ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/117

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਕਚਹਿਰੀ ਦਾ ਸ਼ੰਗਾਰ

ਹੁਣ ਤਾਂ ਸੇਵਾ ਸਿੰਘ ‘ਦਰਦੀ' ਦਾ ਨਾਉਂ ਸਾਰਾ ਇਲਾਕਾ ਜਾਣਦਾ ਹੈ।

ਢਾਂਗੇ ਜਿੱਡਾ ਲੰਮਾ ਕੱਦ, ਰੰਗ ਭੂਸਲਾ, ਅੱਖਾਂ ਦੇ ਆਂਡੇ ਰੀਠਿਆਂ ਵਰਗੇ ਤੇ ਦੰਦ ਮੱਕੀ ਦੇ ਦਾਣੇ। ਨਿੱਕੀਆਂ-ਨਿੱਕੀਆਂ ਮੁੱਛਾਂ ਤੇ ਹੋਚੀਮਿਨ੍ਹ ਦੀ ਦਾੜ੍ਹੀ। ਖੱਦਰ ਦਾ ਪਜਾਮਾ, ਖੱਦਰ ਦਾ ਕੁੜਤਾ ਤੇ ਖੱਦਰ ਦੀ ਪੱਗ।

‘ਦਰਦੀ' ਦਾ ਪਿੰਡ ਸੜਕ 'ਤੇ ਹੀ ਸੀ। ਇਸ ਲਈ ਉਹ ਨਿਤ ਹੀ ਬੱਸ 'ਤੇ ਬਰਨਾਲੇ ਆਉਂਦਾ। ਤੜਕੇ ਤੜਕੇ ਢਾਠੀ ਆਪਣੀ ਉਹ ਕਚਹਿਰੀਆਂ ਵਿੱਚ ਆ ਕੇ ਹੀ ਖੋਲ੍ਹਦਾ ਹੈ।

ਪੰਜਾਬੀ, ਉਹ ਲਿਖ ਤਾਂ ਲੈਂਦਾ ਹੈ, ਪਰ ਅੱਖਰਾਂ ਨੂੰ ਲਗਾਂ ਮਾਤਰਾਂ ਘੱਟ ਹੀ ਲਾਉਂਦਾ ਹੈ। ਕਦੇ ਕਦੇ ਕੰਨਾ, ਬਿਹਾਰੀ ਤੇ ਹੋੜਾ ਲਾ ਵੀ ਦਿੰਦਾ ਹੈ।

ਸੰਤਾਲੀ ਤੋਂ ਪਹਿਲਾਂ ਉਸ ਦੀ ਕੁਰਬਾਨੀ ਸਿਰਫ਼ ਐਨੀ ਸੀ ਕਿ ਇੱਕ ਵਾਰੀ ਨਾਭੇ ਦੇ ਮੋਰਚੇ ਵਿੱਚ ਪੁਲਿਸ ਨੇ ਫੜ ਕੇ ਉਸ ਦੇ ਜੁੱਤੀਆਂ ਲਾਈਆਂ ਤੇ ਉਹ ਥਾਣੇਦਾਰ ਦੇ ਪੈਂਰੀ ਹੱਥ ਲਾ ਕੇ ਦੂਜੇ ਦਿਨ ਘਰ ਆ ਗਿਆ। ਹੁਣ ‘ਦਰਦੀ' ਗੱਲ ਗੱਲ ਵਿੱਚ ਕਹਿੰਦਾ ਹੈ-'ਅਸੀਂ ਵੀ ਦੇਸ਼ ਭਗਤੀ ਕੀਤੀ ਐ। ਅਸੀਂ ਵੀ ਰਜਵਾੜਿਆਂ ਦੀਆਂ ਜੁੱਤੀਆਂ ਖਾਧੀਆਂ ਨੇ। ਅਸੀਂ ਵੀ ਅੰਗਰੇਜ਼ ਦੇ ਜ਼ੁਲਮ ਸਹੇ ਨੇ।'

ਬਵੰਜਾ ਦੀਆਂ ਅਲੈਕਸ਼ਨਾਂ ਵਿੱਚ ਉਹ ਵੀ ਖੜ੍ਹਾ ਹੋ ਗਿਆ ਸੀ-ਆਜ਼ਾਦ ਉਮੀਦਵਾਰ। ਇਲਾਕੇ ਦੇ ਇੱਕ ਸਰਦਾਰੜੇ ਨੇ ਉਸ ਨੂੰ ਪੈਸੇ ਦੇ ਦਿੱਤੇ ਕਿ ਉਹ ਅਕਾਲੀ ਉਮੀਦਵਾਰ ਦੇ ਵਿਰੁੱਧ ਡਟਿਆ ਰਹੇ ਤਾਂ ਕਿ ਕਾਂਗਰਸੀ ਸੇਠ ਜਿੱਤ ਸਕੇ। ਅਕਾਲੀ ਜਿੱਤਦਾ, ਭਾਵੇਂ ਕਾਂਗਰਸੀ ਜਿੱਤਦਾ, ਪਰ ‘ਦਰਦੀ' ਦਾ ਇੱਕ ਮਹੀਨਾ ਸ਼ੁਗਲ ਪਾਣੀ ਵਧੀਆ ਬਣਿਆ ਰਿਹਾ, ਉਹ ਵੀ ਉਦੋਂ ਤੋਂ ਪੱਕਾ ਲੀਡਰ ਬਣ ਗਿਆ।

ਸਤਵੰਜਾ ਦੀਆਂ ਅਲੈਕਸ਼ਨਾਂ ਵਿੱਚ ‘ਦਰਦੀ’ ਫੇਰ ਖੜ੍ਹਾ ਹੋ ਗਿਆ, ਪਰ ਇੱਕ ਜ਼ੋਰਾਵਰ ਉਮੀਦਵਾਰ ਨੇ ਉਸ ਨੂੰ ਦੋ ਹਜ਼ਾਰ ਦੇ ਕੇ ਚੁੱਪ ਕਰਵਾ ਦਿੱਤਾ। ਉਸ ਨੂੰ ਮੌਜਾਂ ਹੋ ਗਈਆਂ ਤੇ ਉਹ ਉਸ ਜ਼ੋਰਾਵਰ ਉਮੀਦਵਾਰ ਦੇ ਪ੍ਰਚਾਰ ਵਿੱਚ ਹੀ ਲੱਗ ਗਿਆ।

ਬਾਹਠ ਦੀਆਂ ਅਲੈਕਸ਼ਨਾਂ ਵਿੱਚ ਉਸ ਨੇ ਫੇਰ ਘੁੱਗੀ ਕੁੱਟਣੀ ਚਾਹੀ ਤੇ ਨਾਮਜ਼ਦਗੀ ਦੇ ਪੈਸੇ ਭਰ ਦਿੱਤੇ। ਐਤਕੀ ਦੋ ਹਜ਼ਾਰ ਤਾਂ ਮਿਲਿਆ ਨਾ, ਪਰ ਮੁੱਖ ਮੰਤਰੀ ਦੀ ਹੱਲਾਸ਼ੇਰੀ ਜ਼ਰੂਰ ਮਿਲ ਗਈ- ‘ਕਚਹਿਰੀਆਂ ਵਿੱਚ ਤੇਰੀ ਪੂਰੀ ਚੱਲੇਗੀ, ਭਾਊ।' ਅਫ਼ਸਰ ਤੈਨੂੰ ਕੁਰਸੀ ਦਿਆਂ ਕਰਨਗੇ, ਭਾਊ!' ‘ਦਰਦੀ' ਦੀ ਧੌਣ ਉੱਚੀ ਹੋ ਗਈ ਸੀ।

ਕਚਹਿਰੀ ਦਾ ਸ਼ਿੰਗਾਰ

117