ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/120

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਦੁਖਦੀਆਂ ਰਗਾਂ

ਇਸ ਪਿੰਡ ਵਿੱਚ ਹਾਈ ਸਕੂਲ ਹੈ। ਸਾਂਝੀ ਵਿੱਦਿਆ ਹੈ। ਇਹ ਪਿੰਡ ਇੱਕ ਛੋਟੇ ਸ਼ਹਿਰ ਵਰਗਾ ਪਿੰਡ ਹੈ। ਲੋੜੀਂਦੀ ਹਰ ਚੀਜ਼ ਏਥੋਂ ਮਿਲ ਜਾਂਦੀ ਹੈ।

ਮਾਸਟਰ ਗਿਆਨ ਸਿੰਘ ਇਸ ਸਕੂਲ ਵਿੱਚ ਅਧਿਆਪਕ ਹੈ। ਉਹ ਅਰਥ ਵਿਗਿਆਨ ਦੀ ਸੈਕੰਡ ਕਲਾਸ ਐੱਮ.ਏ.ਹੈ। ਜਦੋਂ ਉਸ ਨੇ ਨੌਕਰੀ ਲਈ ਸੀ, ਉਦੋਂ ਉਹ ਬੀ.ਏ., ਬੀ.ਐੱਡ. ਸੀ। ਐੱਮ. ਏ. ਉਸ ਨੇ ਆਪ ਹੀ ਪ੍ਰਾਈਵੇਟ ਕੀਤੀ ਹੈ। ਉਮਰ ਉਸ ਦੀ ਹੁਣ ਤੀਹ ਸਾਲ ਹੈ।

ਕਾਲਜ ਦਾ ਲੈਕਚਰਾਰ ਲੱਗਣ ਲਈ ਉਸ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਲੱਗ ਨਹੀਂ ਸਕਿਆ। ਹੋਰ ਵੀ ਕਿਤੇ ਚੰਗੀ ਨੌਕਰੀ ਨਹੀਂ ਮਿਲੀ। ਹਾਨੀਸਾਰ ਉਸ ਨੇ ਅਧਿਆਪਕ ਦੀ ਨੌਕਰੀ ਨੂੰ ਹੀ ਚੰਗਾ ਸਮਝ ਲਿਆ ਹੈ।

ਉਸ ਦੀ ਤਨਖ਼ਾਹ ਬੱਸ ਐਨੀ ਕੁ ਹੈ ਕਿ ਮਹੀਨੇ ਦਾ ਗੁਜ਼ਾਰਾ ਚੰਗਾ ਵਾਹਵਾ ਹੋ ਜਾਂਦਾ ਹੈ।ਤੀਵੀਂ ਉਸ ਦੀ ਅਨਪੜ੍ਹ ਹੈ। ਘਰ ਦਾ ਕੰਮ ਕਾਰ ਸਾਰਾ ਵਧੀਆ ਕਰ ਲੈਂਦੀ ਹੈ ਤੇ ਉਹ ਸੰਤੁਸ਼ਟ ਹੈ। ਉਸ ਦੇ ਦੋ ਜਵਾਕ ਹਨ।

ਲੋੜੀਂਦੀ ਹਰ ਚੀਜ਼ ਦਾ ਭਾਅ ਵਧ ਗਿਆ ਹੈ ਤੇ ਉਹ ਹੁਣ ਆਪਣੀ ਤਨਖ਼ਾਹ ’ਤੇ ਸੰਤੁਸ਼ਟ ਨਹੀਂ। ਟਿਊਸ਼ਨ ਕਰਨ ਨੂੰ ਕਦੇ ਉਹ ਲਾਹਨਤ ਸਮਝਦਾ ਹੁੰਦਾ ਸੀ, ਪਰ ਹੁਣ ਉਸ ਨੂੰ ਟਿਊਸ਼ਨ ਕਰਨੀ ਪੈਂਦੀ ਹੈ। ਸਵੇਰੇ ਉਹ ਕੁੜੀਆਂ ਨੂੰ ਪੜ੍ਹਾਉਂਦਾ ਹੈ। ਸ਼ਾਮੀ ਉਹ ਮੁੰਡਿਆਂ ਨੂੰ ਪੜ੍ਹਾਉਂਦਾ ਹੈ। ਹੈੱਡਮਾਸਟਰ ਮੂਹਰੇ ਉਸ ਨੂੰ ਅੱਖਾਂ ਨੀਵੀਆਂ ਰੱਖਣੀਆਂ ਪੈਂਦੀਆਂ ਹਨ, ਕਿਉਂਕਿ ਉਹ ਟਿਊਸ਼ਨ ਕਰਦਾ ਹੈ। ਦੂਜੇ ਅਧਿਆਪਕਾਂ ਨਾਲ ਉਹ ਮੱਲੋ ਮੱਲੀ ਦੀ ਸਾਂਝ ਬਣਾ ਕੇ ਰੱਖਦਾ ਹੈ, ਕਿਉਂਕਿ ਉਹ ਟਿਊਸ਼ਨ ਕਰਦਾ ਹੈ। ਟਿਊਸ਼ਨ ਵਾਲੇ ਮੁੰਡੇ ਕੁੜੀਆਂ ਨੂੰ ਉੱਤੋਂ ਉੱਤੋਂ ਦੇ ਆਦਰ ਪਿਆਰ ਨਾਲ ਬੁਲਾਉਂਦਾ ਹੈ, ਕਿਉਂਕਿ ਉਨ੍ਹਾਂ ਤੋਂ ਪੈਸੇ ਲੈਣੇ ਹਨ।ਟਿਊਸ਼ਨ ਕਰਦਾ ਉਹ ਪਿੰਡ ਦੇ ਲੋਕਾਂ ਤੋਂ ਡਰਦਾ ਹੈ।ਟਿਊਸ਼ਨ ਕਰਨ ਲਈ ਉਹ ਸਵੇਰੇ ਸਵੇਰੇ ਉੱਠਦਾ ਹੈ।ਟਿਊਸ਼ਨ ਕਰਦਾ ਉਹ ਹੈੱਡਮਾਸਟਰ ਤੋਂ ਡਰਦਾ ਹੈ। ਟਿਊਸ਼ਨ ਕਰਦਾ ਉਹ ਮਹਿਕਮੇ ਤੋਂ ਡਰਦਾ ਹੈ। ਟਿਊਸ਼ਨ ਕਰਨ ਲਈ ਉਹ ਸ਼ਾਮ ਨੂੰ ਸਕੂਲੋਂ ਛੇਤੀ ਛੇਤੀ ਘਰ ਆਉਂਦਾ ਹੈ। ਮੱਥਾ ਮਾਰਦੇ ਦਾ ਉਹਦਾ ਸਿਰ ਦੁਖਦਾ ਹੈ ਤਾਂ ਉਹ ਤੱਤੀ ਤੱਤੀ ਚਾਹ ਨਾਲ ਐਸਪਰੀਨ ਖਾ ਲੈਂਦਾ ਹੈ। ਸਕੂਲ ਵਿੱਚ ਮੱਥਾ ਤੇ ਘਰ ਆ ਕੇ ਫੇਰ ਮੱਥਾ।ਟਿਊਸ਼ਨ ਕਰਕੇ ਮਹਿੰਗੇ ਯੁੱਗ ਵਿੱਚ ਉਸ ਨੂੰ ਰੋਟੀ ਕੱਪੜਾ ਵਾਹਵਾ ਮਿਲ ਜਾਂਦਾ ਹੈ, ਪਰ ਉਸ ਦੇ ਦਿਲ ਵਿੱਚ ਟਿਊਸ਼ਨ ਕਰਨ ਦਾ ਗੁਨਾਹ ਹਰ ਵੇਲੇ ਇੱਕ ਧੁੜਕੂ ਬਣਿਆ ਰਹਿੰਦਾ ਹੈ।

120

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ