ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾੜ ਹੁੰਦਾ ਜਾਂ ਸਿਆਲ, ਜੈਲਾ ਬਦਾਮੀ ਖੱਦਰ ਦੇ ਕੁੜਤੇ ਪਜਾਮੇ ਨਾਲ ਵਖ਼ਤ ਪੂਰਾ ਕਰੀਂ ਜਾਂਦਾ। ਸਿਆਲਾਂ ਵਿੱਚ ਖੱਦਰ ਉਸ ਨੂੰ ਠੰਡਾ ਨਹੀਂ ਸੀ ਲੱਗਦਾ ਤੇ ਹਾੜ੍ਹਾਂ ਵਿੱਚ ਮੁੜ੍ਹਕਾ ਨਹੀਂ ਸੀ ਲਿਆਉਂਦਾ। ਸਿਆਲਾਂ ਦੇ ਕੱਕਰਾਂ ਤੇ ਹਾੜ੍ਹੀ ਦੇ ਅੰਗਿਆਰਾਂ ਨਾਲ ਜਿਵੇਂ ਉਸ ਨੇ ਸਮਝੌਤਾ ਕੀਤਾ ਹੋਇਆ ਸੀ। ਸਿਆਲਾਂ ਵਿੱਚ ਨਹਾਉਣ ਨੂੰ ਕਦੇ ਉਸ ਨੂੰ ਕੋਸਾ ਪਾਣੀ ਨਹੀਂ ਸੀ ਮਿਲਿਆ। ਇਸ ਲਈ ਉਹ ਪੰਪ ਦੇ ਨਿੱਘੇ ਪਾਣੀ ਨਾਲ ਹੀ ਪੰਜ ਇਸ਼ਨਾਨਾ ਕਰਕੇ ਹੀ ਸਾਰ ਲੈਂਦਾ ਤੇ ਪਿੰਡੇ ਉਹ ਅੱਠਵੇਂ ਦਿਨ ਕੇਸੀ ਨਹਾਉਣ ਲੱਗਿਆ ਹੀ ਨਹਾਉਂਦਾ।

ਥਾਲੀ ਵਿੱਚ ਜਿੰਨੀਆਂ ਰੋਟੀਆਂ ਰੱਖ ਕੇ ਉਹ ਦੀ ਮਾਮੀ ਉਸ ਨੂੰ ਦੇ ਦਿੰਦੀ, ਉਹ ਓਨੀਆਂ ਹੀ ਖਾ ਕੇ ਖੜ੍ਹਾ ਹੋ ਜਾਂਦਾ ਤੇ ਆਪ ਮੂੰਹੋਂ ਕਦੇ ਹੋਰ ਰੋਟੀ ਨਹੀਂ ਸੀ ਮੰਗੀ। ਜਿੱਦਣ ਦਾ ਉਸ ਘਰ ਵਿੱਚ ਉਹ ਆਇਆ ਸੀ, ਦੁੱਧ ਕਦੇ ਮੂੰਹ ਨੂੰ ਲਾ ਕੇ ਨਹੀਂ ਸੀ ਦੇਖਿਆ। ਮੋਟੇ ਫੁੱਲ੍ਹੇ ਤੋ ਬੇਢਬੇ ਸਿਉਂਤੇ ਕੱਪੜੇ ਪਾ ਕੇ ਅਤੇ ਰੁੱਖੀ ਮਿੱਸੀ ਤੇ ਬੇਹੀ ਤਬੇਹੀ ਖਾ ਕੇ ਜੈਲਾ ਆਪਣੇ ਦਿਨ ਲੰਘਾਉਂਦਾ ਗਿਆ।

ਇੱਕ ਸਾਲ ਲੰਘ ਗਿਆ।ਜੈਲਾ ਤੇ ਸੁਰਜੀਤ ਦੋਵੇਂ ਦਸਵੀਂ ਵਿੱਚ ਹੋ ਗਏ।

ਭਾਵੇਂ ਘਰ ਦਾ ਉਤਲਾ ਕੰਮ ਉਸ ਦੇ ਸਿਰ ਚੜ੍ਹਿਆ ਹੀ ਰਹਿੰਦਾ, ਪਰ ਉਹ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਰੱਖਦਾ ਸੀ। ਜੈਲੇ ਦੀ ਮਾਂ ਕਦੇ ਚੌਥੇ ਪੰਜਵੇਂ ਮਹੀਨੇ ਗੇੜਾ ਮਾਰ ਜਾਂਦੀ ਤੇ ਉਸ ਦੀ ਸੁੱਖ ਸਾਂਦ ਲੈ ਜਾਂਦੀ। ਜੈਲਾ ਆਪ ਤਾਂ ਦੋ ਵਾਰ ਹੀ ਸਿਰਫ਼ ਪਿੰਡ ਗਿਆ ਸੀ। ਇੱਕ ਵਾਰੀ ਪਿਛਲੇ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਤੇ ਇੱਕ ਵਾਰੀ ਇਸ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ।

ਜੈਲੇ ਦੀ ਮਾਂ ਜਦ ਕਦੇ ਆਉਂਦੀ ਉਸ ਕੋਲ ਉਹ ਦੀ ਮਾਂਮੀ ਸੌ ਸੌ ਚਤਰਾਈਆਂ ਘੋਟਦੀ- ‘ਜੈਲੇ ਦਾ ਤਾਂ ਰਹਿਣ ਤੇ ਦੀਦਾ ਨੀ। ਨਣਦੇ, ਭਾਵੇਂ ਬੁਰਾ ਮਨਾਈ, ਧੀ ਭੈਣ ਦੀ ਆਣ ਤਾਂ ਇਹ ਨੂੰ ਡੱਕਾ ਨੀ।' ਜੈਲੇ ਦੀ ਮਾਂ ਕੌੜਾ ਕਸੈਲਾ ਕਰਕੇ ਸੁਣ ਲੈਂਦੀ ਤੇ ਮਾਮੀ ਹੋਰ ਕੁਫ਼ਰ ਤੋਲ ਦਿੰਦੀ- 'ਦਰਵਾਜ਼ੇ ਦੇ ਬਾਰ ਮੂਹਰੇ ਜਾ ਕੇ ਆਥਣੇ ਕੇਸ ਵਾਹੁਣ ਬੈਠ ਜਾਂਦੈ। ਕੁੜੀਆਂ ਮੁਟਿਆਰਾਂ ਲੰਘਦੀਆਂ ਨੇ ਤਾਂ ਅੱਖਾਂ ਪਾੜ ਪਾੜ ਦੇਖਦਾ ਘੰਟਾ ਘੰਟਾ ਉੱਥੇ ਈ ਖੜਾ ਰਹਿੰਦੈ, ਫੇਰ ਮੈਂ ਤਾਂ ਡਰਦੀਆਂ, ਕੋਈ ਉਲਾਂਭਾ ਨਾ ਖੱਟ ਦੇ।' ਤੇ ਫੇਰ ਆਪਣੇ ਪੁੱਤ ਦੀ ਵਡਿਆਈ ਮਾਰਦੀ- 'ਸੁਰਜੀਤ ਐ ਸਾਡਾ, ਧਰਤੀ ਉੱਤੋਂ ਅੱਖ ਨੀ ਚੁੱਕਦਾ। ਉਹਨੂੰ ਜਮਈਂ ਪਤਾ ਨਹੀਂ, ਬਈ ਇਹ ਕੀ ਗੱਲਾਂ ਹੁੰਦੀਐ।'

ਦਸਵੀਂ ਦੇ ਇਮਤਿਹਾਨ ਹੋਏ ਤੇ ਜੈਲਾ ਇਮਤਿਹਾਨ ਦੇ ਕੇ ਆਪਣੇ ਪਿੰਡ ਨੂੰ ਇਉਂ ਭੱਜ ਨਿਕਲਿਆ, ਜਿਵੇਂ ਜੇਲ੍ਹ ਵਿਚੋਂ ਕੈਦੀ।ਉਸ ਨੇ ਮਥ ਰੱਖੀ ਸੀ- 'ਭਾਵੇਂ ਫੇਲ੍ਹ ਹੋ ਜਾਵਾਂ, ਮੁੜਕੇ ਨਾਨਕੀ ਨੀ ਔਣਾ।' ਉਸ ਨੇ ਸਦਾ ਲਈ ਉਸ ਪਿੰਡ ਨੂੰ ਜਿਵੇਂ ਮੱਥਾ ਟੇਕ ਦਿੱਤਾ ਸੀ।

ਪਿੰਡ ਜਾ ਕੇ ਪੰਦਰਾਂ-ਵੀਹ ਦਿਨਾਂ ਪਿੱਛੋਂ ਹੀ ਜੈਲੇ ਨੇ ਪਿੰਡ ਦੀ ਕੋਆਪ੍ਰੇਟਿਵ ਬੈਂਕ ਵਿੱਚ ਕੱਚੀ ਨੌਕਰੀ ਕਰ ਲਈ। ਦਸਵੀਂ ਦੇ ਨਤੀਜੇ ਨਿਕਲੇ ਤਾਂ ਜੈਲਾ ਦੂਜੇ ਨੰਬਰ ਵਿੱਚ ਪਾਸ ਹੋਇਆ ਤੇ ਸੁਰਜੀਤ ਫੇਲ੍ਹ। ਉਸ ਨੂੰ ਮਹਿਸੂਸ ਹੋਇਆ, ਜਿਵੇਂ ਉਸ ਦੀ ਮਾਮੀ ਦੇ ਮਨ ਵਿੱਚ ਉਸ ਦਾ ਪਾਸ ਹੋ ਜਾਣਾ ਜੈਲੇ 'ਤੇ ਆਖ਼ਰੀ ਲਾਹਣਤ ਸੀ।

146

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ