ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/121

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹੈੱਡਮਾਸਟਰ ਤਾਂ ਉਸ ਦਾ ਅਫ਼ਸਰ ਹੈ ਹੀ, ਪਿੰਡ ਦਾ ਸਰਪੰਚ ਵੀ ਉਸ ਤੋਂ ਸਤਿ ਸ੍ਰੀ ਅਕਾਲ ਭਾਲਦਾ ਹੈ। ਸਰਪੰਚ ਬਿਲਕੁੱਲ ਅਨਪੜ੍ਹ, ਜੁਆਨੀ ਦੀ ਉਮਰ ਵਿੱਚ ਕਈ ਵਾਰੀ ਚੋਰੀ ਦੇ ਮੁਕੱਦਮਿਆਂ ਵਿੱਚ ਕੈਦਾਂ ਕੱਟੀਆਂ ਤੇ ਚਾਰ ਪੰਜ ਸਾਲ ਹੋਏ ਉਸ ਦੀ ਕੁੜੀ ਉਸ ਦੇ ਸੀਰੀ ਨਾਲ ਹੀ ਨਿਕਲ ਗਈ ਸੀ, ਨਾ ਕੋਈ ਇੱਜ਼ਤ, ਨਾ ਮਾਣ ਤੇ ਹੁਣ ਜਦ ਉਹ ਸਰਪੰਚ ਚੁਣਿਆ ਗਿਆ, ਉਸ ਦੀ ਇੱਜ਼ਤ ਵੀ ਹੈ ਤੇ ਮਾਣ ਵੀ ਹੈ ਅਤੇ ਹੁਣ ਉਸ ਨੂੰ ਇੱਕ ਸੈਕੰਡ ਕਲਾਸ ਐੱਮ. ਏ. ਸਤਿ ਸ੍ਰੀ ਅਕਾਲ ਬੁਲਾਉਂਦਾ ਹੈ।

ਉਸ ਨੇ ਵਹੁਟੀ ਦਾ ਚਾਅ ਵੀ ਪੂਰਾ ਕਰਨਾ ਹੈ। ਉਸ ਨੇ ਜਵਾਕਾਂ ਦੀ ਰਿਹਾੜ ਵੀ ਪੂਰੀ ਕਰਨੀ ਹੈ। ਆਪ ਵੀ ਕੁਝ ਬਣ-ਠਣ ਕੇ ਰਹਿਣਾ ਹੈ-ਚੰਗੇ ਕੱਪੜੇ ਨਾ ਪਾਏ ਹੋਣ ਤਾਂ ਬੱਸ ਵਿੱਚ ਖ਼ਾਲੀ ਸੀਟ 'ਤੇ ਵੀ ਦੂਜਾ ਮਾਸਟਰ ਬੈਠਣ ਨਹੀਂ ਦਿੰਦਾ। ਰੱਜ ਕੇ ਰੋਟੀ ਵੀ ਖਾਣੀ ਹੈ। ਤੇ ਇਹ ਸਭ ਕੁਝ ਕੋਈ ਠੱਗੀ ਮਾਰ ਕੇ ਨਹੀਂ ਕਰਨਾ। ਕਿਸੇ ਤੋਂ ਰਿਸ਼ਵਤ ਨਹੀਂ ਲੈਣੀ-ਰਿਸ਼ਵਤ ਲੈਣ ਦਾ ਵਸੀਲਾ ਵੀ ਕੋਈ ਨਹੀਂ। ਇਨ੍ਹਾਂ ਸਾਰੇ ਝੰਜਟਾ ਵਿੱਚ ਉਸ ਦੀ ਤਨਖ਼ਾਹ ਵੀ ਲੱਗ ਜਾਂਦੀ ਹੈ ਤੇ ਟਿਊਸ਼ਨ ਦੀ ਕਮਾਈ ਵੀ।

ਉਸ ਦਾ ਇੱਕ ਹਮ ਜਮਾਤੀ ਲੁਧਿਆਣੇ ਗੌਰਮਿੰਟ ਕਾਲਜ ਵਿੱਚ ਪੰਜਾਬੀ ਦਾ ਲੈਕਚਰਾਰ ਹੈ। ਪਿੱਛੇ ਜਿਹੇ ਉਹ ਆਪਣੀ ਪਤਨੀ ਤੇ ਬੱਚੇ ਸਮੇਤ ਉਸ ਕੋਲ ਆ ਗਿਆ। ਦੋ ਦਿਨ ਉਹ ਉਸ ਦੇ ਕੋਲ ਠਹਿਰਿਆ। ਉਸ ਨੂੰ ਲੱਗਿਆ, ਜਿਵੇਂ ਉਸ ਦਾ ਦੋਸਤ ਕਿਸੇ ਸੂਬੇ ਦਾ ਗਵਰਨਰ ਹੋਵੇ।

ਸਾਰਾ ਮਹੀਨਾ ਉਹ ਉਧਾਰ ਲੈ-ਲੈ ਖਾਂਦਾ ਹੈ। ਇੱਕ ਤਰੀਕ ਨੂੰ ਤਨਖ਼ਾਹ ਜਦੋਂ ਮਿਲਦੀ ਹੈ ਤਾਂ ਉਹ ਸਭ ਹੱਟੀਆਂ ਦੇ ਬਿਲ ਉਤਾਰਦਾ ਹੈ। ਕਦੇ ਕਦੇ ਜੇ ਤਨਖ਼ਾਹ ਇੱਕ ਤਰੀਕ ਨੂੰ ਨਾ ਆਵੇ ਤਾਂ ਉਸ ਨੂੰ ਬਜ਼ਾਰ ਵਿੱਚ ਦੀ ਲੰਘਦੇ ਨੂੰ ਹੱਟੀਆਂ ਵਾਲੇ ‘ਮਹਾਰਾਜ' ਬੁਲਾਉਂਦੇ ਹਨ। ਜਦ ਬਾਣੀਆ ‘ਮਹਾਰਾਜ’ ਬੁਲਾਵੇ, ਸਮਝੋ ਤੁਹਾਡੇ ਕੋਲੋਂ ਕੁਝ ਉਹ ਨੇ ਲੈਣਾ ਹੈ। ਕਿਸੇ ਮਹੀਨੇ ਜੇ ਕਿਸੇ ਹੱਟੀ ਵਾਲੇ ਦਾ ਬਿਲ ਉਤਾਰਨਾ ਰਹਿ ਜਾਵੇ ਤਾਂ ਉਸ ਦੀ ਹੱਟੀ ਮੁਹਰੇ ਦੀ ਲੰਘਣਾ ਉਸ ਨੂੰ ਦੁੱਭਰ ਹੋ ਜਾਂਦਾ ਹੈ।

ਉਹ ਜਵਾਨ ਹੈ। ਉਸ ਦੇ ਵੀ ਜਜ਼ਬੇ ਹਨ। ਉਸ ਦੇ ਅੰਦਰ ਵੀ ਕੋਈ ਅੱਗ ਹੈ। ਹੁਸਨ ਦੀ ਤਾਰੀਫ਼ ਕਰਨ ਲਈ ਉਸ ਕੋਲ ਵੀ ਦੋ ਅੱਖਾਂ ਹਨ, ਪਰ ਉਸ ਦਾ ਕੰਮ ਪੁਰਾਣੇ ਰਿਸ਼ੀਆਂ ਮੁਨੀਆਂ ਵਾਲਾ ਹੈ। ਸਕੂਲ ਵਿੱਚ ਸਾਂਝੀ ਵਿੱਦਿਆ ਹੈ।ਦਸਵੀਂ ਜਮਾਤ ਵਿੱਚ ਬੋਤਿਆਂ ਜਿੱਡੀਆਂ ਜਿੱਡੀਆਂ ਕੁੜੀਆਂ ਪੜ੍ਹਦੀਆਂ ਹਨ। ਉਨ੍ਹਾਂ ਵੱਲ ਉਹ ਕਦੇ ਅੱਖ ਭਰ ਕੇ ਨਹੀਂ ਝਾਕਿਆ। ਉਨ੍ਹਾਂ ਤੋਂ ਦਸ ਬਾਰ੍ਹਾਂ ਸਾਲ ਕੇਵਲ ਵੱਡਾ ਹੋ ਕੇ ਉਨ੍ਹਾਂ ਨੂੰ ਉਹ ‘ਬੇਟਾ’ ‘ਬੇਟਾ’ ਕਰਦਾ ਰਹਿੰਦਾ ਹੈ। ਡਰਦਾ ਹੈ, ਤ੍ਰਹਿੰਦਾ ਹੈ ਕਿ ਕਦੇ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਤਾਂ ਪੱਟਿਆ ਜਾਵਾਂਗਾ ਤੇ ਉਹ ਤੀਹ ਸਾਲ ਦਾ ਹੋ ਕੇ ਵੀ ਪੰਜਾਹ ਸਾਲ ਦਾ ਬਣ ਕੇ ਰਹਿੰਦਾ ਹੈ, ਮਾਨਸਿਕ ਤੌਰ 'ਤੇ ਵੀ ਉਹ ਸਰੀਰਕ ਉਮਰ ਨਾਲੋਂ ਵੱਡਾ ਬਣਦਾ ਜਾ ਰਿਹਾ ਹੈ। ਭਾਵੇਂ ਉਸ ਦੀ ਨੀਅਤ ਮਾੜੀ ਨਹੀਂ, ਪਰ ਲੋਕਾਂ ਸਾਹਮਣੇ ਉਸ ਨੂੰ ਬਜ਼ੁਰਗਾਂ ਵਾਲਾ ਖੋਲ ਚਾੜ੍ਹਨਾ ਹੀ ਪੈਂਦਾ ਹੈ।

ਪਿੰਡ ਦੇ ਲੋਕਾਂ ਵਿੱਚ ਉਸ ਦੀ ਕੋਈ ਵਿਸ਼ੇਸ਼ ਥਾਂ ਨਹੀਂ। ਜੇ ਉਹ ਬਹੁਤਾ ਪੜ੍ਹਿਆ ਹੈ ਤਾਂ ਪੜ੍ਹਿਆ ਹੋਵੇਗਾ, ਆਪਣੇ ਘਰ ਨੂੰ। ਜੇ ਉਹ ਲੋਕਾਂ ਦੇ ਬੱਚਿਆਂ ਨੂੰ ਜਾਨ ਮਾਰ ਕੇ

ਦੁਖਦੀਆਂ ਰਗਾਂ

121