ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਹੁਣ ਹਰ ਰੋਜ਼ ਕਚਹਿਰੀਆਂ ਵਿੱਚ ਆਉਂਦਾ ਹੈ। ਸਾਰਾ ਇਲਾਕਾ ਉਸ ਨੂੰ ਜਾਣਦਾ ਹੈ। ਸਾਰੇ ਵਕੀਲ ਉਸ ਨੂੰ ਜਾਣਦੇ ਸਨ। ਸਾਰੇ ਅਫ਼ਸਰ ਉਸ ਨੂੰ ਜਾਣਦੇ ਹਨ। ਸਾਰੇ ਅਰਜ਼ੀ ਨਵੀਸ ਉਸ ਨੂੰ ਜਾਣਦੇ ਹਨ।

ਹਰ ਨਿੱਕੇ ਮੋਟੇ ਬੰਦੇ ਨਾਲ ਉਹ ਹਰ ਨਿੱਕੇ ਮੋਟੇ ਅਫ਼ਸਰ ਕੋਲ ਚਲਿਆ ਜਾਂਦਾ ਹੈ। ਹਰ ਨਿੱਕੀ ਮੋਟੀ ਸਿਫ਼ਾਰਸ਼ ਕਰਦਾ ਹੈ। ਹਰ ਥਾਂ ਉਸ ਨੂੰ ਕੁਰਸੀ ਮਿਲਦੀ ਹੈ।

ਤੜਕੇ ਹੀ ਕਚਹਿਰੀਆਂ ਵਿੱਚ ਵਕੀਲ ਨਵੇਂ ਮੁਕੱਦਮਿਆਂ ਨੂੰ ਉਡੀਕਦੇ ਹਨ। ਤੜਕੇ ਹੀ ਅਰਜ਼ੀ ਨਵੀਸ ਨਵੀਆਂ ਅਰਜ਼ੀਆਂ ਉਡੀਕਦੇ ਹਨ ਤੇ ਤੜਕੇ ਹੀ ‘ਦਰਦੀ' ਨਵੇਂ ਸਿਫ਼ਾਰਸ਼ੀਆਂ ਨੂੰ ਉਡੀਕਦਾ ਹੈ। ਉਹ ਗੱਲ ਗੱਲ ਵਿੱਚ ਕਹਿੰਦਾ ਹੈ-'ਆਪਾਂ ਤਾਂ ਲੋਕ ਸੇਵਾ ਕਰਨੀ ਐ। ਅੰਗਰੇਜ਼ਾਂ ਦੇ ਰਾਜ ਵਿੱਚ ਵੀ ਕੀਤੀ ਐ, ਹੁਣ ਵੀ ਕਰਦੇ ਆਂ।'

ਅਫ਼ਸਰ ਸਾਰੇ ‘ਦਰਦੀ' ਦੀ ਸੁਣਦੇ ਹਨ। ਉਸ ਨੂੰ ਕੁਰਸੀ ਦਿੰਦੇ ਹਨ। ਜੇ ਕੋਈ ਅਫ਼ਸਰ ਜਾਂ ਕਲਰਕ ਹੈਂਕੜੀ ਕਰੇ ਤਾਂ 'ਬਲੀਦਾਨ' ਵਿੱਚ ਉਸ ਦੇ ਵਿਰੁੱਧ ਖ਼ਬਰ ਛਪ ਜਾਂਦੀ ਹੈ।

‘ਬਲੀਦਾਨ' ਇੱਕ ਸਪਤਾਇਕ ਪੱਤਰ ਪਟਿਆਲਾ ਤੋਂ ਨਿਕਲਦਾ ਹੈ। ਚੀਨੀ ਹਮਲੇ ਤੋਂ ਬਾਅਦ ਇਹ ਪੱਤਰ ਸ਼ੁਰੂ ਹੋਇਆ ਸੀ। ਉਦੋਂ ਸਰਕਾਰ ਨੇ ਵੀ ਇਸ ਦੀ ਬੜੀ ਮਦਦ ਕੀਤੀ ਸੀ ਤੇ ਲੋਕ ਵੀ ਇਸ ਨੂੰ ਬੜਾ ਪੜ੍ਹਦੇ ਸਨ। ਪਰ ਹੁਣ ਇਹ ਅਫ਼ਸਰਾਂ ਦੇ ਵਿਰੁੱਧ ਤੇ ਹੱਕ ਵਿੱਚ ਖ਼ਬਰਾਂ ਛਾਪਦਾ ਹੈ। ਇੱਕ ਹਫ਼ਤੇ ਕਿਸੇ ਅਫ਼ਸਰ ਦੇ ਵਿਰੁੱਧ ਖ਼ਬਰ ਛਪਦੀ ਹੈ ਤਾਂ ਤੀਜੇ ਹਫ਼ਤੇ ਓਸੇ ਅਫ਼ਸਰ ਦੇ ਗੁਣ ਗਾਏ ਹੁੰਦੇ ਹਨ।‘ਦਰਦੀ' ਦੀਆਂ ਭੇਜੀਆਂ ਖ਼ਬਰਾਂ ਤਾਂ ਇਹ ਪੱਤਰ ਭੱਜ ਕੇ ਛਾਪਦਾ ਹੈ।

ਇੱਕ ਦੋ ਖ਼ਾਸ ਅਰਜ਼ੀ ਨਵੀਸ ਹਨ, ਜਿਹੜੇ ‘ਦਰਦੀ’ ਨੂੰ ਖੜੇ ਹੋ ਕੇ ਸਲਾਮ ਬੁਲਾਉਂਦੇ ਹਨ। ਪਿੰਡਾਂ ਤੋਂ ਆਏ ਲੋਕ 'ਦਰਦੀ' ਤੋਂ ਸਲਾਹ ਲੈਂਦੇ ਹਨ ਕਿ ਅਰਜ਼ੀ ਕਿਵੇਂ ਲਿਖਵਾਈ ਜਾਵੇ ਤਾਂ ਕਿ ਅਰਜ਼ੀ ਨੂੰ ਫੜਨ ਸਾਰ ਅਫ਼ਸਰ ਹੁਕਮ ਲਿਖ ਦੇਵੇ।‘ਦਰਦੀ' ਵਧੀਆ ਅਰਜ਼ੀ ਲਿਖਵਾ ਦਿੰਦਾ ਹੈ-ਪੰਜ ਰੁਪਈਆਂ ਵਾਲੀ, ਜਿਨ੍ਹਾਂ ਵਿਚੋਂ ਦੋ ਰੁਪਈਏ ਅਰਜ਼ੀ ਨਵੀਸ ਕੋਲ 'ਦਰਦੀ' ਦੇ ਖਾਤੇ ਵਿੱਚ ਜਮ੍ਹਾ ਹੋ ਜਾਂਦੇ ਹਨ।

ਵਕੀਲਾਂ ਦੇ ਤਿੰਨ ਚਾਰ ਮੁਣਸੀ ਵੀ ‘ਦਰਦੀ' ਨੂੰ ਝੁਕ ਕੇ ਸਲਾਮ ਕਰਦੇ ਹਨ, ਕਿਉਂਕਿ ਕਈ ਵਾਰੀ ਮੁਦਈ ਤੋਂ ਲਈ ਅੱਧੀ ਰਕਮ ਉਹ ਤੇ ਮੁਣਸ਼ੀ ਹੜੱਪ ਲੈਂਦੇ ਹਨ।

‘ਦਰਦੀ’ ਕਦੇ ਕਿਸੇ ਆਦਮੀ ਤੋਂ ਸਿੱਧੇ ਪੈਸੇ ਨਹੀਂ ਲੈਂਦਾ, ਹਰ ਸਿਫ਼ਾਰਸ਼ੀ ਉਸ ਵਿੱਚ ਵਿਸ਼ਵਾਸ ਰੱਖਦਾ ਹੈ।

ਵੱਡੇ ਅਫ਼ਸਰਾਂ ਨੂੰ ‘ਦਰਦੀ’ ਸਿਰਫ਼ ਸਲਾਮ ਹੀ ਬੁਲਾਉਂਦਾ ਹੈ, ਸਿਫ਼ਾਰਸ਼ ਨਹੀਂ ਕਰਦਾ। ਬਹੁਤੇ ਪੜ੍ਹੇ ਲਿਖੇ ਬੰਦਿਆਂ ਦੀ ਸਿਫ਼ਾਰਸ਼ ਵੀ ਉਹ ਕਦੇ ਨਹੀਂ ਕਰਦਾ। ਉਹ ਤਾਂ ਕੇਵਲ ਸਧਾਰਨ ਲੋਕਾਂ ਦੀ ਸੇਵਾ ਕਰਦਾ ਹੈ, ਜਿਨ੍ਹਾਂ ਨੂੰ ਕੋਈ ਪਤਾ ਨਾ ਹੋਵੇ ਕਿ ਕਿਹੜੇ ਅਫ਼ਸਰ ਦਾ ਦਫ਼ਤਰ ਕਿੱਥੇ ਹੈ? ਉਨਾਂ ਦਾ ਕੰਮ ਕਿਹੜੇ ਅਫ਼ਸਰ ਕੋਲ ਹੈ? ਅਰਜ਼ੀ ਵਿੱਚ ਕੀ ਕੀ ਲਿਖਣਾ ਹੈ?

ਜਿਸ ਬੰਦੇ ਦਾ ਕੰਮ ਬਣ ਜਾਵੇ ਉਸ ਨੂੰ ਫੇਰ ‘ਦਰਦੀ' ਬਜ਼ਾਰ ਵਿੱਚ ਜ਼ਰੂਰ ਲੈ ਕੇ ਜਾਂਦਾ ਹੈ। 'ਬਰੁੱਕ ਬਾਂਡ’ ਦਾ ਡੱਬਾ ਖਰੀਦਦਾ ਹੈ।‘ਲਕਸ’ ਦੀ ਟਿੱਕੀ ਖਰੀਦਦਾ ਹੈ।'

118

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ