ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/140

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਹਾਰਾਣੀ ਦਾ ਆਗਮਨ

ਮਹਾਰਾਣੀ ਦੀ ਜਿੱਤ ਪੱਕੀ ਦਿੱਸਦੀ ਸੀ।ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਸ ਦਿਨ ਰਹਿੰਦੇ ਸਨ। ਸਾਰੇ ਇਲਾਕੇ ਵਿੱਚ ਮਹਾਰਾਣੀ ਦਾ ਪ੍ਰਚਾਰ ਪੂਰੇ ਜ਼ੋਰ 'ਤੇ ਸੀ। ਪਿੰਡ ਪਿੰਡ ਉਹ ਦੇ ਸਪੋਰਟਰ ਜਾਂਦੇ ਤੇ ਮਹਾਰਾਣੀ ਦੇ ਕੰਮਾਂ 'ਤੇ ਵਧਾ ਚੜ੍ਹਾ ਕੇ ਚਾਨਣ ਸੁੱਟਦੇ, ਇਲਾਕੇ ਦੇ ਸੁਧਾਰ ਦੀਆਂ ਯੋਜਨਾਵਾਂ ਦੱਸਦੇ ਤੇ ਮਹਾਰਾਣੀ ਦੀ ਬਜ਼ੁਰਗੀ ਦਾ ਵਾਸਤਾ ਪਾਉਂਦੇ।

ਮਹਾਰਾਜਾ ਸਾਹਿਬ ਪੂਰੇ ਹੋਇਆਂ ਨੂੰ ਦਸ ਬਾਰਾਂ ਸਾਲ ਹੋ ਗਏ ਸਨ। ਉਦੋਂ ਤੋਂ ਹੀ ਮਹਾਰਾਣੀ ਨੇ ਕਿਸੇ ਵਿਸ਼ੇਸ਼ ਮੰਤਵ ਅਧੀਨ ਜਨਤਾ ਦੀ ਸੇਵਾ ਕਰਨੀ ਆਰੰਭ ਦਿੱਤੀ ਸੀ। ਜਨਤਾ ਜਿਹੜੀ ਕਦੇ ਮਹਾਰਾਣੀ ਦੀ ਰਿਆਇਆ ਹੁੰਦੀ ਸੀ ਤੇ ਜਨਤਾ ਜਿਹੜੀ ਹੁਣ ਮਹਾਰਾਣੀ ਦੀ ਮਾਈ ਬਾਪ ਸਭ ਕੁਝ ਬਣੀ ਹੋਈ ਸੀ। ਉਸ ਇਲਾਕੇ ਦੇ ਹੜ੍ਹ ਪੀੜਤ ਲੋਕਾਂ ਕੋਲ ਹਰ ਥਾਂ ਜਾ ਕੇ ਕਈ ਸਾਲ ਹੋਏ, ਉਸ ਨੇ ਪੂਰਾ ਧਰਵਾਸ ਦਿੱਤਾ ਸੀ। ਉਨ੍ਹਾਂ ਦੇ ਠੁਰ ਠੁਰ ਕਰਦੇ ਟੱਬਰਾਂ ਵਿੱਚ ਕੰਬਲ ਤੇ ਡਬਲ ਰੋਟੀਆਂ ਵੰਡੀਆਂ ਸਨ। ਲੋਕਾਂ ਨੂੰ ਅਜੀਬ ਖੁਸ਼ੀ ਸੀ ਕਿ ਮਹਾਰਾਣੀ ਜਿਸ ਨੇ ਕਦੇ ਪਾਲਕੀ ਤੋਂ ਭੁੰਜੇ ਪੈਰ ਨਹੀਂ ਸੀ ਰੱਖਿਆ, 'ਅੱਜ ਕਿਵੇਂ ਦਰ ਦਰ ਲੋਕਾਂ ਦੀ ਪੈਰ ਧੜ ਨੂੰ ਨਮਸਕਾਰ ਕਰਦੀ ਫਿਰਦੀ ਹੈ।

ਦੇਸ਼ ਵਿੱਚ ਕੌਮੀ ਬੱਚਤਾਂ ਦਾ ਸਿਲਸਿਲਾ ਜਦ ਸ਼ੁਰੂ ਹੋਇਆ, ਪਿੰਡ ਪਿੰਡ, ਸ਼ਹਿਰ ਸ਼ਹਿਰ ਸਰਕਾਰ ਵੱਲੋਂ ਜਲਸੇ ਕੀਤੇ ਜਾਂਦੇ। ਲੋਕਾਂ ਵਿੱਚ ਕੌਮੀ ਬੱਚਤ ਦੀ ਮਹੱਤਤਾ ਦੱਸੀ ਜਾਂਦੀ। ਮਹਾਰਾਣੀ ਨੂੰ ਪਤਾ ਨਹੀਂ ਕਿੱਥੋਂ ਸੂੰਹ ਆ ਜਾਂਦੀ, ਉਹ ਇਲਾਕੇ ਵਿੱਚ ਹਰ ਵੱਡੇ ਇਕੱਠ 'ਤੇ ਆਪਣੀ ਕਾਰ ਲਿਆ ਖੜ੍ਹੀ ਕਰਦੀ, ਲੋਕਾਂ ਨੂੰ ਦਰਸ਼ਨ ਦਿੰਦੀ, ਕਹਿੰਦੀ ਕੁਝ ਨਾ ਲੱਸੀ ਪਾਣੀ ਪੀ ਕੇ ਚਲੀ ਜਾਂਦੀ।

ਫੇਰ ਚੀਨ ਦੀ ਲੜਾਈ ਲੱਗੀ ਤੇ ਉਸ ਤੋਂ ਕੁਝ ਸਾਲ ਪਿੱਛੋਂ ਪਾਕਿਸਤਾਨ ਨਾਲ ਮੁੱਠ ਭੇੜ ਹੋਈ। ਰੱਖਿਆ ਫੰਡ ਦੇਸ਼ ਵਿੱਚ ਇਕੱਠਾ ਹੋਣਾ ਸੀ। ਲੋਕਾਂ ਦੇ ਆਪਣੇ ਦੇਸ਼ ’ਤੇ ਅਪੱਤੀ ਸੀ। ਉਨ੍ਹਾਂ ਦਾ ਫ਼ਰਜ਼ ਸੀ। ਉਨ੍ਹਾਂ ਨੇ ਕੌਮੀ ਰੱਖਿਆ ਫੰਡ ਆਪਣੀ ਪਹੁੰਚ ਅਨੁਸਾਰ ਇਕੱਠਾ ਕਰਕੇ ਸਰਕਾਰ ਨੂੰ ਦਿੱਤਾ। ਪ੍ਰੋਗਰਾਮ ਨੋਟ ਕਰਕੇ ਆਪਣੇ ਆਪ ਹੀ ਜਿੱਥੇ ਡੀ. ਸੀ. ਜਾਂਦਾ, ਉੱਥੇ ਆ ਜਾਂਦੀ। ਨਾ ਕੁਝ ਬੋਲਦੀ ਤੇ ਨਾ ਕੁਝ ਹੋਰ ਕਰਦੀ। ‘ਬਜ਼ੁਰਗ ਲੋਕ ਉਸ ਨੂੰ ਮੱਥਾ ਟੇਕਦੇ ਤੇ ਮਹਾਰਾਣੀ ਡੀ. ਸੀ. ਦੇ ਕੋਲ ਕੁਰਸੀ 'ਤੇ ਬੈਠੀ ਲੋਕਾਂ ਨੂੰ ਦਰਸ਼ਨ ਦਿੰਦੀ ਰਹਿੰਦੀ ਤੇ ਆਪਣੇ ਮੂੰਹ ਨੂੰ ਖਜੂਰ ਦੇ ਰੰਗੀਨ ਪੱਤਿਆਂ ਦੀ ਬਣੀ ਪੱਖੀ ਨਾਲ ਝੱਲ ਮਾਰਦੀ ਰਹਿੰਦੀ। ਕਿਸੇ ਕਿਸੇ ਇਕੱਠ ਵਿੱਚ ਡੀ. ਸੀ. ਕਹਿ

140
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ