰਾਸ਼ੂਟ ਪਵਾ ਕੇ ਜਦ ਉਸ ਨੂੰ ਹਵਾਈ ਜਹਾਜ਼ ਵਿੱਚ ਚਾੜ੍ਹਿਆ ਗਿਆ ਤਾਂ ਉਸ ਨੂੰ ਇਉਂ ਲੱਗਿਆ ਸੀ, ਜਿਵੇਂ ਕਿਸੇ ਦਾ ਮੱਲੋ ਮੱਲੀ ਚੁਰ ਵਿੱਚ ਸਿਰ ਦੇ ਦਿੱਤਾ ਗਿਆ ਜਾਵੇਂ। ਅਲੀ ਦੇ ਸੰਘ ਵਿੱਚ ਅੱਥਰੂ ਉਤਰ ਆਏ ਸਨ।

ਉਸ ਨੇ ਅਖ਼ੀਰ ਵਿੱਚ ਦੱਸਿਆ-'ਮੈਂ ਛੇਆਂ ਦਿਨਾਂ ਤੋਂ ਇਸ ਪਿੰਡ ਦੇ ਦੁਆਲੇ ਫਿਰਦਾ ਹਾਂ। ਚਾਹੁੰਦਾ ਸੀ ਕਿ ਬੰਬ ਸਿੱਟ ਕੇ ਸਾਰੇ ਅਗਵਾੜ ਨੂੰ ਫੂਕ ਦਿਆਂ। ਜਿੱਥੇ ਮੇਰੀ ਮਾਂ ਤੇ ਵੱਡਾ ਭਾਈ ਬੱਕਰਿਆਂ ਵਾਂਗ ਵੱਢ ਦਿੱਤੇ ਗਏ ਸਨ। ਪਰ ਪਤਾ ਨਹੀਂ ਮੈਨੂੰ ਉਸ ਟਿੱਬੀ 'ਤੇ ਆ ਕੇ ਕੀ ਹੋ ਜਾਂਦਾ। ਮੈਨੂੰ ਚਾਚਾ ਦੁੱਲਾ ਯਾਦ ਆ ਜਾਂਦਾ, ਜਿਹੜਾ ਮੈਨੂੰ ਛੋਟੇ ਹੁੰਦੇ ਨੂੰ ਛੱਲੀਆਂ, ਹੋਲਾਂ ਤੇ ਬੇਰ ਲਿਆ ਕੇ ਦਿੰਦਾ ਹੁੰਦਾ ਸੀ। ਤਾਈ ਈਸਰੋ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੀ, ਜਿਸ ਦੇ ਘਰੋਂ ਕਦੇ ਵੀ ਮੈਂ ਤੌੜੀ ਵਿਚੋਂ ਦੁੱਧ ਲੁਹਾ ਕੇ ਪੀ ਸਕਦਾ ਸੀ। ਹੋਰ ਕਿੰਨੇ ਹੀ ਬੰਦੇ ਤੇ ਮੇਰੇ ਬਚਪਨ ਦੇ ਹਾਣੀ ਮੇਰੀ ਹਿੱਕ 'ਤੇ ਚੜ੍ਹ ਜਾਂਦੇ। ਭਾਵੇਂ ਮੈਂ ਮਲਸਮਾਨ ਹਾਂ, ਪਰ ਮੈਨੂੰ ਇਸ ਪਿੰਡ ਵਿੱਚ ਵੱਸਦੇ ਕਈ ਹਿੰਦੂ ਮੇਰੇ ਆਪਣੇ ਹੀ ਤਾਏ ਚਾਚੇ ਲੱਗਦੇ ਹਨ। ਮੇਰੀ ਮਾਂ ਵੱਢੀ ਸੀ ਤਾਂ ਗੁੰਡਿਆਂ ਨੇ ਵੱਢਿਆ ਸੀ, ਜਿਹੜੇ ਇਸ ਪਿੰਡ ਦੇ ਨਹੀਂ ਸਨ। ਮੇਰੀ ਭਰਜਾਈ ਨੂੰ ਲੁਟੇਰਿਆਂ ਨੇ ਚੁੱਕਿਆ ਸੀ, ਜਿਹੜੇ ਇਸ ਪਿੰਡ ਦੇ ਨਹੀਂ ਸਨ। ਫੇਰ ਮੈਂ ਆਪਣੇ ਪਿੰਡ `ਤੇ ਹੀ ਹੱਥ ਕਿਵੇਂ ਚੁੱਕਦਾ? ਉਸ ਮਿੱਟੀ ਨੂੰ ਮੈਂ ਰਾਖ਼ ਕਿਵੇਂ ਦੇਖ ਸਕਦਾ, ਜਿਸ ਮਿੱਟੀ ਵਿਚੋਂ ਮੈਂ ਜਨਮ ਲਿਆ ਹੈ। ਹੁਣ ਵਾਲੇ ਆਪਣੇ ਦੇਸ਼ ਲਈ ਭਾਵੇਂ ਮੈਂ ਝੂਠਾ ਹਾਂ, ਪਰ ਆਪਣੀ ਮਾਤ ਭੂਮੀ ਲਈ ਮੈਂ ਸੱਚਾ ਹਾਂ।ਲੋਕ ਚੁੱਪ ਬੈਠੇ ਉਸ ਦੀਆਂ ਗੱਲਾਂ ਸੁਣ ਰਹੇ ਸਨ। ਐਨੇ ਨੂੰ ਪੁਲਿਸ ਆ ਗਈ। ਇੱਕ ਬਜ਼ੁਰਗ ਨੇ ਥਾਣੇਦਾਰ ਮੂਹਰੇ ਅਰਜ਼ ਕੀਤੀ-'ਸਾਡੇ ਕੋਲ ਨਾ ਇਹਨੂੰ ਮਾਰਿਓ, ਗਹਾਂ ਜਾ ਕੇ ਜੋ ਮਰਜ਼ੀ ਕਰੋ।'

ਨੱਥੇ ਹੋਏ ਪਸ਼ੂ ਵਾਂਗ ਪਲਿਸ ਨੇ ਅਲੀ ਨੂੰ ਅੱਗੇ ਲਾ ਲਿਆ। ਉਸ ਦੇ ਬੁੱਲ੍ਹ ਜਿਵੇਂ ਸਿਉਂਤੇ ਗਏ। ਉਸ ਦੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਘਰਾਲਾਂ ਵਹਿ ਰਹੀਆਂ ਸਨ।♦

116

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ