ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/142

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਾਰਾਣੀ ਸੋਚਦੀ ਸੀ- 'ਬਾਬੇ ਦੇ ਗਲ ਵਿੱਚ ਚਾਰ ਹਜ਼ਾਰ ਪੈ ਜਾਣਾ ਹੈ। ਬਾਬੇ ਦਾ ਆਕਾਰ ਲੋਕਾਂ ਦੀ ਆਤਮਾ ਹੈ।' ਬਾਬੇ ਦੇ ਗਲ ਵਿੱਚ ਹਾਰ, ਲੋਕਾਂ ਦੀ ਆਤਮਾ ਦੇ ਗਲ ਵਿੱਚ ਹਾਰ ਉਹ ਸਮਝਦੀ ਸੀ ਤੇ ਸਮਝਦੀ ਸੀ, ਉਸ ਦੀ ਜਿੱਤ ਪੱਕੀ ਸੀ।

ਸ਼ਾਮ ਦੇ ਪੰਜ ਵੱਜ ਚੁੱਕੇ ਸਨ ਤੇ ਉਹ ਅਜੇ ਨਹੀਂ ਸੀ ਆਈ।ਉਸ ਦੇ ਆਉਣ ਦਾ ਸਮਾਂ ਚਾਰ ਵਜੇ ਰੱਖਿਆ ਗਿਆ ਸੀ। ਚਾਰ ਵੱਜਣ ਤੋਂ ਪਹਿਲਾਂ ਹੀ ਪਿੰਡ ਦੇ ਸਾਰੇ ਲੋਕ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਪੂਰਾ ਇਕੱਠ ਬੱਝ ਗਿਆ।ਲੋਕ ਉਡੀਕ ਰਹੇ ਸਨ- 'ਮਹਾਰਾਣੀ ਕਦੋਂ ਆਵੇ, ਕਦੋਂ ਆਵੇ।'

ਦਿਨ ਦੇ ਛਿਪਾ ਨਾਲ ਮੱਛੀ ਆਕਾਰ ਸਲੇਟੀ ਸ਼ਿਵਰਲੈੱਟ ਦਾ ਹਾਰਨ ਵੱਜਿਆ। ਮਹਾਰਾਣੀ ਚਿੱਟੀ ਕੁਕੜੀ ਬਣੀ ਕਾਰ ਵਿੱਚੋਂ ਨਿਕਲੀ। ਉਸ ਦੇ ਨਾਲ ਇੱਕ ਉੱਚੇ ਲੰਮੇ ਕੱਦ ਦਾ ਇੱਕ ਬਜ਼ੁਰਗ ਵੀ ਸੀ, ਜਿਸ ਦੀ ਦਾੜ੍ਹੀ ਉਲਟਵੀਂ ਚੜ੍ਹਾਈ ਹੋਈ ਸੀ। ਘੁੱਟਵਾਂ ਚਿੱਟਾ ਚੂੜੀਦਾਰ ਪਜਾਮਾ ਤੇ ਲੰਮੀ ਬਿਸਕੁਟੀ ਅਚਕਨ। ਖੱਟੀ ਫਿਫਟੀ ਨਾਲ ਅੱਧਾ ਮੱਥਾ ਢਕਿਆ ਹੋਇਆ ਤੇ ਨਸਵਾਰੀ ਰੰਗ ਦੀ ਪਟਿਆਲਾ ਸ਼ਾਹੀ ਟੋਕਰਾ ਪੱਗ। ਹੱਥ ਵਿੱਚ ਬੈਂਤ ਦੀ ਨਰਮ ਮਲੂਕ ਖੂੰਡੀ।ਨੀਲੇ ਨੀਲੇ ਸੌ ਸੌ ਦੇ ਨੋਟਾਂ ਦਾ ਹਾਰ ਮੁਰਗੇ ਦੇ ਖੰਭਾਂ ਵਾਂਗ ਉਸ ਬਜ਼ੁਰਗ ਦੇ ਹੱਥਾਂ ਵਿਚੋਂ ਨਿਕਲ ਨਿਕਲ ਪੈਂਦਾ ਸੀ।

ਪਿੰਡ ਦੇ ਤੇ ਇਲਾਕੇ ਦੇ ਪਤਵੰਤਿਆਂ ਨੇ ਮਹਾਰਾਣੀ ਅੱਗੇ ਸਿਰ ਝੁਕਾਇਆ ਤੇ ਮਹਾਰਾਣੀ ਨੇ ਪੂਰੀ ਅਧੀਨਗੀ ਵਿੱਚ ਲੋਕਾਂ ਤੋਂ ਰਾਹ ਮੰਗ ਕੇ ਸਿੱਧਾ ਬਾਬੇ ਦੇ ਬੁੱਤ ਵੱਲ ਰੁੱਖ ਕੀਤਾ। ਮਹਾਰਾਣੀ ਦੇ ਬੁੱਲ੍ਹਾਂ 'ਤੇ ਮੁਸਕਰਾਹਟ ਖੇਡਦੀ ਸੀ। ਮਹਾਰਾਣੀ ਸੋਚਦੀ ਸੀ- 'ਬਾਬਾ ਜੀ ਦੀ ਆਤਮਾ ਅੱਜ ਕਿੰਨੀ ਖੁਸ਼ ਹੋਵੇਗੀ!' ਉਸ ਨੇ ਬਾਬੇ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਉਸ ਸ਼ਾਹੀ ਠਾਠ ਵਾਲੇ ਬਜ਼ੁਰਗ ਦੇ ਹੱਥੋਂ ਹਾਰ ਫੜ ਕੇ ਬਾਬੇ ਦੇ ਗਲ ਵਿੱਚ ਪਾਉਣ ਲਈ ਬਾਬੇ ਦੇ ਪੈਰਾਂ ਵਿੱਚ ਰੱਖੇ ਸਟੂਲ ’ਤੇ ਇੱਕ ਟੰਗ ਧਰੀ ਹੀ ਸੀ ਕਿ ਨਾਲ ਦੀ ਨਾਲ ਇਕੱਠ ਵਿਚੋਂ ਇੱਕ ਬਜ਼ੁਰਗ ਦੀ ਆਵਾਜ਼ ਕੁੜਕੀ- ‘ਦੁਸ਼ਟਣੀ....! ਦੁਸ਼ਟਣੀ.....!

ਉਸ ਬਜ਼ੁਰਗ ਦੇ ਗਲ ਤੇੜ ਘਰ ਦੇ ਬਣੇ ਖੱਦਰ ਦਾ ਕੁਰਤਾ ਪਜਾਮਾ ਪਾਇਆ ਹੋਇਆ ਸੀ। ਪੈਰਾਂ ਵਿੱਚ ਖੱਲ ਧੌੜੀ ਦੀ ਮੋਡੀ ਜੁੱਤੀ। ਸਿਰ ’ਤੇ ਕਾਲੀ ਪੱਗ। ਡੱਬੀਆਂ ਵਾਲੇ ਖੇਸ ਦੀ ਬੁੱਕਲ ਤੇ ਹੱਥ ਵਿੱਚ ਤੂਤ ਦਾ ਖੂੰਡਾ ਫੜੀਂ ਉਹ ਬਾਬੇ ਦੇ ਬੁੱਤ ਕੋਲ ਹਵਾ ਵਾਂਗ ਆ ਖੜ੍ਹਾਂ।

ਲੋਕੋ! ਬਾਬੇ ਦੀਆਂ ਅੱਖਾਂ ਨੀਂ ਦੀਂਹਦੀਆਂ? ਦੇਖੋ! ਇਨ੍ਹਾਂ 'ਚੋਂ ਪਾਣੀ ਸਿੰਮ ਆਇਐ। ਤੇ ਦੇਖੋ! ਮਹਾਰਾਣੀ ਸਾਹਿਬ ਦੇ ਬੁੱਲ੍ਹਾਂ 'ਤੇ ਪੇਪੜੀ ਜੰਮ ਗਈ ਐ। ਜਦ ਹੀ ਉਸ ਨੇ ਮਹਾਰਾਣੀ ਵੱਲ ਉਂਗਲ ਕੀਤੀ ਤਾਂ ਮਹਾਰਾਣੀ ਨੇ ਹਾਰ ਮੋੜ ਕੇ ਉਸ ਸ਼ਾਹੀ ਠਾਠ ਵਾਲੇ ਬਜ਼ੁਰਗ ਨੂੰ ਹੀ ਫੜਾ ਦਿੱਤਾ। ਖੂੰਡੇ ਵਾਲਾ ਬਜ਼ੁਰਗ ਫੇਰ ਕੜਕਿਆ‘ਲੋਕੋ! ਥੋਡੀਆਂ ਅੱਖਾਂ ਕਿਉਂ ਫੁੱਟ ਗਈਆਂ? ਬਾਬੇ ਨੂੰ ਜੇਲ੍ਹ ਵਿੱਚ ਤਸੀਹੇ ਦੇ ਦੇ ਕੀਹਨੇ ਸ਼ਹੀਦ ਕੀਤਾ ਸੀ? ਬਾਬਾ ਜਦੋਂ ਜੇਲ੍ਹ ਦੀ ਕੋਠੜੀ ਵਿੱਚ ਚਾਲੀ ਦਿਨਾਂ ਦੀ ਭੁੱਖ ਤੇਹ ਕੱਟ ਕੇ ਬੇਸੁੱਧ ਹੋ ਗਿਆ ਸੀ ਤੇ ਉਸ ਦੀ ਸੁੰਧਕਦੀ ਲੋਥ ’ਤੇ ਮੱਖੀਆਂ ਭਿਣਕਦੀਆਂ ਸੀ ਤਾਂ ਇਹੀ ਮਹਾਰਾਣੀ ਸਾਹਿਬ ਜੇਲ੍ਹ ਵਿੱਚ ਜਾ ਕੇ ਉਦੋਂ ਬਾਬੇ ਦੇ ਸਰੀਰ ਨੂੰ ਦੇਖ ਕੇ ਖਿੜ

142
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ