ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/134

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਰੂ ਜਦ ਖ਼ੁਸ਼ ਹੁੰਦਾ ਤਾਂ ਆਪਣੇ ਹੀ ਅੰਦਾਜ਼ ਵਿੱਚ ਉੱਚੀ ਬੋਲਦਾ- 'ਔਹੋ।' ਉਸ ਦੀ 'ਔਹੋ’ ਨੂੰ ਸਭ ਜਾਣਦੇ ਸਨ। ਤਾਂਗੇ ਵਾਲੇ, ਮਾਸਟਰ ਤੇ ਦੁਕਾਨਦਾਰ ਸਭ ਉਸ ਦੇ ਮੂੰਹੋਂ 'ਔਹੋ’ ਕਹਾ ਕੇ ਖਿੜ ਜਾਂਦੇ। ਇਸ ਤਰ੍ਹਾਂ ਦਾ ਬੋਲ ਇਸ ਤਰ੍ਹਾਂ ਦੇ ਢੰਗ ਵਿੱਚ ਉਹੀ ਕਹਿ ਸਕਦਾ ਸੀ। ਉਸ ਦੀ ਭੱਠੀ ’ਤੇ ਚਾਹ ਜਦ ਪੂਰੀ ਉੱਬਲ ਜਾਂਦੀ ਜਾਂ ਕੋਈ ਸੋਹਣੀ ਤੀਵੀਂ ਤਾਂਗੇ ਵਿੱਚ ਆ ਕੇ ਬਹਿੰਦੀ ਤਾਂ ਉਹ ‘ਔਹੋ' ਜ਼ਰਾ ਨਸ਼ੇ ਵਿੱਚ ਆ ਕੇ ਕਹਿੰਦਾ।

ਇੱਕ ਵਾਰੀ ਸਾਡੇ ਹੱਡ ਮਾਸਟਰ ਦੀ ਢੂਹੀ ਦੁਖਣ ਲੱਗ ਪਈ। ਅਸੀਂ ਬਾਰੂ ਨੂੰ ਪੁੱਛਿਆ ਕਿ ਕੀ ਕੀਤਾ ਜਾਵੇ ਬਾਰੂ ਕਹਿੰਦਾ- 'ਕੱਛੂ ਦਾ ਮੀਟ ਖਾਓ ਬਾਊ ਜੀ, ਮੁੜਕੇ ਢੂਹੀ ਦੁਖ ’ਗੀ ਤਾਂ ਮੈਨੂੰ ਫੜ ਲਓ!' ਫੇਰ ਉਸ ਨੇ ਇੱਕ ਵਕੀਲ ਦੀ ਗੱਲ ਸੁਣਾਈ, ਜਿਹੜਾ ਡਰਦਾ ਰਾਤ ਨੂੰ ਆਪਣੀ ਤੀਵੀਂ ਕੋਲ ਨਹੀਂ ਸੀ ਜਾਂਦਾ ਹੁੰਦਾ, ਬਾਰੂ ਉਦੋਂ ਇੱਕ ਸਾਧ ਕੋਲ ਰਹਿੰਦਾ ਹੁੰਦਾ ਸੀ। ਸਾਧ ਕੋਲ ਉਹ ਵਕੀਲ ਆਇਆ। ਸਾਧ ਨੇ ਉਸ ਨੂੰ ਸੇਰ ਸੇਰ ਸਾਰੇ ਫ਼ਲ-ਜਿੰਨੇ ਵੀ ਉਸ ਮੌਸਮ ਦੇ ਸਨ-ਲਿਆਉਣ ਲਈ ਕਿਹਾ। ਉਨ੍ਹਾਂ ਨੂੰ ਕਈ ਦਿਨ ਗੁੜ ਦੇ ਪਾਣੀ ਵਿੱਚ ਭਿਓਂ ਕੇ ਤੇ ਸਾੜ ਕੇ ਉਨ੍ਹਾਂ ਦੀ ਸ਼ਰਾਬ ਬਣਾ ਕੇ ਦਿੱਤੀ।ਉਸ ਵਕੀਲ ਨੂੰ ਸਾਧ ਨੇ ਸੱਤ ਦਿਨ ਆਪਣੇ ਕੋਲ ਹੀ ਰੱਖਿਆ। ਨਿੱਤ ਉਸ ਨੂੰ ਉਹ ਫ਼ਲਾਂ ਦੀ ਬਣੀ ਸ਼ਰਾਬ ਪਿਆਇਆ ਕਰੇ, ਨਿੱਤ ਕੱਛੂ ਦਾ ਮਾਸ ਖਵਾਇਆ ਕਰੇ। ਅੱਠਵੇਂ ਦਿਨ ਵਕੀਲ ਪਤਾ ਨਹੀਂ ਕਦੋਂ ਘਰ ਨੂੰ ਭੱਜ ਗਿਆ।

ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਗੱਲਾਂ ਬਾਰੂ ਸਾਨੂੰ ਸੁਣਾਉਂਦਾ ਰਹਿੰਦਾ। ਹੋਰਾਂ ਨੂੰ ਉਹ ਪੱਚੀ ਪੈਸੇ ਦਾ ਕੱਪ ਬਣਾਉਂਦਾ, ਪਰ ਸਾਥੋਂ ਤੀਹ ਪੈਸੇ ਲੈਂਦਾ ਸੀ। ਉਸ ਦੇ ਤੀਹ ਪੈਸਿਆਂ ਵਾਲੇ ਕੱਪ ਦਾ ਨਾ ਅਸੀਂ 'ਬਾਦਸ਼ਾਹੀ ਕੱਪ' ਧਰਿਆ ਹੋਇਆ ਸੀ। ਪੈਸਿਆਂ ਦਾ ਹਿਸਾਬ ਕਿਤਾਬ ਉਹ ਪੂਰਾ ਰੱਖਦਾ। ਉਧਾਰ ਚਾਹ ਪਿਆ ਕੇ ਉਹ ਬੜਾ ਦੁਖੀ ਹੁੰਦਾ। ਸਾਡੇ ਵਿਚੋਂ ਜੇ ਕਦੇ ਕਿਸੇ ਦੇ ਦੋ ਤਿੰਨ ਰੁਪਈਏ ਉਧਾਰ ਹੋ ਜ਼ਾਦੇ ਤਾਂ ਉਹ ਬੜਾ ਖਿਝਦਾ। ਸਾਡੇ ਚਪੜਾਸੀ ਨੂੰ ਕਹਿੰਦਾ- ‘ਉਹ ਥੋਡੇ ਮਾਸਟਰ ਕੰਨੀਂ ਸੱਤ ਰੁਪਈਏ ਹੋਗੇ, ਦੇਣ ਦਾ ਨਾਊਂ ਈ ਨੀ ਲੈਂਦੇ।'ਇੱਕ ਦਿਨ ਮੈਂ ਸਕੂਲ ਵਿੱਚ ਉਸ ਤੋਂ ਇੱਕ ਮੁੰਡੇ ਦੇ ਹੱਥ ਚਾਹ ਦਾ ਕੱਪ ਮੰਗਵਾਇਆ। ਮੁੰਡਾ ਖਾਲੀ ਆ ਗਿਆ। ਆ ਕੇ ਕਹਿੰਦਾ- 'ਬਾਰੂ ਕਹਿੰਦੈ ਜੀ, ਪੈਸੇ ਲਿਆ ਪਹਿਲਾਂ। ਖਬਰੈ ਕਿਹੜਾ ਮਾਸਟਰ ਚਾਹ ਮੰਗੌਂਦੈ, ਚੌਂਤੀ ਸੌ ਲਗੌੜ ਫਿਰਦੀ ਐ ਏਥੇ।’ ਸਾਨੂੰ ਉਸ ਦੀਆਂ ਇਨ੍ਹਾਂ ਗੱਲਾਂ 'ਤੇ ਭੋਰਾ ਗੁੱਸਾ ਨਾ ਆਉਂਦਾ। ਉਹ ਪੈਸੇ ਜੇ ਠੋਕ ਵਜਾ ਕੇ ਲੈਂਦਾ ਸੀ ਤਾਂ ਚਾਹ ਵੀ ਖੱਬੀਮਾਨ ਪਿਆਉਂਦਾ ਸੀ।

ਇੱਕ ਦਿਨ ਮੈਂ ਇਕੱਲਾ ਹੀ ਉਸ ਦੀ ਕੋਠੜੀ ਵਿੱਚ ਚਾਹ ਪੀਣ ਗਿਆ। ਮੈਨੂੰ ਉਹ ਪੁੱਛਣ ਲੱਗਿਆ- 'ਕਿਉਂ ਬਾਊ ਜੀ, ਉਹ ਇੱਕ ਕੁੜੀ ਜੀ ਜਿਹੜੀ ਸਾਈਕਲ ’ਤੇ ਐਧਰ ਸੂਏ ਕੰਨੀਓਂ ਐਂਦੀ ਐ, ਉਹ ਪੜ੍ਹਦੀ ਐ ਕਿ ਪੜ੍ਹੌਂਦੀ ਐ?'

ਮੈਂ ਪੁੱਛਿਆ- 'ਕਿਹੜੀ?'

‘ਉਹ ਗੱਦਰ ਜੀ, ਮਧਰੀ ਜੀ, ਸਿਓ ਵਰਗੀਆਂ ਗੱਲ੍ਹਾਂ ਨੇ, ਮੋਟੀਆਂ ਮੋਟੀਆਂ ਅੱਖਾਂ ਆਲੀ!’ ਬਾਰੂ ਦੀ ਚਾਹ ਉੱਬਲ ਕੇ ਭੱਠੀ ਵਿੱਚ ਪੈ ਗਈ ਸੀ ਤੇ ਉਹ ਹੱਥਾਂ ’ਤੇ ਨਿੱਤ ਨਾਲ ਉਸ ਕੁੜੀ ਦੀ ਬਾਬਤ ਮੈਨੂੰ ਪੁੱਛ ਰਿਹਾ ਸੀ।

134

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ